ਖੁਸ਼ੀ ਮਨਾਉਣਾ ਹਰ ਕਿਸੇ ਦਾ ਹੱਕ, ਪਰ ਦੂਜਿਆਂ ਦੀ ਸੁਰੱਖਿਆ ਅਤੇ ਸ਼ਾਂਤੀ ਨਾਲ ਖਿਲਵਾੜ ਨਹੀਂ ਹੋਣ ਦੇਵਾਂਗੇ – SSP ਡਾ. ਜੋਤੀ ਯਾਦਵ ਬੈਂਸ
*ਨਵੇਂ ਸਾਲ ਦੇ ਸਵਾਗਤ ਲਈ ਖੰਨਾ ਪੁਲਿਸ ਪੂਰੀ ਤਰ੍ਹਾਂ ਸੁਚੇਤ, 31 ਦਸੰਬਰ ਦੀ ਰਾਤ ਸੜਕਾਂ ‘ਤੇ ਰਹੇਗੀ ਪੂਰੀ ਪੁਲਿਸ ਫੋਰਸ*
ਖੰਨਾ, 30 ਦਸੰਬਰ:( ਰਵਿੰਦਰ ਸਿੰਘ ਢਿੱਲੋਂ)
ਖੰਨਾ ਪੁਲਿਸ ਜ਼ਿਲ੍ਹੇ ਵਿੱਚ ਨਵੇਂ ਸਾਲ ਦੇ ਆਗਮਨ ਨੂੰ ਸ਼ਾਂਤੀਪੂਰਨ, ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਮਨਾਉਣ ਲਈ ਪੁਲਿਸ ਵੱਲੋਂ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਐਸਐਸਪੀ ਡਾ. ਜੋਤੀ ਯਾਦਵ ਬੈਂਸ (ਆਈਪੀਐਸ) ਦੀ ਅਗਵਾਈ ਹੇਠ ਖੰਨਾ ਪੁਲਿਸ ਪੂਰੀ ਤਰ੍ਹਾਂ ਅਲਰਟ ਮੋਡ ਵਿੱਚ ਹੈ ਅਤੇ ਹਰ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਣ ਲਈ ਤਿਆਰ ਹੈ।
ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਐਸਪੀ, ਡੀਐਸਪੀ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐਸਐਚਓ) ਨੂੰ ਸਪੱਸ਼ਟ ਅਤੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। 31 ਦਸੰਬਰ ਦੀ ਰਾਤ ਨੂੰ ਪੂਰੀ ਪੁਲਿਸ ਫੋਰਸ ਸੜਕਾਂ ‘ਤੇ ਤਾਇਨਾਤ ਰਹੇਗੀ ਅਤੇ ਸਾਰੇ ਸੰਵੇਦਨਸ਼ੀਲ ਖੇਤਰਾਂ ਵਿੱਚ ਖ਼ਾਸ ਚੌਕਸੀ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਪੁਲਿਸ ਦਾ ਪਹਿਲਾ ਫਰਜ਼ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਵੇਂ ਸਾਲ ਦੇ ਜਸ਼ਨਾਂ ਦੌਰਾਨ ਗੁੰਡਾਗਰਦੀ, ਹੂਲੜਬਾਜ਼ੀ, ਉੱਚੀ ਆਵਾਜ਼ ਵਿੱਚ ਸ਼ੋਰ, ਲੜਾਈ-ਝਗੜਾ ਜਾਂ ਕਾਨੂੰਨ ਵਿਵਸਥਾ ਭੰਗ ਕਰਨ ਦੀ ਕੋਈ ਵੀ ਕੋਸ਼ਿਸ਼ ਸਖ਼ਤੀ ਨਾਲ ਰੋਕੀ ਜਾਵੇਗੀ।
ਐਸਐਸਪੀ ਨੇ ਦੱਸਿਆ ਕਿ ਬਾਜ਼ਾਰਾਂ, ਮੁੱਖ ਚੌਰਾਹਿਆਂ, ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਪੁਲਿਸ ਦੀ ਵਿਸ਼ੇਸ਼ ਤਾਇਨਾਤੀ ਕੀਤੀ ਗਈ ਹੈ। ਪੁਲਿਸ ਟੀਮਾਂ ਲਗਾਤਾਰ ਗਸ਼ਤ ਕਰਨਗੀਆਂ ਅਤੇ ਸ਼ੱਕੀ ਗਤੀਵਿਧੀਆਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਖ਼ਿਲਾਫ਼ ਖ਼ਾਸ ਮੁਹਿੰਮ ਚਲਾਈ ਜਾਵੇਗੀ। ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਸਾਹ ਟੈਸਟਿੰਗ ਮਸ਼ੀਨਾਂ ਰਾਹੀਂ ਜਾਂਚ ਕੀਤੀ ਜਾਵੇਗੀ ਅਤੇ ਮੋਟਰ ਵਾਹਨ ਐਕਟ ਤਹਿਤ ਨਿਯਮ ਤੋੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਐਸਐਸਪੀ ਨੇ ਸਪੱਸ਼ਟ ਕਿਹਾ ਕਿ ਸੜਕ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਅੰਤ ਵਿੱਚ ਐਸਐਸਪੀ ਡਾ. ਜੋਤੀ ਯਾਦਵ ਬੈਂਸ ਨੇ ਜ਼ਿਲ੍ਹਾ ਵਾਸੀਆਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਅਪੀਲ ਕੀਤੀ ਕਿ ਨਵਾਂ ਸਾਲ ਜ਼ਿੰਮੇਵਾਰੀ, ਸੰਜਮ ਅਤੇ ਸੁਰੱਖਿਆ ਨਾਲ ਮਨਾਇਆ ਜਾਵੇ। ਉਨ੍ਹਾਂ ਕਿਹਾ, “ਖੁਸ਼ੀ ਮਨਾਉਣਾ ਹਰ ਕਿਸੇ ਦਾ ਹੱਕ ਹੈ, ਪਰ ਦੂਜਿਆਂ ਦੀ ਸੁਰੱਖਿਆ ਅਤੇ ਸ਼ਾਂਤੀ ਨਾਲ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ।” ਉਨ੍ਹਾਂ ਭਰੋਸਾ ਦਿੱਤਾ ਕਿ ਖੰਨਾ ਪੁਲਿਸ ਹਰ ਕਦਮ ‘ਤੇ ਜਨਤਾ ਦੀ ਸੁਰੱਖਿਆ ਲਈ ਉਨ੍ਹਾਂ ਦੇ ਨਾਲ ਖੜ੍ਹੀ ਹੈ।