ਨਵਾਂ ਸਾਲ ਮੁਬਾਰਕ! ਜਨਵਰੀ ਦੌਰਾਨ ਅਸਮਾਨ ’ਚ ਕੀ ਹੋਵੇਗਾ ਖ਼ਾਸ?
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 31 ਦਸੰਬਰ 2025: -ਜਨਵਰੀ 2026 ਉੱਤਰੀ ਗੋਲਾਰਧ (Northern Hemisphere) ਵਿੱਚ ਸਰਦੀਆਂ ਦੀਆਂ ਕਾਲੀਆਂ ਰਾਤਾਂ ਅਤੇ ਦੱਖਣੀ ਗੋਲਾਰਧ (Southern 8emisphere) ਵਿੱਚ ਗਰਮੀਆਂ ਦੀਆਂ ਸ਼ਾਮਾਂ ਲੈ ਕੇ ਆ ਰਿਹਾ ਹੈ। ਤੁਸੀਂ ਦੁਨੀਆ ਵਿੱਚ ਕਿਤੇ ਵੀ ਹੋਵੋ, ਇਹ ਮਹੀਨਾ ਤਾਰੇ ਦੇਖਣ ਲਈ ਬਹੁਤ ਵਧੀਆ ਹੈ। ਇਸ ਸਾਲ ਦੀ ਸ਼ੁਰੂਆਤ ‘ਕੁਆਡਰੈਂਟਿਡ ਉਲਕਾ ਵਰਖਾ’ (Quadrantid meteor shower) ਅਤੇ ਚਮਕਦਾਰ ‘ਵੁਲਫ ਮੂਨ’ (Wolf Moon) ਨਾਲ ਹੋਵੇਗੀ। ਬ੍ਰਹਸਪਤੀ (Jupiter) ਵੀ ਆਪਣੇ ਸਿਖਰ ’ਤੇ ਚਮਕੇਗਾ, ਅਤੇ ਤੁਸੀਂ ਚੰਦਰਮਾ-ਨੈਪਚੂਨ-ਸ਼ਨੀ ਦਾ ਇੱਕ ਦਿਲਚਸਪ ਮੇਲ ਵੀ ਦੇਖ ਸਕੋਗੇ।
ਜਿਵੇਂ 3 ਜਨਵਰੀ ਧਰਤੀ ਸੂਰਜ ਦੇ ਸਭ ਤੋਂ ਨੇੜੇ ਹੋਵੇਗੀ। 3 ਜਨਵਰੀ ਨੂੰ ਪੂਰਨਮਾਸ਼ੀ (Full Moon) ਜਿਸ ਨੂੰ ‘ਵੁਲਫ ਮੂਨ’ ਕਿਹਾ ਜਾਂਦਾ ਹੈ, ਆਪਣੇ ਪੂਰੇ ਜਲੌਅ ਵਿੱਚ ਹੋਵੇਗੀ। ਪੁਰਾਣੇ ਸਮਿਆਂ ਵਿੱਚ ਲੋਕਾਂ ਦਾ ਮੰਨਣਾ ਸੀ ਕਿ ਸਾਲ ਦੇ ਇਸ ਹਿੱਸੇ ਵਿੱਚ ਬਘਿਆੜ (Wolves) ਸ਼ਿਕਾਰ ਅਤੇ ਇਲਾਕੇ ਦੀ ਨਿਸ਼ਾਨਦੇਹੀ ਲਈ ਜ਼ਿਆਦਾ ਉੱਚੀ ਹੂਕਾਂ ਮਾਰਦੇ ਹਨ।
3–4 ਜਨਵਰੀ ਕੁਆਡਰੈਂਟਿਡ ਉਲਕਾ ਵਰਖਾਸਾਲ ਦੀ ਪਹਿਲੀ ਵੱਡੀ ਉਲਕਾ ਵਰਖਾ, ਜਿਸ ਵਿੱਚ ਪ੍ਰਤੀ ਘੰਟਾ 80 ਉਲਕਾ ਦੇਖੇ ਜਾਣ ਦੀ ਸੰਭਾਵਨਾ ਹੈ। ਉਲਕਾ ਵਰਖਾ ਦੀ ਖ਼ਾਸੀਅਤ ਇਹ ਹੈ ਕਿ ਇਸ ਦਾ ਸਿਖਰ (Peak) ਸਿਰਫ਼ ਕੁਝ ਘੰਟਿਆਂ ਲਈ ਹੀ ਰਹਿੰਦਾ ਹੈ। ਹਾਲਾਂਕਿ ਪੂਰਨਮਾਸ਼ੀ ਦੀ ਰੌਸ਼ਨੀ ਕਾਰਨ ਛੋਟੇ ਉਲਕਾ ਦੇਖਣੇ ਮੁਸ਼ਕਲ ਹੋ ਸਕਦੇ ਹਨ, ਪਰ ਇਹ ਵਰਖਾ ਆਪਣੇ ਚਮਕਦਾਰ ‘ਫਾਇਰਬਾਲ’ (Fireball) ਉਲਕਾ ਲਈ ਜਾਣੀ ਜਾਂਦੀ ਹੈ ਜੋ ਆਸਾਨੀ ਨਾਲ ਦਿਖਾਈ ਦੇ ਸਕਦੇ ਹਨ।
10 ਜਨਵਰੀ ਬ੍ਰਹਸਪਤੀ ਵਿਰੋਧ (Opposition) ਇਸ ਦਿਨ ਬ੍ਰਹਸਪਤੀ ਸੂਰਜ ਦੇ ਬਿਲਕੁਲ ਉਲਟ ਹੋਵੇਗਾ ਅਤੇ ਪੂਰੀ ਰਾਤ ਚਮਕਦਾਰ ਦਿਖਾਈ ਦੇਵੇਗਾ। ਇਸ ਦਾ ਮਤਲਬ ਹੈ ਕਿ ਧਰਤੀ, ਸੂਰਜ ਅਤੇ ਬ੍ਰਹਸਪਤੀ ਦੇ ਵਿਚਕਾਰ ਹੋਵੇਗੀ। ਇਹ ਗ੍ਰਹਿ ਨੂੰ ਦੇਖਣ ਦਾ ਸਭ ਤੋਂ ਵਧੀਆ ਸਮਾਂ ਹੈ ਕਿਉਂਕਿ ਇਹ ਧਰਤੀ ਦੇ ਨੇੜੇ ਹੋਵੇਗਾ ਅਤੇ ਸੂਰਜ ਡੁੱਬਣ ਤੋਂ ਲੈ ਕੇ ਸੂਰਜ ਚੜ੍ਹਨ ਤੱਕ ਪੂਰੀ ਰਾਤ ਦਿਖਾਈ ਦੇਵੇਗਾ।
23 ਜਨਵਰੀ ਚੰਦਰਮਾ, ਨੈਪਚੂਨ ਅਤੇ ਸ਼ਨੀ ਇੱਕ ਕਤਾਰ ਵਿੱਚ ਦਿਖਾਈ ਦੇਣਗੇ। 30–31 ਜਨਵਰੀ ਚੰਦਰਮਾ ਅਤੇ ਬ੍ਰਹਸਪਤੀ ਅਸਮਾਨ ਵਿੱਚ ਇੱਕ-ਦੂਜੇ ਦੇ ਬਹੁਤ ਨੇੜੇ ਹੋਣਗੇ।
ਅਸਮਾਨ ਦੇਖਣ ਲਈ 5 ਆਸਾਨ ਨੁਕਤੇ (ਬਿਨਾਂ ਕਿਸੇ ਉਪਕਰਨ ਦੇ): ਸੂਰਜ ਡੁੱਬਣ ਤੋਂ ਬਾਅਦ ਦੇਖੋ: ਗ੍ਰਹਿਆਂ ਅਤੇ ਚਮਕਦਾਰ ਤਾਰਿਆਂ ਨੂੰ ਦੇਖਣ ਦਾ ਇਹ ਸਭ ਤੋਂ ਵਧੀਆ ਸਮਾਂ ਹੈ। ਨਾਈਟ ਸਕਾਈ ਮੈਪ ਦੀ ਵਰਤੋਂ ਕਰੋ: ਰੀਅਲ-ਟਾਈਮ ਵਿੱਚ ਤਾਰਿਆਂ ਦੀ ਪਛਾਣ ਕਰਨ ਲਈ ਮੋਬਾਈਲ ਐਪਸ ਦੀ ਮਦਦ ਲਓ।
ਚੰਦਰਮਾ ’ਤੇ ਨਜ਼ਰ ਰੱਖੋ: ਚੰਦਰਮਾ ਨੂੰ ਦੇਖਣਾ ਸਭ ਤੋਂ ਆਸਾਨ ਹੈ, ਇਸ ਦੀਆਂ ਬਦਲਦੀਆਂ ਕਲਾਵਾਂ (Phases) ਨੂੰ ਟਰੈਕ ਕਰੋ। ਹਨੇਰੀ ਜਗ੍ਹਾ ਲੱਭੋ: ਸ਼ਹਿਰ ਦੀਆਂ ਬੱਤੀਆਂ ਤੋਂ ਦੂਰ ਜਾਓ ਅਤੇ ਆਪਣੀਆਂ ਅੱਖਾਂ ਨੂੰ 15-20 ਮਿੰਟ ਲਈ ਹਨੇਰੇ ਵਿੱਚ ਸੈੱਟ ਹੋਣ ਦਿਓ। ਮੌਸਮ ਦੀ ਜਾਂਚ ਕਰੋ: ਸਾਫ਼ ਅਸਮਾਨ ਲਈ ਪਹਿਲਾਂ ਹੀ ਮੌਸਮ ਦੀ ਭਵਿੱਖਬਾਣੀ ਦੇਖ ਲਓ।