ਨਵੇਂ ਵਰ੍ਹੇ ’ਤੇ ਵਿਸ਼ੇਸ਼ - ਪੌਣੀ ਸਦੀ ਜਮ੍ਹਾਂ ਸਵਾ ਤਿੰਨ ਵਰ੍ਹੇ - ਗੁਰਮੀਤ ਸਿੰਘ ਪਲਾਹੀ
ਪੌਣੀ ਸਦੀ ਤੋਂ ਬਾਅਦ ਸਵਾ ਤਿੰਨ ਵਰ੍ਹੇ ਅਤੇ ਅੱਧਾ ਮਹੀਨਾ ਬੀਤ ਗਿਆ ਹੈ। ਨਵਾਂ ਵਰ੍ਹਾ ਚੜ੍ਹ ਗਿਆ ਹੈ। ਇਨ੍ਹਾਂ ਵਰ੍ਹਿਆਂ ’ਚ ਦੇਸ਼ ਦੇ ਲੋਕਾਂ ਨੇ ਕਈ ਰੰਗ ਵੇਖੇ ਹਨ, ਪਰ ਇੱਕ ਰੰਗ ਤੋਂ ਅਸੀਂ ਭਾਰਤੀ ਛੁਟਕਾਰਾ ਨਹੀਂ ਪਾ ਸਕੇ। ਸਗੋਂ ਇਹ ਰੰਗ ਇੰਨਾ ਗੂੜ੍ਹਾ ਹੋ ਗਿਆ ਹੈ, ਸਾਡੇ ਹੱਡਾਂ ’ਚ ਇੰਨਾ ਰਚ-ਰਚਾ ਦਿੱਤਾ ਗਿਆ ਹੈ ਕਿ ਧੋਣ ਨਾਲ਼ ਹੋਰ ਗੂੜ੍ਹਾ ਹੋ ਰਿਹਾ ਹੈ। ਇਹ ਹੈ ਕਾਲਾ ਰੰਗ-ਗ਼ੁਰਬਤ ਦਾ, ਗ਼ਰੀਬੀ ਦਾ, ਕੰਗਾਲੀ ਦਾ, ਦਰਿੱਦਰਤਾ ਦਾ, ਥੁੜ੍ਹਾਂ ਦਾ, ਨਿਰਧਨਤਾ ਦਾ, ਮੁਥਾਜੀ ਦਾ।
ਥੁੜ੍ਹਾਂ ਮਾਰੇ ਭਾਰਤੀ ਲੋਕਾਂ ਵੱਲੋਂ ਦਰਿੱਦਰਤਾ ਨਾਲ਼ ਲੜਾਈ ਲੜਦਿਆਂ ਸਦੀਆਂ ਬੀਤ ਗਈਆਂ। ਸਾਧਨ-ਵਿਹੂਣੇ ਲੋਕ ਆਪਣੇ ਆਪ ਨੂੰ ਜਿਉਂਦਿਆਂ ਰੱਖਣ ਲਈ ਸਾਧਨ-ਭਰਪੂਰ ਹੈਂਕੜਬਾਜ਼ ਹਾਕਮਾਂ ਨਾਲ਼ ਜੰਗ-ਯੁੱਧ ਲੜਦੇ ਰਹੇ, ਹੱਕਾਂ ਲਈ ਸੰਘਰਸ਼ ਕਰਦੇ ਰਹੇ। ਅੱਖਾਂ ’ਚ ਚੰਗੀ ਜ਼ਿੰਦਗੀ ਜਿਉਣ ਦੇ ਸੁਪਨੇ ਸੰਜੋਅ ਕੇ ਕੁਰਬਾਨੀਆਂ ਦਿੰਦੇ ਰਹੇ, ਪਰ ਇਹ ਕੁਰਬਾਨੀਆਂ ਚਤੁਰ ਹਾਕਮਾਂ ਦੀਆਂ ਕੋਝੀਆਂ ਚਾਲਾਂ ਅੱਗੇ ਫਿੱਕੀਆਂ ਪੈਂਦੀਆਂ ਰਹੀਆਂ। ਸਾਜ਼ਸ਼ੀ, ਸਵਾਰਥੀ ਹੁਕਮਰਾਨ ਆਮ ਲੋਕਾਂ ਨੂੰ ਲਿਤਾੜ ਕੇ ਉਹਨਾਂ ਦੇ ਸਾਧਨਾਂ ’ਤੇ ਮੁੜ ਕਾਬਜ਼ ਹੁੰਦੇ ਰਹੇ।
ਇਹੋ ਕੁਝ ਲਗਾਤਾਰ ਕੀਤੀਆਂ ਗਈਆਂ ਵੱਡੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਦੇ ਬਾਵਜੂਦ ਭਾਰਤੀਆਂ ਨਾਲ਼ ਵਾਪਰਦਾ ਰਿਹਾ। ਅੱਜ ਦੇਸ਼ ’ਤੇ ਉਹ ਲੋਕ ਕਾਬਜ਼ ਹਨ ਜਿਨ੍ਹਾਂ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਮਾਸਾ-ਤੋਲਾ ਵੀ ਹਿੱਸਾ ਨਹੀਂ ਪਾਇਆ, ਪਰ ਉਹ ਅੱਜ ਦੇਸ਼ ਦੇ ਅਖੌਤੀ ਮਾਲਕ ਹਨ। ਗ਼ਰੀਬੀ ਦੇ ਮਾਰੇ ਭਾਰਤੀਆਂ ਨਾਲ਼ ਦੇਸ਼ ਦੇ ਹਾਕਮਾਂ ਵੱਲੋਂ ਜਿਸ ਢੰਗ ਨਾਲ਼ ਸਲੂਕ ਕੀਤਾ ਜਾ ਰਿਹਾ ਹੈ, ਉਹ ਕਿਸੇ ਵੀ ਹਾਲਤ ਵਿੱਚ ਅੱਜ ਦੇ ਸਭਿਅਕ ਸਮਾਜ ਵਿੱਚ ਨਿੰਦਣਯੋਗ ਹੈ।
ਭਾਰਤ ਹਾਲੇ ਤੱਕ ਹਿੰਦੂ ਰਾਸ਼ਟਰ ਨਹੀਂ ਬਣਿਆ, ਜਿਸ ਨੂੰ ਬਣਾਉਣ ਲਈ ਮੌਜੂਦਾ ਹਾਕਮ ਪੱਬਾਂ ਭਾਰ ਹਨ, ਲੇਕਿਨ ਹਿੰਦੂ ਰਾਸ਼ਟਰ ਦੀਆਂ ਕੁਝ ਝਾਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਮਾਣ ਨਾਲ਼ ਆਪਣੇ ਆਪ ਨੂੰ “ਬੁਲਡੋਜ਼ਰ ਬਾਬਾ” ਕਹਿੰਦੇ ਹਨ, ਲੇਕਿਨ ਉਹਨਾਂ ਦੇ ਬੁਲਡੋਜ਼ਰ ਕਦੇ ਹਿੰਦੂ ਅਪਰਾਧੀਆਂ ਦੇ ਘਰ ਨਹੀਂ ਤੋੜਦੇ। ਮੁਸਲਮਾਨਾਂ ਦੇ ਘਰ ਟੁੱਟਦੇ ਹਨ - ਬਿਨਾਂ ਅਦਾਲਤ ਵਿੱਚ ਅਪਰਾਧ ਸਾਬਤ ਕੀਤਿਆਂ।
ਕਿਹੋ ਜਿਹੀ ਉਲਟੀ-ਪੁਲਟੀ ਹਿੰਦੂ ਰਾਸ਼ਟਰ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਹਾਕਮਾਂ ਵੱਲੋਂ, ਜਿੱਥੇ ਧਰਮ ਦੇਖ ਕੇ ਜੇਲ੍ਹ ਭੇਜਿਆ ਜਾ ਰਿਹਾ ਹੈ। ਸਥਿਤੀ ਇਹ ਬਣਾਈ ਜਾ ਰਹੀ ਹੈ ਕਿ ਧਰਮ ਦੇਖ ਕੇ ਬੁਲਡੋਜ਼ਰ ਭੇਜਣ ਦੀ ਪ੍ਰਵਿਰਤੀ ਜ਼ੋਰ ਫੜ ਰਹੀ ਹੈ, ਜਦਕਿ ਦੇਸ਼ ਦੀ ਸੁਪਰੀਮ ਕੋਰਟ ਨੇ “ਬੁਲਡੋਜ਼ਰ ਇਨਸਾਫ਼” ਨੂੰ ਸਰਾਸਰ ਗ਼ਲਤ ਕਿਹਾ ਹੈ।
ਪਰ ਇਨਸਾਫ਼ ਦਾ ਇੱਕ ਹੋਰ ਰੰਗ ਧਿਆਨ ਖਿੱਚਦਾ ਹੈ। ਪਿਛਲੇ ਹਫ਼ਤੇ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ ਦਿੱਲੀ ਦੀ ਇੱਕ ਅਦਾਲਤ ਨੇ ਘੱਟ ਕਰ ਦਿੱਤੀ। ਭਾਜਪਾ ਦੇ ਇਸ ਵਿਧਾਇਕ ਨੂੰ 2017 ਵਿੱਚ ਇੱਕ ਨਾਬਾਲਗ ਲੜਕੀ ਨਾਲ਼ ਉਨਾਵ ਵਿੱਚ ਬਲਾਤਕਾਰ ਕਰਨ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਦਿੱਲੀ ਦੀ ਅਦਾਲਤ ਨੇ ਇਸ ਆਧਾਰ ’ਤੇ ਸਜ਼ਾ ਘੱਟ ਕਰ ਦਿੱਤੀ ਕਿ ਪੋਕਸੋ ਦੇ ਤਹਿਤ ਵਿਧਾਇਕ ਨੂੰ ਸਰਕਾਰੀ ਅਧਿਕਾਰੀ ਨਹੀਂ ਮੰਨਿਆ ਜਾ ਸਕਦਾ। ਕੁਲਦੀਪ ਸਿੰਘ ਸੇਂਗਰ ਜੇਲ੍ਹ ਵਿੱਚ ਹੀ ਰਹੇਗਾ, ਕਿਉਂਕਿ ਜਿਸ ਬੱਚੀ ਨਾਲ਼ ਬਲਾਤਕਾਰ ਕੀਤਾ ਗਿਆ ਸੀ, ਉਸ ਦੇ ਪਿਤਾ ਦੀ ਹੱਤਿਆ ਵੀ ਇਸ ਵੱਲੋਂ ਕੀਤੀ ਗਈ ਸੀ।
ਇਹੋ ਜਿਹੀਆਂ ਘਟਨਾਵਾਂ ਪੌਣੀ ਸਦੀ ਤੋਂ ਵੱਧ ਅਰਸਾ ਬੀਤਣ ਬਾਅਦ ਇਹ ਸਿੱਧ ਨਹੀਂ ਕਰਦੀਆਂ ਕਿ ਭਾਰਤ ਹਿੰਦੂ ਰਾਸ਼ਟਰ ਬਣਨ ਵੱਲ ਅੱਗੇ ਵੱਧ ਰਿਹਾ ਹੈ ਅਤੇ ਧਰਮ-ਨਿਰਪੱਖਤਾ ਅਤੇ ਬਹੁਲਵਾਦ ਦੀ ਕੋਈ ਵੀ ਥਾਂ ਇਸ ਦੇਸ਼ ਵਿੱਚ ਨਹੀਂ ਰਹੇਗੀ? ਹਾਕਮਾਂ ਦਾ ਵਰਤਾਰਾ ਸਿੱਧਾ ਤੇ ਸਪੱਸ਼ਟ ਵਿਖਾਈ ਦੇ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਭਾਰਤੀ ਸੰਵਿਧਾਨ ਦੀ ਇਸ ਹਿੰਦੂ ਰਾਸ਼ਟਰ ਵਿੱਚ ਹੱਤਿਆ ਕੀਤੀ ਜਾਣ ਵਾਲੀ ਹੈ। ਜੇਕਰ ਇੰਞ ਵਾਪਰਦਾ ਹੈ ਤਾਂ ਭਾਰਤ ਦੇ ਅੰਦਰ ਉਸੇ ਕਿਸਮ ਦੀ ਅਰਾਜਕਤਾ ਵੇਖਣ ਨੂੰ ਮਿਲੇਗੀ, ਜਿਹੋ-ਜਿਹੀ ਅੱਜ ਬੰਗਲਾਦੇਸ਼ ਜਾਂ ਪਾਕਿਸਤਾਨ ਵਿੱਚ ਮਿਲਦੀ ਹੈ।
ਅਸਲ ਵਿੱਚ ਦੇਸ਼ ਵਿੱਚ ਨਫ਼ਰਤ ਦੇ ਆਸਾਰ ਬਣਾਕੇ ਸੰਵਿਧਾਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਬੇਰੁਜ਼ਗਾਰੀ ਦਾ ਦੈਂਤ ਦੇਸ਼ ਵਿੱਚ ਫਨ ਫੈਲਾਈ ਬੈਠਾ ਹੈ। ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ,ਪਰਵਾਸ ਝੱਲ ਰਹੇ ਹਨ,ਡਿਗਰੀਆਂ ਹੱਥਾਂ ਵਿੱਚ ਹਨ, ਨੌਕਰੀਆਂ ਨਾ-ਬਰਾਬਰ ਹਨ। ਪਰ ਦੇਸ਼ ਦੇ ਹਾਕਮ ਚੋਣਾਂ ਵੇਲੇ ਵੱਡੇ ਲਾਰੇ ਲਾਉਂਦੇ ਹਨ, ਕਰੋੜਾਂ ਨੌਕਰੀਆਂ ਦੀ ਬਰਕਤ ਲੋਕਾਂ ਪੱਲੇ ਪਾਉਂਦੇ ਹਨ ਅਤੇ ਫਿਰ ਘੁਰਨਿਆਂ ’ਚ ਵੜ ਜਾਂਦੇ ਹਨ।
ਮੁਫ਼ਤ ਰਾਸ਼ਨ ਦੇ ਕੇ ਲੋਕਾਂ ਦੇ ਢਿੱਡ ਨੂੰ ਝੁਲਕਾ ਦੇਣ ਦੀਆਂ ਗੱਲਾਂ ਕਰਕੇ, ਉਹਨਾਂ ਨੂੰ ਪਰਚਾਉਣ ਦਾ ਯਤਨ ਦੇਸ਼ ਭਾਰਤ ਲਈ ਦੁਨੀਆ ਭਰ ਵਿੱਚ ਸ਼ਰਮਿੰਦਗੀ ਦਾ ਵੱਡਾ ਜਲੋਅ ਹੈ। ਪੌਣੀ ਸਦੀ ਤੋਂ ਸਵਾ ਤਿੰਨ ਵਰ੍ਹਿਆਂ ਬਾਅਦ, ਭਾਵ 78 ਸਾਲਾਂ ਬਾਅਦ ਵੀ, ਦੇਸ਼ ਦੀ ਕੁੱਲ 140 ਕਰੋੜ ਤੋਂ ਵੱਧ ਆਬਾਦੀ ਵਿੱਚੋਂ 80 ਕਰੋੜ ਲੋਕ ਮੁਫ਼ਤ ਅਨਾਜ ਪ੍ਰਾਪਤ ਕਰ ਰਹੇ ਹਨ।
ਦੇਸ਼ ਕਾਰਪੋਰੇਟਾਂ ਦੇ ਹੱਥਾਂ ’ਚ ਵੇਚਿਆ ਜਾ ਰਿਹਾ ਹੈ। ਬੁਨਿਆਦੀ ਢਾਂਚੇ ਦੀ ਉਸਾਰੀ ਦੇ ਨਾਂ ’ਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ। “ਸਭ ਦਾ ਵਿਕਾਸ” ਦੇ ਨਾਂ ’ਤੇ ਕਾਰਪੋਰੇਟ ਜਗਤ ਦਾ ਢਿੱਡ ਭਰਿਆ ਜਾ ਰਿਹਾ ਹੈ। ਪਰ ਇਹਨਾਂ ਵੱਡੀਆਂ ਹਾਈਵੇਜ਼ ਦਾ ਅਸਲ ਫ਼ਾਇਦਾ ਕਿਸ ਨੂੰ ਹੈ? ਕਿਸ ਵਰਗ ਦੀ ਆਮਦਨ ਵੱਧ ਰਹੀ ਹੈ? ਕਿਹੜਾ ਵਰਗ ਇਸ ਵਿਕਾਸ ਤੋਂ ਪੀੜਤ ਹੋ ਰਿਹਾ ਹੈ? ਕਿਸ ਵਰਗ ਦੀਆਂ ਜੇਬਾਂ ਕੱਟੀਆਂ ਜਾ ਰਹੀਆਂ ਹਨ?
ਆਖ਼ਰ ਦੇਸ਼ ਦੇ ਕੁਝ ਲੋਕ ਹੀ ਕੁਦਰਤੀ ਸਾਧਨਾਂ ਦੇ ਮਾਲਕ ਕਿਵੇਂ ਬਣਾਏ ਜਾ ਰਹੇ ਹਨ? ਇਸ ਪਿੱਛੇ ਕਿਹੜੀ ਸਾਜ਼ਿਸ਼ ਹੈ? ਕਾਰਪੋਰੇਟਾਂ ਅਤੇ ਹਾਕਮਾਂ ਦਾ ਗੱਠਜੋੜ ਪੌਣੀ ਸਦੀ ਬੀਤਣ ਤੋਂ ਬਾਅਦ ਦੇਸ਼ ਨੂੰ ਕਿਹੜੀ ਰਾਹ ’ਤੇ ਲੈ ਕੇ ਜਾ ਰਿਹਾ ਹੈ?
ਕਾਰਪੋਰੇਟਿਵ ਵਿਕਾਸ ਨੇ ਕੁਦਰਤ ਦਾ ਢਿੱਡ ਪਾੜ ਦਿੱਤਾ ਹੈ। ਮਨੁੱਖੀ ਕਿਰਤ ਨੂੰ ਖ਼ਤਮ ਕਰਨ ਦਾ ਯਤਨ ਕੀਤਾ ਗਿਆ ਹੈ। ਹਰ ਪਾਸੇ ਕਚਰਾ ਹੀ ਕਚਰਾ, ਗੰਦਗੀ ਦੇ ਢੇਰ ਹਨ। ਅੱਜ ਦਰਿਆਵਾਂ, ਪਹਾੜਾਂ ਦੀ ਸੋਹਣੀ ਧਰਤੀ ਗੰਦਗੀ ਦਾ ਢੇਰ ਬਣਾ ਦਿੱਤੀ ਗਈ ਹੈ। ਸਿੱਟਾ ਹੜ੍ਹਾਂ ’ਚ ਨਿਕਲਿਆ। ਵਾਤਾਵਰਨ ’ਚ ਪ੍ਰਦੂਸ਼ਣ ਵਧਿਆ। ਬਿਮਾਰੀਆਂ ’ਚ ਵਾਧਾ ਹੋਇਆ।
ਪ੍ਰਦੂਸ਼ਣ ਨੇ ਮਨੁੱਖ ਦੇ ਦੁੱਖਾਂ ’ਚ ਵਾਧਾ ਕੀਤਾ। ਬਿਮਾਰੀਆਂ ਦੇ ਇਲਾਜ ਲਈ ਨਵੀਆਂ ਦਵਾਈਆਂ ਦੀ ਖੋਜ ਹੋਈ। ਦਵਾਈਆਂ ਅਤੇ ਇਲਾਜ ਮਹਿੰਗੇ ਭਾਅ ਹੋ ਗਏ, ਪਰ ਇਹ ਸਧਾਰਨ ਮਨੁੱਖ ਦੀ ਪਹੁੰਚ ਤੋਂ ਦੂਰ ਰਹੇ। ਸਿੱਟਾ ਇਹ ਕਿ ਭਾਰਤ ’ਚ ਬੱਚਿਆਂ ਦੀ ਉਮਰ ਪੰਜ ਸਾਲ ਪੂਰੇ ਹੋਣ ਤੋਂ ਪਹਿਲਾਂ ਵੱਡੀ ਗਿਣਤੀ ਵਿੱਚ ਮੌਤ ਹੋ ਜਾਂਦੀ ਹੈ, ਕਿਉਂਕਿ ਉਹ ਕੁਪੋਸ਼ਣ ਦਾ ਸ਼ਿਕਾਰ ਰਹਿੰਦੇ ਹਨ।
ਦੇਸ਼, ਜਿਸ ਨੇ ਅਜ਼ਾਦੀ ਤੋਂ ਬਾਅਦ ਪੌਣੀ ਸਦੀ ਤੋਂ ਵੱਧ ਦਾ ਸਮਾਂ ਗੁਜ਼ਾਰ ਲਿਆ ਹੋਵੇ, ਆਪਣੇ ਭਵਿੱਖ - ਬੱਚਿਆਂ ਦੀ ਸਿਹਤ ਅਤੇ ਸਿੱਖਿਆ ਦੀ ਗਰੰਟੀ ਵੀ ਨਹੀਂ ਦੇ ਸਕਿਆ। ਅੱਜ ਇੱਕ ਪਾਸੇ ਪੰਜ-ਸਟਾਰ ਹਸਪਤਾਲ ਅਤੇ ਪਬਲਿਕ ਸਕੂਲ ਹਨ, ਦੂਜੇ ਪਾਸੇ ਆਮ ਲੋਕਾਂ ਲਈ ਗਏ-ਗੁਜ਼ਰੇ ਹਸਪਤਾਲ ਅਤੇ ਸਕੂਲ ਹਨ, ਜਿਨ੍ਹਾਂ ਵਿੱਚ ਕੋਈ ਸੁਵਿਧਾਵਾਂ ਹੀ ਨਹੀਂ। ਲੱਖਾਂ ਬੱਚੇ ਅੱਜ ਵੀ ਸਕੂਲਾਂ ਦਾ ਮੂੰਹ ਨਹੀਂ ਵੇਖਦੇ। ਲੱਖਾਂ ਬੱਚੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਵੀ ਪੂਰੀ ਨਹੀਂ ਕਰ ਸਕਦੇ। ਉਹਨਾਂ ਨੂੰ ਬਾਲ-ਮਜ਼ਦੂਰੀ ਵਿੱਚ ਧੱਕ ਦਿੱਤਾ ਜਾਂਦਾ ਹੈ। ਨਾ ਸਿਰਾਂ ’ਤੇ ਛੱਤ, ਨਾ ਪਹਿਨਣ ਲਈ ਕੱਪੜੇ।
ਤਾਂ ਫਿਰ 78 ਸਾਲ ਅਜ਼ਾਦੀ ਦੇ ਆਖਰ ਕਿਹੜੇ ਲੇਖੇ ਲੱਗੇ ਹਨ? ਨਵਾਂ ਸਾਲ ਮੁਬਾਰਕ ਕਹਿਣ ਨੂੰ ਜੀਅ ਕਰਦਾ ਹੈ ਸਭ ਨੂੰ, ਤਾਂ ਆਓ ਵੇਖੀਏ ਵਿਸ਼ਵ ਪੱਧਰ ’ਤੇ ਅਸੀਂ ਕਿੱਥੇ ਖੜੇ ਹਾਂ।
* ਭੁੱਖਮਰੀ ਵਿੱਚ ਵਿਸ਼ਵ ਦੇ 123 ਦੇਸ਼ਾਂ ਵਿੱਚ ਭਾਰਤ ਦੀ ਥਾਂ 102ਵੀਂ ਹੈ।
* ਭਾਰਤੀ ਲੋਕਾਂ ਦੀ ਔਸਤ ਆਮਦਨ 2.15 ਡਾਲਰ ਪ੍ਰਤੀ ਦਿਨ ਹੈ।
* ਸਿਹਤ ਸੁਵਿਧਾਵਾਂ ਵਿੱਚ ਭਾਰਤ ਦਾ ਸਥਾਨ 195 ਦੇਸ਼ਾਂ ਵਿੱਚ 145ਵਾਂ ਹੈ।
* ਭਾਰਤ ਦੀ ਕਿਸੇ ਵੀ ਯੂਨੀਵਰਸਿਟੀ ਦਾ ਨਾਂ ਦੁਨੀਆ ਦੀਆਂ ਪਹਿਲੀਆਂ 100 ਯੂਨੀਵਰਸਿਟੀਆਂ ਵਿੱਚ ਸ਼ਾਮਿਲ ਨਹੀਂ ਹੈ।
* ਵਾਤਾਵਰਨ ਸੁਧਾਰ ਵਿੱਚ ਭਾਰਤ 180 ਦੇਸ਼ਾਂ ਵਿੱਚੋਂ 176ਵੇਂ ਸਥਾਨ ’ਤੇ ਹੈ। ਭਾਰਤ ਉਹਨਾਂ 10 ਦੇਸ਼ਾਂ ਵਿੱਚ ਸ਼ਾਮਲ ਹੈ ਜੋ ਗ੍ਰੀਨ-ਹਾਊਸ ਗੈਸਾਂ ਨਾਲ਼ ਪ੍ਰਦੂਸ਼ਣ ਫੈਲਾਉਂਦੇ ਹਨ।
ਮਨੁੱਖ ਦੀ ਮੁਢਲੀ ਲੋੜ ਸਾਫ਼ ਹਵਾ, ਪਾਣੀ, ਚੰਗੀ ਖੁਰਾਕ ਹੈ। ਸਿਹਤ ਅਤੇ ਸਿੱਖਿਆ ਬੁਨਿਆਦੀ ਲੋੜਾਂ ਹਨ। ਪਰ ਭਾਰਤ ਦੇ ਹਾਕਮ ਅਜ਼ਾਦੀ ਦੇ ਪਹਿਲੇ ਦਹਾਕਿਆਂ ਤੋਂ ਹੀ ਅਜ਼ਾਦ ਭਾਰਤ ਦੇ ਲੋਕਾਂ ਨੂੰ ਇਹਨਾਂ ਬੁਨਿਆਦੀ ਹੱਕਾਂ ਦੇਣ ਤੋਂ ਮੂੰਹ ਮੋੜ ਬੈਠੇ। ਅੱਜ ਦੇ ਹਾਕਮ ਤਾਂ ਸਿਹਤ ਅਤੇ ਸਿੱਖਿਆ ਵਰਗੇ ਸੰਵਿਧਾਨਕ ਹੱਕਾਂ ਤੋਂ ਵੀ ਕੰਨੀ ਕਤਰਾਂਦੇ ਨਜ਼ਰ ਆ ਰਹੇ ਹਨ। ਆਮ ਲੋਕਾਂ ਨੂੰ ਆਪਣੇ ਰਹਿਮੋ-ਕਰਮ ’ਤੇ ਛੱਡ ਦਿੱਤਾ ਗਿਆ ਹੈ। ਜਿੱਥੇ ਉਹ ਜਿਸਮਾਨੀ ਹੀ ਨਹੀਂ, ਮਾਨਸਿਕ ਪੀੜਾ ਨਾਲ਼ ਪਰੁੰਨੇ ਪਏ ਹਨ, ਇਹੋ-ਜਿਹੇ ਹਾਲਾਤਾਂ ਵਿੱਚ ਖ਼ੁਸ਼ ਕਿਵੇਂ ਰਿਹਾ ਜਾ ਸਕਦਾ ਹੈ? ਦੁਨੀਆ ਭਰ ਵਿੱਚ ਖ਼ੁਸ਼ ਰਹਿਣ ਦੇ ਮਾਮਲੇ ਵਿੱਚ ਭਾਰਤ 147 ਦੇਸ਼ਾਂ ਵਿੱਚੋਂ 118ਵੇਂ ਸਥਾਨ ’ਤੇ ਹੈ। ਖ਼ੁਸ਼ ਲੋਕ ਖ਼ੁਸ਼ੀਆਂ ਮਨਾਉਂਦੇ ਹਨ, ਇਕ ਦੂਜੇ ਨੂੰ ਮੁਬਾਰਕਾਂ ਦਿੰਦੇ ਹਨ।
ਪਰ ਇੱਕ ਗੱਲ ਭਾਰਤੀਆਂ ਵਿੱਚ ਅਜੇ ਵੀ ਚੰਗੀ ਹੈ—ਉਹ ਗਮੀ ਵਿੱਚ ਖ਼ੁਸ਼ੀ, ਦੁੱਖਾਂ ਵਿੱਚ ਸੁੱਖ ਅਤੇ ਪੀੜਾ ਵਿੱਚ ਰਾਹਤ ਲੱਭਣ ਦੀ ਕੋਸ਼ਸ਼ ਕਰਦੇ ਹਨ ਅਤੇ ਗੁਲਾਮੀ ਵੇਲੇ ਅਜ਼ਾਦੀ ਲਈ ਸੰਘਰਸ਼ਸ਼ੀਲ ਮੰਨੇ ਜਾਂਦੇ ਹਨ। ਅੱਜ ਉਹਨਾਂ ਲਈ ਫਿਰ ਨਵਾਂ ਸਾਲ ਅਜ਼ਾਦੀ ਦੇ ਸੰਘਰਸ਼ ਦਾ ਪੈਗਾਮ ਲੈ ਕੇ ਆਇਆ ਹੈ। ਉਹਨਾਂ ਦੇ ਚਿਹਰੇ ਪ੍ਰਾਪਤੀਆਂ ਦੀ ਆਸ ਨਾਲ਼ ਖਿੜੇ ਹੋਏ ਹਨ। ਪਿਛਲੇ ਦਿਨਾਂ ਵਿੱਚ ਉਹਨਾਂ ਨੇ ਭਗਵੇਂ ਹਾਕਮਾਂ ਵਿਰੁੱਧ ਲਾਮਬੰਦੀ ਕੀਤੀ ਹੈ। ਉਹਨਾਂ ਹਾਕਮਾਂ ਦੀਆਂ ਗੋਡਣੀਆਂ ਲਵਾਈਆਂ ਹਨ, ਜਿਹੜੇ ਮੱਕਾਰੀ ਨਾਲ਼ ਲੋਕ-ਹਿੱਤਾਂ ’ਤੇ ਡਾਕਾ ਮਾਰਨ ਤੋਂ ਗੁਰੇਜ਼ ਨਹੀਂ ਕਰਦੇ।
ਸਾਰੇ ਸੰਘਰਸ਼ਸ਼ੀਲ ਲੋਕਾਂ ਨੂੰ ਨਵੇਂ ਵਰ੍ਹੇ ਦੀਆਂ ਮੁਬਾਰਕਾਂ। ਮੁੜ ਅਜ਼ਾਦੀ ਲਈ ਅਰੰਭੀ ਮੁਹਿੰਮ ਲਈ ਢੇਰ ਸਾਰੀਆਂ ਮੁਬਾਰਕਾਂ।
-ਗੁਰਮੀਤ ਸਿੰਘ ਪਲਾਹੀ
-9815802070
.JPG)
-
-ਗੁਰਮੀਤ ਸਿੰਘ ਪਲਾਹੀ, writer
gurmitpalahi@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.