‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਇਮਾਰਤ ’ਤੇ ਚੱਲਿਆ ਬੁਲਡੋਜ਼ਰ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 31ਦਸੰਬਰ 2025:ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਖ਼ਿਲਾਫ਼ ਸਖ਼ਤ ਅਤੇ ਲਗਾਤਾਰ ਕਾਰਵਾਈ ਜਾਰੀ ਹੈ। ਇਸੇ ਲੜੀ ਤਹਿਤ ਅੱਜ ਹਲਕਾ ਮਲੋਟ ਦੇ ਪਿੰਡ ਅਬੁਲ ਖਰਾਣਾ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਕਾਨੂੰਨੀ ਪ੍ਰਕਿਰਿਆ ਅਨੁਸਾਰ ਢਾਹ ਦਿੱਤਾ ਗਿਆ।ਇਹ ਕਾਰਵਾਈ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਦਾ ਸਪਸ਼ਟ ਪ੍ਰਗਟਾਵਾ ਹੈ। ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅਧੀਨ ਅਬੁਲ ਖਰਾਣਾ ਪਿੰਡ ਵਿੱਚ ਕੀਤੀ ਗਈ ਇਹ ਕਾਰਵਾਈ ਜ਼ਿਲ੍ਹੇ ਅੰਦਰ ਨਸ਼ਾ ਤਸਕਰਾਂ ਲਈ ਸਖ਼ਤ ਚੇਤਾਵਨੀ ਹੈ ਕਿ ਗੈਰ-ਕਾਨੂੰਨੀ ਕਮਾਈ ਨਾਲ ਬਣਾਈ ਗਈ ਸੰਪਤੀ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਰਵਾਈਆਂ ਦੀ ਸਥਾਨਕ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਅੱਜ ਪਿੰਡ ਅਬੁਲ ਖਰਾਣਾ ਦੇ ਵਸਨੀਕਾਂ ਵੱਲੋਂ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕਾਰਵਾਈ ਨਾਲ ਪਿੰਡ ਵਿੱਚ ਸਮਾਜਿਕ ਸੁਧਾਰ ਹੋਵੇਗਾ ਅਤੇ ਨਸ਼ਿਆਂ ਵਿਰੁੱਧ ਇੱਕ ਮਜ਼ਬੂਤ ਸੰਦੇਸ਼ ਜਾਵੇਗਾ, ਜੋ ਨੌਜਵਾਨ ਪੀੜ੍ਹੀ ਲਈ ਵੀ ਪ੍ਰੇਰਣਾਦਾਇਕ ਸਾਬਤ ਹੋਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਮਾਰਤ ਨਜਾਇਜ਼ ਤਰੀਕੇ ਨਾਲ ਬਣਾਈ ਗਈ ਸੀ। ਡੀ.ਡੀ.ਪੀ.ਓ. ਵੱਲੋਂ ਇਸ ਮਾਮਲੇ ਨੂੰ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਨਿੰਦਰ ਸਿੰਘ ਉਰਫ਼ ਮਨੀ ਵਾਸੀ ਅਬੁਲ ਖਰਾਣਾ ਦੇ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਵੱਖ-ਵੱਖ 07 ਮੁੱਕਦਮੇ ਦਰਜ ਹਨ। ਸਮਰੱਥ ਅਥਾਰਟੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਉਪਰੰਤ ਪੂਰੀ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ ਇਹ ਗੈਰ-ਕਾਨੂੰਨੀ ਇਮਾਰਤ ਢਾਹੀ ਗਈ। ਮੌਕੇ ’ਤੇ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੁਲਿਸ ਵਿਭਾਗ ਦੀ ਪੂਰੀ ਤਰ੍ਹਾਂ ਮਦਦ ਲਈ ਗਈ।
ਇਸ ਸਬੰਧੀ ਸ੍ਰੀ ਅਭਿਮੰਨਿਊ ਰਾਣਾ (ਆਈ.ਪੀ.ਐਸ.) ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਪਸ਼ਟ ਨਿਰਦੇਸ਼ਾਂ ਅਨੁਸਾਰ ‘ਮਿਸ਼ਨ ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ’ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੋ ਕੋਈ ਵੀ ਨਸ਼ਿਆਂ ਦੀ ਕਾਲੀ ਕਮਾਈ ਰਾਹੀਂ ਜਾਇਦਾਦ ਬਣਾਉਂਦਾ ਹੈ, ਉਸ ਸੰਪਤੀ ਨੂੰ ਕਾਨੂੰਨ ਅਨੁਸਾਰ ਅਟੈਚ ਜਾਂ ਢਾਹ ਦਿੱਤਾ ਜਾਵੇਗਾ।
ਐਸ.ਐਸ.ਪੀ. ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਸ਼ਾ ਤਸਕਰੀ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨੂੰ ਸੂਚਿਤ ਕਰਨ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ ਅਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਰਚਨਾ ਲਈ ਪੁਲਿਸ ਅਤੇ ਜਨਤਾ ਦਾ ਸਾਂਝਾ ਸਹਿਯੋਗ ਬਹੁਤ ਜ਼ਰੂਰੀ ਹੈ।
ਇਸ ਮੌਕੇ ਸ੍ਰੀਮਤੀ ਹਰਕਮਲ ਕੌਰ, ਐਸ.ਪੀ. (ਐਚ), ਸ. ਅੰਗਰੇਜ਼ ਸਿੰਘ, ਡੀ.ਐਸ.ਪੀ. (ਮਲੋਟ) ਤੋਂ ਇਲਾਵਾ ਹੋਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।