ਮੁੱਖ ਖੇਤਬਾੜੀ ਅਫ਼ਸਰ ਵੱਲੋਂ ਯੂਰੀਆ ਅਤੇ ਗਲਾਈਫੋਸੇਟ ਦੀ ਸਪਲਾਈ ਸਬੰਧੀ ਡੀਲਰਾਂ ਦੀ ਚੈਕਿੰਗ
ਅਸ਼ੋਕ ਵਰਮਾ
ਬਠਿੰਡਾ, 30 ਦਸੰਬਰ 2025 : ਮੁੱਖ ਖੇਤੀਬਾੜੀ ਅਫਸਰ ਸ਼੍ਰੀ ਹਰਬੰਸ ਸਿੰਘ ਸਿੱਧੂ ਵੱਲੋਂ ਜ਼ਿਲ੍ਹੇ ਵਿੱਚ ਯੂਰੀਆ ਅਤੇ ਹੋਰ ਖਾਦਾਂ ਦੀ ਨਿਰਵਿਘਨ ਸਪਲਾਈ ਸਬੰਧੀ ਬਲਾਕ ਸੰਗਤ ਦੇ ਵੱਖ–ਵੱਖ ਡਿਸਟਰੀਬਿਊਟਰਾਂ/ਡੀਲਰਾਂ ਦੀ ਚੈਕਿੰਗ ਕੀਤੀ ਗਈ।
ਉਹਨਾਂ ਦੱਸਿਆ ਕਿ ਚੈਕਿੰਗ ਦੌਰਾਨ ਸੰਗਤ ਦੇ ਸਮੂਹ ਡਿਸਟਰੀਬਿਊਟਰਾਂ/ਡੀਲਰਾਂ ਨੂੰ ਯੂਰੀਆ ਅਤੇ ਹੋਰ ਖਾਦਾਂ ਦੀ ਕਾਲਾਬਜ਼ਾਰੀ, ਨਿਸ਼ਚਿਤ ਰੇਟ ਤੋਂ ਵੱਧ ਰੇਟਾਂ ਤੇ ਖਾਦਾਂ ਵੇਚਣ, ਖਾਦਾਂ ਨਾਲ ਹੋਰ ਪਦਾਰਥਾਂ ਦੀ ਟੈਗਿੰਗ ਅਤੇ ਯੂਰੀਆ ਖਾਦ ਦੀ ਜਮ੍ਹਾਂਖੋਰੀ ਨਾ ਕਰਨ ਸਬੰਧੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਸਮੂਹ ਬਲਾਕ ਅਫਸਰਾਂ ਵੱਲੋਂ ਆਪਣੇ ਅਧੀਨ ਆਉਂਦੇ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਗਈ ਹੈ।
ਇਸੇ ਤਰ੍ਹਾਂ ਹੀ ਯੂਰੀਆ ਖਾਦ ਦੀ ਗੈਰ-ਖੇਤੀਬਾੜੀ ਵਰਤੋਂ ਨੂੰ ਰੋਕਣ ਲਈ ਸੰਗਤ ਬਲਾਕ ਵਿੱਚ ਸਥਿੱਤ ਡੀ.ਕੇ. ਪਲਾਈਵੁੱਡ ਇੰਡਸਟਰੀਜ਼, ਗਹਿਰੀ ਭਾਗੀ ਅਤੇ ਐੱਸ.ਐੱਸ. ਪਲਾਈਵੁੱਡ ਇੰਡਸਟਰੀਜ਼, ਗੁਰੂਸਰ ਸੈਣੇਵਾਲਾ ਦੀ ਵੀ ਚੈਕਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਕਿ ਸਬਸੀਡਾਈਜ਼ਡ ਯੂਰੀਆ ਖਾਦ ਦੀ ਵਰਤੋਂ ਪਲਾਈਵੁੱਡ ਇੰਡਸਟਰੀ ਵਿੱਚ ਨਾ ਕੀਤੀ ਜਾਵੇ । ਉਨ੍ਹਾਂ ਡਿਸਟਰੀਬਿਊਟਰਾਂ/ਡੀਲਰਾਂਅਤੇ ਪਲਾਈਵੁੱਡ ਇੰਡਸਟਰੀ ਦੇ ਮਾਲਕਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਜ਼ਿਲ੍ਹੇ ਅਧੀਨ ਆਉਂਦੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਨਦੀਨਨਾਸ਼ਕ ਗਲਾਈਫੋਸੇਟ ਦੀ ਵਿਕਰੀ ਨਾ ਕੀਤੀ ਜਾਵੇ। ਜੇਕਰ ਕੋਈ ਵੀ ਡੀਲਰ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਇੰਨਸੈਕਟੀਸਾਈਡ ਐਕਟ ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।