ਨਵਜੋਤ ਕੌਰ ਸਿੱਧੂ ਦੀ ਗਡਕਰੀ ਨਾਲ ਮੁਲਾਕਾਤ 'ਤੇ ਭਖੀ ਸਿਆਸਤ: ਭਾਜਪਾ ਆਗੂ ਜਗਮੋਹਨ ਰਾਜੂ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਵਿਰੋਧ ਪੱਤਰ
ਰਵੀ ਜੱਖੂ
ਅੰਮ੍ਰਿਤਸਰ/ਦਿੱਲੀ (28 ਦਸੰਬਰ, 2025): ਸਾਬਕਾ ਵਿਧਾਇਕਾ ਡਾ. ਨਵਜੋਤ ਕੌਰ ਸਿੱਧੂ ਵੱਲੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਕੀਤੀ ਗਈ ਮੁਲਾਕਾਤ ਨੇ ਸਿਆਸੀ ਹਲਕਿਆਂ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਤੇ ਅੰਮ੍ਰਿਤਸਰ ਪੂਰਬੀ ਦੇ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ ਨੇ ਇਸ ਮੁਲਾਕਾਤ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕੇਂਦਰੀ ਮੰਤਰੀ ਨੂੰ ਇੱਕ ਵਿਰੋਧ ਪੱਤਰ ਲਿਖਿਆ ਹੈ।
ਡਾ. ਰਾਜੂ ਨੇ ਆਪਣੇ ਪੱਤਰ ਵਿੱਚ ਕਈ ਤਿੱਖੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਡਾ. ਨਵਜੋਤ ਕੌਰ ਸਿੱਧੂ, ਜੋ ਕਿ ਕਾਂਗਰਸ ਦੀ ਮੁਅੱਤਲ ਆਗੂ ਹਨ, ਅੰਮ੍ਰਿਤਸਰ ਪੂਰਬੀ ਨੂੰ ਆਪਣਾ ਹਲਕਾ ਦੱਸ ਕੇ ਗਲਤ ਪ੍ਰਚਾਰ ਕਰ ਰਹੇ ਹਨ। ਰਾਜੂ ਨੇ ਯਾਦ ਦਿਵਾਇਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਇਸੇ ਹਲਕੇ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਹਾਰ ਗਏ ਸਨ। ਪੱਤਰ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤਿੱਖਾ ਆਲੋਚਕ ਦੱਸਿਆ ਗਿਆ ਹੈ। ਡਾ. ਰਾਜੂ ਨੇ ਸਪੱਸ਼ਟ ਕੀਤਾ ਕਿ ਉਹ ਖ਼ੁਦ ਅੰਮ੍ਰਿਤਸਰ ਪੂਰਬੀ ਦੇ ਭਾਜਪਾ ਇੰਚਾਰਜ ਹਨ ਅਤੇ ਪਹਿਲਾਂ ਹੀ ਦੋ ਵਾਰ ਵਲਾ ਬਾਈਪਾਸ (Vallah Bypass) ਦੇ ਮੁੱਦੇ 'ਤੇ ਕੇਂਦਰੀ ਮੰਤਰੀ ਨੂੰ ਰਸਮੀ ਮੰਗ ਪੱਤਰ ਸੌਂਪ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਨਾ-ਕਾਬਿਲੇ-ਬਰਦਾਸ਼ਤ ਹੈ ਕਿ "ਸਿਆਸੀ ਦਲਬਦਲੂ" ਅਤੇ ਮੋਦੀ ਜੀ ਨੂੰ ਗਾਲ੍ਹਾਂ ਕੱਢਣ ਵਾਲੇ ਲੋਕ ਭਾਜਪਾ ਦੀ ਅਗਵਾਈ ਵਾਲੇ ਵਿਕਾਸ ਕਾਰਜਾਂ ਦਾ ਝੂਠਾ ਸਿਹਰਾ ਲੈਣ। ਉਨ੍ਹਾਂ ਮੰਗ ਕੀਤੀ ਕਿ ਅੰਮ੍ਰਿਤਸਰ ਪੂਰਬੀ ਵਿੱਚ ਹੋਣ ਵਾਲੇ ਸਾਰੇ ਵਿਕਾਸ ਕਾਰਜਾਂ ਦਾ ਸਿਹਰਾ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਹੀ ਮਿਲਣਾ ਚਾਹੀਦਾ ਹੈ। ਇਸ ਪੱਤਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵਜੋਤ ਕੌਰ ਸਿੱਧੂ ਦੀ ਭਾਜਪਾ ਦੇ ਕੇਂਦਰੀ ਮੰਤਰੀ ਨਾਲ ਨੇੜਤਾ ਸਥਾਨਕ ਭਾਜਪਾ ਲੀਡਰਸ਼ਿਪ ਨੂੰ ਰਾਸ ਨਹੀਂ ਆ ਰਹੀ।
