ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੀਵਾਲਾ ਵਿਖੇ ਦਿਨ-ਦਿਹਾੜੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,7 ਅਕਤੂਬਰ
ਜ਼ਿਲ੍ਹਾ ਤਰਨਤਾਰਨ ਦੇ ਪੁਲਿਸ ਥਾਣਾ ਚੋਹਲਾ ਸਾਹਿਬ ਅਧੀਨ ਪਿੰਡ ਰੂੜੀਵਾਲਾ ਵਿਖੇ ਅੱਜ ਦੁਪਹਿਰੇ ਕਰੀਬ 1.30 ਵਜੇ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਰੂੜੀਵਾਲਾ ਦਾ ਰਹਿਣ ਵਾਲਾ ਅਜੈਬ ਸਿੰਘ ਪੁੱਤਰ ਮੱਸਾ ਸਿੰਘ (ਉਮਰ ਕਰੀਬ 45 ਸਾਲ) ਆਪਣੇ ਘਰੋਂ ਪੈਦਲ ਹੀ ਪਿੰਡ ਗੰਡੀਵਿੰਡ ਵਾਲੇ ਰਾਹ 'ਤੇ ਜਾ ਰਿਹਾ ਸੀ ਕਿ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਜਿੰਨਾ ਦੀ ਗਿਣਤੀ ਤਿੰਨ ਦੱਸੀ ਜਾ ਰਹੀ ਹੈ,ਵਲੋਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ।ਨੌਜਵਾਨ ਅਜੈਬ ਸਿੰਘ ਦੇ 4 ਗੋਲੀਆਂ ਵੱਜੀਆਂ ਦੱਸੀਆਂ ਜਾ ਰਹੀਆਂ ਹਨ,ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਦਾ ਪਤਾ ਚੱਲਦਿਆਂ ਹੀ ਡੀਐਸਪੀ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਅਤੁਲ ਸੋਨੀ ਅਤੇ ਥਾਣਾ ਚੋਹਲਾ ਸਾਹਿਬ ਦੇ ਐਸਐਚਓ ਬਲਜਿੰਦਰ ਸਿੰਘ ਤੁਰੰਤ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀਐਸਪੀ ਅਤੁਲ ਸੋਨੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹਾਲਾਂਕਿ ਹਮਲਾਵਰ ਬਾਰੇ ਪੁਲਿਸ ਨੇ ਅਧਿਕਾਰਤ ਤੌਰ 'ਤੇ ਅਜੇ ਕੁਝ ਨਹੀਂ ਦੱਸਿਆ।