ਨਿਸਰਨ ਉਪਰੰਤ ਝੋਨੇ ਦੀ ਫਸਲ ਉੱਪਰ ਨੂੰ ਕਿਸੇ ਛਿੜਕਾਅ ਕਰਨ ਦੀ ਜ਼ਰੂਰਤ ਨਹੀਂ : ਮੁੱਖ ਖੇਤੀਬਾੜੀ ਅਫਸਰ
ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਖੇਤੀ ਮਾਹਿਰਾਂ ਦੀਆ ਸਿਫਾਰਸ਼ਾਂ ਅਨੁਸਾਰ ਛਿੜਕਾਅ ਕਰਨ ਦੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ : 14 ਸਤੰਬਰ ਇਸ ਸਮੇਂ ਝੋਨੇ/ਬਾਸਮਤੀ ਦੀ ਫ਼ਸਲ ਦੀਆਂ ਅਗੇਤੀਆਂ ਕਿਸਮਾਂ ਨਿਸਰ ਰਹੀਆਂ ਹਨ ,ਹੜ੍ਹਾਂ ਅਤੇ ਵਧੇਰੇ ਬਰਸਾਤਾਂ ਹੋਣ ਕਾਰਨ ਝੋਨੇ ਦੀਆਂ ਮੁੰਝਰਾਂ ਦੇ ਕੁਝ ਦਾਣੇ ਬਦਰੰਗ ਹੋ ਰਹੇ ਹਨ ਜਿਸ ਨੂੰ ਦੇਖ ਕੇ ਕਿਸਾਨ ਕੀਟਨਾਸ਼ਕ/ਉੱਲੀਨਾਸ਼ਕ ਦਾ ਛਿੜਕਾਅ ਕਰ ਰਹੇ ,ਜਿਸ ਦੀ ਕੋਈ ਜ਼ਰੂਰਤ ਨਹੀਂ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਫ਼ਸਲ ਉੱਪਰ ਫਿਲਹਾਲ ਕਿਸੇ ਕੀੜੇ ਜਾਂ ਬਿਮਾਰੀ ਦਾ ਵੱਡੇ ਪੱਧਰ ਤੇ ਹਮਲਾ ਦਿਖਾਈ ਨਹੀਂ ਦਿੱਤਾ,ਇਸ ਲਈ ਜ਼ਰੂਰਤ ਤੋਂ ਬਗੈਰ ਕੀਟਨਾਸ਼ਕਾਂ ਦਾ ਛਿੜਕਾਅ ਨਾਂ ਕੀਤਾ ਜਾਵੇ । ਉਨ੍ਹਾਂ ਦਸਿਆ ਕਿ ਇਸ ਵਾਰ ਝੋਨੇ ਦੀ ਫ਼ਸਲ ਦੇ ਫੁੱਲ ਨਿਕਲਣ ਦੀ ਅਵਸਥਾ ਤੇ ਬਰਸਾਤਾਂ ਜਿਆਦਾ ਹੋਣ ਕਾਰਨ ਪਰਪ੍ਰਾਗਣ ਪ੍ਰਕਿਰਿਆ ਪ੍ਰਭਾਵਤ ਹੋਈ ਹੈ ਜਿਸ ਕਾਰਨ ਝੋਨੇ ਦੀਆਂ ਮੁੰਝਰਾਂ ਵਿਚ ਕੁਝ ਦਾਣੇ ਬਦਰੰਗ ਹੋ ਰਹੇ ਹਨ । ਉਨ੍ਹਾਂ ਦਸਿਆ ਕਿ ਇਨ੍ਹਾਂ ਬਦਰੰਗ ਹੋਏ ਦਾਣਿਆਂ ਦਾ ਇਸ ਵਕਤ ਕੋਈ ਇਲਾਜ ਨਾਂ ਕਰਕੇ ,ਕਿਸੇ ਛਿੜਕਾਅ ਦੀ ਜ਼ਰੂਰਤ ਨਹੀਂ। ਉਨ੍ਹਾਂ ਦਸਿਆ ਕਿ ਕੁਝ ਜਗਾ ਤੇ ਝੂਠੀ ਕਾਂਗਿਆਰੀ ਨਾਮ ਦੀ ਬਿਮਾਰੀ ਦਾ ਹਮਲਾ ਦੇਖਿਆ ਗਿਆ ਹੈ ,ਜਿਸ ਦਾ ਵੀ ਇਸ ਸਮੇਂ ਕੋਈ ਇਲਾਜ ਨਹੀਂ ਹੈ। ਉਨ੍ਹਾਂ ਦਸਿਆ ਕਿ ਕੁਝ ਕਿਸਾਨਾਂ ਵਲੋਂ ਫ਼ਸਲ ਦੇ ਗੱਭ ਭਰਨ ਦੀ ਅਵਸਥਾ ਤੋਂ ਪਹਿਲਾ ਉੱਲੀਨਾਸ਼ਕ ਦੇ ਛਿੜਕਾਅ ਕਰਨ ਬਾਵਜੂਦ ਝੂਠੀ ਕਾਂਗਿਆਰੀ/ਹਲਦੀ ਰੋਗ ਦੀ ਸ਼ਿਕਾਇਤ ਆ ਰਹੀ ਹੈ ,ਜਿਸ ਦਾ ਮੁੱਖ ਕਾਰਨ ਇਸ ਵਾਰ ਲਗਾਤਾਰ ਬੱਦਲਵਾਈ ਅਤੇ ਬਰਸਾਤ ਹੋਣ ਕਾਰਨ ਮੌਸਮੀ ਹਾਲਾਤ ਪ੍ਰਤੀਕੂਲ ਰਹਿਣਾ ਹੈ। ਉਨ੍ਹਾਂ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਫ਼ਸਲ ਦੀਆਂ ਜੋ ਕਿਸਮਾਂ ਗੱਭ ਭਰਨ ਦੀ ਅਵਸਥਾ ਤੇ ਹੁੰਦੀ ਹੈ ਤਾਂ ਫ਼ਸਲ ਨੂੰ ਖੁਰਾਕ ਵੱਜੋਂ ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰਤੀ ਕਰਨ ਲਈ ਪੋਟਾਸ਼ੀਅਮ ਨਾਈਟ੍ਰੇਟ 13:0:45 ਦਾ ਛਿੜਕਾਅ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਦੇਖਣ ਵਿਚ ਆਇਆ ਹੈ ਕਿ ਕਿਸਾਨ ਇਕ ਕਿਲੋ ਪੋਟਾਸ਼ੀਅਮ ਨਾਈਟ੍ਰੇਟ ਪ੍ਰਤੀ ਏਕੜ ਦਾ ਛਿੜਕਾਅ ਕਰ ਰਹੇ ਹਨ , ਜੋ ਗਲਤ ਹੈ ਕਿਉਂਕਿ ਖੁਰਾਕ ਸਿਫਾਰਸ਼ ਤੋਂ ਘੱਟ ਹੋਣ ਕਾਰਨ ਪੂਰਾ ਫਾਇਦਾ ਨਹੀਂ ਹੁੰਦਾ।ਉਨਾਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿੰਨ ਕਿਲੋ ਪੋਟਾਸ਼ੀਅਮ ਨਾਈਟ੍ਰੇਟ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿਚ ਗੋਲ ਨੋਜ਼ਲ ਨਾਲ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਇਹ ਵੀ ਦੇਖਿਆ ਗਿਆ ਹੈ ਆਮ ਕਰਕੇ ਕਿਸਾਨ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨ ਲਈ ਪਾਣੀ ਘੱਟ ਵਰਤਦੇ ਹਨ ਜਿਸ ਨਾਲ ਝੋਨੇ ਦੀ ਫ਼ਸਲ ਦੇ ਪੱਤੇ ਸੜ ਜਾਂਦੇ ਹਨ,ਇਸ ਲਈ ਜੇਕਰ 200 ਲਿਟਰ ਪਾਣੀ ਵਰਤ ਕੇ ਦੋ ਤਰਫਾ ਛਿੜਕਾਅ ਕਰ ਲਿਆ ਜਾਵੇ ਤਾਂ ਜਿਆਦਾ ਬਿਹਤਰ ਨਤੀਜੇ ਮਿਲਦੇ ਹਨ।ਉਨਾਂ ਦੱਸਿਆ ਕਿ ਡੇਢ ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 100 ਲਿਟਰ ਪਾਣੀ ਜਾਨੀ 20 ਲਿਟਰ ਵਾਲੇ 5 ਪੰਪ ਖੇਤ ਦੇ ਇਕ ਪਾਸੇ ਅਤੇ ਇਸੇ ਤਰਾਂ 5 ਪੰਪ ਪਾਣੀ ਵਰਤ ਕੇ ਖੇਤ ਦੇ ਦੂਜੇ ਪਾਸੇ ਛਿੜਕਾਅ ਕਰਨਾ ਚਾਹੀਦਾ ਹੈ।ਉਨਾਂ ਦੱਸਿਆ ਕਿ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨ ਨਾਲ ਦਾਣਿਆਂ ਵਿਚ ਚਮਕ ਵਧਦੀ ਹੈ,ਫ਼ੋਕ ਘਟਦੀ ਹੈ,ਸੋਕਾ ਸਹਿਣ ਦੀ ਸਮਰਥਾ ਵਧਦੀ ਹੈ,ਫ਼ਸਲ ਘੱਟ ਡਿੱਗਦੀ ਹੈ ਅਤੇ ਪੈਦਾਵਾਰ ਵਧਦੀ ਹੈ।ਉਨਾਂ ਦੱਸਿਆ ਕਿ ਫ਼ਸਲ ਦੇ ਫੁੱਲਾਂ ਤੇ ਆਉਣ ਦੀ ਅਵਸਥਾ ਤੇ ਕਿਸੇ ਤਰਾਂ ਦਾ ਛਿੜਕਾਅ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਸਮੇਂ ਛਿੜਕਾਅ ਕਰਨ ਨਾਲ ਪਰ ਪਰਾਗਣ ਪ੍ਰੀਕਿਰਿਆ ਪ੍ਰਭਾਵਤ ਹੋਣ ਕਾਰਨ ਦਾਣਿਆਂ ਵਿਚ ਫੋਕ ਵਧਦੀ ਹੈ ਅਤੇ ਪੈਦਾਵਾਰ ਘਟਦੀ ਹੈ।ਉਨਾਂ ਕਿਸਾਨਾਂ ਨੂੰ ਅੀਲ ਕੀਤੀ ਕਿ ਝੋਨੇ ਅਤੇ ਬਾਸਮਤੀ ਦੀ ਫਸਲ ਉਪਰ ਖੇਤੀ ਮਾਹਿਰਾਂ ਦੀਆ ਸਿਫਾਰਸ਼ਾਂ ਅਨੁਸਾਰ ਹੀ ਕੋਈ ਛਿੜਕਾਅ ਕੀਤਾ ਜਾਵੇ ਤਾਂ ਜੋ ਖੇਤੀ ਲਾਗਤ ਖਰਚੇ ਘਟਾ ਕੇ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।