ਜ਼ਿੰਦਾਬਾਦ: ਪੰਜਾਬ, ਪੰਜਾਬੀ ਤੇ ਪੰਜਾਬੀਅਤ
ਨਿਊਜ਼ੀਲੈਂਡ ’ਚ ਛੇਵੇਂ ਪੰਜਾਬੀ ਭਾਸ਼ਾ ਹਫ਼ਤੇ ਸਬੰਧੀ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਪੋਸਟਰ ਜਾਰੀ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 14 ਸਤੰਬਰ 2025-ਨਿਊਜ਼ੀਲੈਂਡ ਦੀ 2023 ਦੀ ਮਰਦਮਸ਼ੁਮਾਰੀ ਮੁਤਾਬਕ, ਨਿਊਜ਼ੀਲੈਂਡ ਵਿੱਚ ਲਗਭਗ 49,656 ਪੰਜਾਬੀ ਬੋਲਣ ਵਾਲੇ ਲੋਕ ਹਨ—ਜੋ 2018 ਤੋਂ 45.1% ਵਾਧਾ ਦਰਸਾਉਂਦਾ ਹੈ। ਇਹ ਪੰਜਾਬੀ ਨੂੰ ਦੇਸ਼ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਭਾਸ਼ਾਵਾਂ ਵਿੱਚੋਂ ਇੱਕ ਬਣਾਉਂਦਾ ਹੈ ਅਤੇ ਹਿੰਦੀ ਤੋਂ ਬਾਅਦ ਦੂਜੀ ਸਭ ਤੋਂ ਵੱਧ ਬੋਲਣ ਵਾਲੀ ਦੱਖਣੀ ਏਸ਼ੀਆਈ ਭਾਸ਼ਾ ਹੈ।
ਅਧਿਕਤਰ ਪੰਜਾਬੀ ਬੋਲਣ ਵਾਲੇ ਲੋਕ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ, ਜੋ ਖਾਸ ਕਰਕੇ ਸਾਊਥ ਅਤੇ ਈਸਟ ਆਕਲੈਂਡ ਅਤੇ ਵਾਇਕਾਟੋ ਖੇਤਰ ਵਿੱਚ ਵੱਸਦੇ ਹਨ। ਇਹ ਭਾਈਚਾਰਾ ਨਿਊਜ਼ੀਲੈਂਡ ਵਿੱਚ ਉੱਨੀਵੀਂ ਸਦੀ ਦੇ ਅੰਤ ਤੋਂ ਵੱਸਦਾ ਆ ਰਿਹਾ ਹੈ ਅਤੇ ਅੱਜ ਵੀ ਆਪਣੀ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਨੂੰ ਬੜੀ ਸ਼ਾਨ ਨਾਲ ਜਿਉਂਦਾ ਰੱਖਿਆ ਹੋਇਆ ਹੈ।
ਕਿਸੇ ਵੀ ਭਾਈਚਾਰੇ ਦੀ ਮਾਂ ਬੋਲੀ ਉਸਦੇ ਸਭਿਆਚਾਰ ਅਤੇ ਵਿਰਸੇ ਦਾ ਹਿੱਸਾ ਹੁੰਦੀ ਹੈ ਅਤੇ ਇਸਦੇ ਵਿਕਾਸ ਲਈ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਇਸੀ ਆਸ਼ੇ ਦੇ ਨਾਲ ਨਿਊਜ਼ੀਲੈਂਡ ਦੇ ਪੰਜਾਬੀ ਮੀਡੀਆ ਕਰਮੀਆਂ ਅਤੇ ਸਹਿਯੋਗੀ ਸੰਸਥਾਵਾਂ ਵੱਲੋਂ ਇਸ ਸਾਲ ਛੇਵਾਂ ਪੰਜਾਬੀ ਭਾਸ਼ਾ ਹਫ਼ਤਾ 03 ਨਵੰਬਰ ਤੋਂ 09 ਨਵੰਬਰ ਤੱਕ ਮਨਾਇਆ ਜਾ ਰਿਹਾ ਹੈ। ਅੱਜ ਇਸ ਸਬੰਧੀ ਇਕ ਰੰਗਦਾਰ ਪੋਸਟਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਸਿੱਖ ਪੰਥ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ, ਗੁਰਦੁਆਰਾ ਸਾਹਿਬ ਮੈਨੇਜਮੈਂਟ ਤੋਂ ਸ. ਹਰਭਜਨ ਦਾਸ ਭੂੰਡਪਾਲ, ਸ. ਗੁਰਿੰਦਰ ਸਿੰਘ ਸ਼ਾਦੀਪੁਰ, ਮੀਡੀਆ ਕਰਮੀ ਸ. ਹਰÇੰਜਦਰ ਸਿੰਘ ਬਸਿਆਲਾ, ਸ. ਨਰਿੰਦਰਬੀਰ ਸਿੰਘ ਅਤੇ ਕਾਰੋਬਾਰੀ ਸ. ਸੰਨੀ Çੰਸੰਘ ਸ਼ਾਮਿਲ ਹੋਏ । ਇਸ ਮੌਕੇ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਓ ਸਾਰੇ ਰਲ ਕੇ ਇਸ ਛੇਵੇਂ ਪੰਜਾਬੀ ਭਾਸ਼ਾ ਹਫਤੇ ਨੂੰ ਮਨਾਈਏ ਅਤੇ ਪੰਜਾਬੀ ਦੀ ਪ੍ਰਫੁੱਲਤਾ ਵਾਸਤੇ ਆਪਣਾ ਫਰਜ਼ ਪੂਰਾ ਕਰੀਏ।
ਨਵੰਬਰ ਦੇ ਮਹੀਨੇ ਹੋਣ ਵਾਲੇ ਇਹ ਸਮਾਗਮ ਭਾਰਤੀ ਹਾਈ ਕਮਿਸ਼ਨ ਵਲਿੰਗਟਨ ਅਤੇ ਹੇਸਟਿੰਗਜ਼ ਤੋਂ 2 ਨਵੰਬਰ ਨੂੰ ਆਰੰਭ ਹੋ ਰਹੇ ਹਨ। 08 ਨਵੰਬਰ ਨੂੰ ਮੈਨੁਕਾਓ ਸੁਕੇਅਰ ਵਿਖੇ ਸ਼ਾਮ 4 ਵਜੇ ਤੋਂ ਵੱਡਾ ਸਮਾਗਮ ਹੋਵੇਗਾ। ਇਸੀ ਦਿਨ ਡੁਨੀਡਨ ਵਿਖੇ ਵੀ ਪੰਜਾਬੀ ਭਾਸ਼ਾ ਹਫਤੇ ਸਬੰਧੀ ਪ੍ਰੋਗਰਾਮ ਹੋ ਰਿਹਾ ਹੈ। 09 ਨਵੰਬਰ ਨੂੰ ਹਮਿਲਟਨ ਵਿਖੇ ਸ਼ਾਮ 3 ਵਜੇ ਤੋਂ ਇਹ ਪ੍ਰੋਗਰਾਮ ਦੇਰ ਸ਼ਾਮ ਤੱਕ ਚੱਲੇਗਾ।