ਐਸਡੀਜੇਐਮ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੋਰਾ ਕੀਤਾ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 06 ਸਤੰਬਰ ,2025 ਪੰਜਾਬ ਰਾਜ ਕਾਨੂਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸਡੀਜੇਐਮ ਸ਼੍ਰੀ ਅਨੰਦਪੁਰ ਸਾਹਿਬ ਗੁਰਕਿਰਨ ਸਿੰਘ ਤੇ ਐਸਡੀਜੀਐਮ ਨੰਗਲ ਸ਼੍ਰੀਮਤੀ ਨਿਧੀ ਸੈਣੀ ਵਲੋਂ ਜ਼ਿਲ੍ਹੇ ਦੇ ਹੜ੍ਹ ਦੀ ਮਾਰ ਹੇਠਾਂ ਆਏ ਇਲਾਕਿਆਂ ਦਾ ਦੌਰਾ ਕੀਤਾ ਅਤੇ ਪੀੜਤਾਂ ਲਈ ਰਾਹਤ ਸਮੱਗਰੀ ਵੰਡੀ ਗਈ।
ਇਸ ਮੌਕੇ ਉਨ੍ਹਾਂ ਵੱਲੋਂ ਹੜ੍ਹ ਪੀੜਿਤ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ ਸਭ ਤੋਂ ਪਹਿਲਾਂ ਪਿੰਡ ਦਸਗਰਾਂ ਵਿਖੇ ਕਮਿਊਨਿਟੀ ਸੈਂਟਰ ਦਾ ਦੌਰਾ ਕੀਤਾ ਗਿਆ, ਜਿੱਥੇ ਹੜ੍ਹ ਕਾਰਨ ਲਗਭਗ 20 ਪਰਿਵਾਰਾਂ ਨੂੰ ਅਸਥਾਈ ਤੌਰ ’ਤੇ ਰੱਖਿਆ ਗਿਆ ਹੈ। ਉਨ੍ਹਾਂ ਨੂੰ 20 ਰਾਸ਼ਨ ਕਿੱਟਾਂ, ਸਾਬਣ ਅਤੇ ਸੈਨੀਟਰੀ ਪੈਡ ਵੰਡੇ ਗਏ। ਇਸ ਤੋਂ ਇਲਾਵਾ ਪੀੜਤ ਪਰਿਵਾਰਾਂ ਦੇ ਘਰਾਂ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਸਤਲੁਜ ਦਰਿਆ ਦਾ ਪਾਣੀ ਪਿੰਡ ਦੇ ਕਈ ਹਿੱਸਿਆਂ ਵਿੱਚ ਵਹਿੰਦਾ ਮਿਲਿਆ।
ਇਸ ਤੋਂ ਬਾਅਦ ਉਨ੍ਹਾਂ ਪਿੰਡ ਸੰਗਤਪੁਰ ਦੇ ਮੁੱਖ ਪੁੱਲ ਅਤੇ ਆਸ-ਪਾਸ ਦੇ ਇਲਾਕਿਆਂ ਦਾ ਜਾਇਜ਼ਾ ਲਿਆ ਗਿਆ। ਇਹ ਪੁੱਲ ਇਸ ਖੇਤਰ ਦਾ ਮੁੱਖ ਸੰਚਾਰ ਮਾਰਗ ਹੈ। ਇਥੇ ਦਰਿਆ ਦੇ ਟੁੱਟੇ ਬੰਨ ਦੀ ਮੁਰੰਮਤ ਦੇ ਕੰਮ ਦਾ ਨਿਰੀਖਣ ਕੀਤਾ, ਕਿਉਂਕਿ ਸਤਲੁਜ ਦੇ ਤੇਜ਼ ਪਾਣੀ ਦੇ ਵਹਾਅ ਕਰਕੇ ਡੰਗਾ ਨੁਕਸਾਨੀ ਹੋ ਗਿਆ ਸੀ।
ਇਸ ਉਪਰੰਤ ਵੱਲੋਂ ਪਿੰਡ ਮਹਿੰਦਲੀ ਕਲਾਂ ਦਾ ਦੌਰਾ ਕੀਤਾ ਗਿਆ ਜਿੱਥੇ ਦਰਿਆ ਦਾ ਪਾਣੀ ਅੰਦਰ ਆ ਗਿਆ ਹੈ। ਟੀਮ ਵੱਲੋਂ ਟਰੈਕਟਰ ਰਾਹੀਂ ਪਿੰਡ ਵਿੱਚ ਦਾਖਲ ਹੋ ਕੇ ਪੈਦਲ ਦਰਿਆ ਦੇ ਕਿਨਾਰੇ ਦਾ ਜਾਇਜ਼ਾ ਲਿਆ ਗਿਆ। ਹੜ੍ਹ ਪੀੜਤ ਲੋਕਾਂ ਦੀ ਤੁਰੰਤ ਸਹਾਇਤਾ ਅਤੇ ਜ਼ਰੂਰਤਾਂ ਪੂਰਾ ਕਰਨ ਦਾ ਭਰੋਸਾ ਦਿੱਤਾ।