ਪੰਜਾਬ ਸਰਕਾਰ ਵੱਲੋਂ 17 ਮੈਡੀਕਲ ਅਫ਼ਸਰਾਂ ਦੀ ਨਿਯੁਕਤੀ, 8 ਨੇ ਕੀਤਾ ਜੁਆਇਨ
ਜਲੰਧਰ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜਰ ਸਿਹਤ ਵਿਭਾਗ ਵਿੱਚ 322 ਨਵੇਂ ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਗਈ ਹੈ। ਜਿਨ੍ਹਾਂ ਵਿੱਚੋਂ ਜਲੰਧਰ ਜਿਲ੍ਹੇ ਵਿੱਚ 17 ਮੈਡੀਕਲ ਅਫ਼ਸਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਅੱਜ 8 ਮੈਡੀਕਲ ਅਫ਼ਸਰਾ ਵੱਲੋਂ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਪਹੁੰਚ ਕੇ ਜੁਆਇਨਿੰਗ ਰਿਪੋਰਟ ਦਿੱਤੀ ਗਈ ਹੈ।
ਸਿਵਲ ਸਰਜਨ (ਕਾਰਜਕਾਰੀ) ਡਾ. ਰਮਨ ਗੁਪਤਾ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵੱਲੋਂ ਨਵ-ਨਿਯੁਕਤ ਮੈਡੀਕਲ ਅਫ਼ਸਰ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਤਾਇਨਾਤ ਕੀਤੇ ਗਏ ਹਨ। ਡਾ. ਰਮਨ ਗੁਪਤਾ ਵੱਲੋਂ ਨਵਨਿਯੁਕਤ ਮੈਡੀਕਲ ਅਫ਼ਸਰਾਂ ਨੂੰ ਮੁਸ਼ਕਲ ਦੀ ਇਸ ਘੜੀ ਵਿੱਚ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਲੋਕਾਂ ਤੱਕ ਬਿਹਤਰ ਸਿਹਤ ਸੇਵਾਵਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜਸਵਿੰਦਰ ਸਿੰਘ ਹਾਜਰ ਸਨ।