ਜੇਕਰ ਕਾਰ ਸੇਵਾ ਵਾਲੇ ਮੌਕੇ 'ਤੇ ਨਾ ਹੁੰਦੇ ਤਾਂ ਭਾਖੜਾ ਨਹਿਰ ਵਿੱਚ ਪਾੜ ਪੈਣ ਕਾਰਨ ਕਈ ਪਿੰਡ ਤਬਾਹ ਹੁੰਦੇ
ਰੂਪਨਗਰ ਨੂੰ ਬਚਾਉਣ ਦੇ ਵਿੱਚ ਬਾਬਾ ਸਤਨਾਮ ਸਿੰਘ ਦਾ ਪੂਰਨ ਰੂਪ ਵਿੱਚ ਸਹਿਯੋਗ :- ਗੌਰਵ ਰਾਣਾ
ਚੋਵੇਸ਼ ਲੁਟਾਵਾ
ਸ੍ਰੀ ਅਨੰਦਪੁਰ ਸਾਹਿਬ 2 ਸਤੰਬਰ 2025 :
ਭਾਰੀ ਮੀਂਹ ਕਾਰਨ ਜਿੱਥੇ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ, ਉੱਥੇ ਹੀ ਰੂਪਨਗਰ ਅਤੇ ਸ੍ਰੀ ਅਨੰਦਪੁਰ ਸਾਹਿਬ ਦਾ ਇਲਾਕਾ ਵੀ ਇਸ ਦੀ ਮਾਰ ਹੇਠ ਆਉਣ ਲੱਗਿਆ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਭਾਖੜਾ ਨਹਿਰ ਅਤੇ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿੱਚ ਪਾੜ ਪੈਣੇ ਸ਼ੁਰੂ ਹੋ ਗਏ ਹਨ, ਜਿਸ ਨਾਲ ਇਲਾਕੇ ਵਿੱਚ ਖ਼ਤਰੇ ਦੀ ਘੰਟੀ ਵੱਜ ਗਈ ਹੈ।
ਬਾਬਾ ਸਤਨਾਮ ਸਿੰਘ ਜੀ ਦਾ ਅਹਿਮ ਯੋਗਦਾਨ
ਜਦੋਂ ਰਾਜਸਥਾਨ ਫੀਡਰ 'ਤੇ ਪਾੜ ਪੈਣਾ ਸ਼ੁਰੂ ਹੋਇਆ, ਤਾਂ ਪਿੰਡ ਮਿੰਡਵਾਂ ਅਤੇ ਨਿੱਕੂਵਾਲ ਦੇ ਲੋਕ ਤੁਰੰਤ ਮੌਕੇ 'ਤੇ ਪਹੁੰਚੇ। ਇਸ ਮੁਸ਼ਕਿਲ ਸਮੇਂ ਵਿੱਚ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਜੀ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ ਤੁਰੰਤ ਖਾਲੀ ਬੋਰੀਆਂ, ਟਰੈਕਟਰ-ਟਰਾਲੀਆਂ, ਮਿੱਟੀ ਅਤੇ ਬਜਰੀ ਵਰਗੀਆਂ ਜ਼ਰੂਰੀ ਵਸਤਾਂ ਮੌਕੇ 'ਤੇ ਪਹੁੰਚਾਈਆਂ। ਸਮਾਜ ਸੇਵੀ ਗੌਰਵ ਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਬਾਬਾ ਸਤਨਾਮ ਸਿੰਘ ਜੀ ਅਤੇ ਬਾਬਾ ਸੁੱਚਾ ਸਿੰਘ ਨਾ ਹੁੰਦੇ ਤਾਂ ਰੂਪਨਗਰ ਜ਼ਿਲ੍ਹੇ ਨੂੰ ਵੱਡਾ ਨੁਕਸਾਨ ਹੋ ਸਕਦਾ ਸੀ।
ਸੈਂਕੜੇ ਪਿੰਡਾਂ ਨੂੰ ਬਚਾਇਆ
ਪਿੰਡ ਝਿੰਜੜੀ ਨੇੜੇ ਦੋ ਨਹਿਰਾਂ ਦੇ ਵਿਚਕਾਰ ਲਗਭਗ 200 ਤੋਂ 250 ਮੀਟਰ ਪਟੜੀ ਖੁਰ ਚੁੱਕੀ ਸੀ ਅਤੇ ਪੁਰਾਣੀ ਤੇ ਨਵੀਂ ਨਹਿਰ ਦੇ ਵਿਚਕਾਰ ਸਿਰਫ 10 ਫੁੱਟ ਦਾ ਫਾਸਲਾ ਬਚ ਗਿਆ ਸੀ। ਸਮੇਂ ਸਿਰ ਲੋਕਾਂ ਅਤੇ ਬਾਬਾ ਸਤਨਾਮ ਸਿੰਘ ਜੀ ਦੀ ਸੇਵਾ ਕਾਰਨ ਇਸ ਪਾੜ ਨੂੰ ਪੂਰ ਲਿਆ ਗਿਆ। ਬਾਬਾ ਸਤਨਾਮ ਸਿੰਘ ਜੀ ਨੇ ਇਸ ਮੁਹਿੰਮ ਵਿੱਚ ਜੁੜੇ ਸੈਂਕੜੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ। ਉਨ੍ਹਾਂ ਦੀ ਇਸ ਸਮੇਂ ਸਿਰ ਅਤੇ ਵੱਡੀ ਸੇਵਾ ਨੇ ਕਈ ਪਿੰਡਾਂ ਨੂੰ ਪਾਣੀ ਦੀ ਮਾਰ ਤੋਂ ਬਚਾ ਲਿਆ।