ਧਰਮ ਪ੍ਰਚਾਰ ਫੇਰੀ ਦੌਰਾਨ ਕਸ਼ਮੀਰ ਦੀ ਸੰਗਤ ਵੱਲੋਂ ਜਥੇਦਾਰ ਗੜਗੱਜ ਦਾ ਭਰਵਾਂ ਸਵਾਗਤ
* ਸਰਕਾਰ ਪਾਸੋਂ ਹੱਕੀ ਮੰਗਾਂ ਮਨਵਾਉਣ ਲਈ ਸਮੂਹ ਸਿੱਖ ਧੜੇਬੰਦੀ ਛੱਡ ਕੇ ਏਕਤਾ ਨਾਲ ਇੱਕ ਮੰਚ ਉੱਤੇ ਆਉਣ- ਜਥੇਦਾਰ ਗੜਗੱਜ*
ਸ੍ਰੀ ਅੰਮ੍ਰਿਤਸਰ, 17 ਅਗਸਤ 2025 - ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਸਮਰਪਿਤ ਖੁਆਰ ਹੋਏ ਸਭ ਮਿਲੈਂਗੇ ਧਰਮ ਪ੍ਰਚਾਰ ਲਹਿਰ ਤਹਿਤ ਜੰਮੂ ਕਸ਼ਮੀਰ ਵਿੱਚ ਪ੍ਰਚਾਰ ਫੇਰੀ ਦੌਰਾਨ ਕਸ਼ਮੀਰ ਦੀ ਸਿੱਖ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਖ-ਵੱਖ ਪੜਾਵਾਂ ਦੌਰਾਨ ਭਰਵਾਂ ਸਵਾਗਤ ਕੀਤਾ। ਜਥੇਦਾਰ ਗੜਗੱਜ ਪੁਲਵਾਮਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਪੁਲਵਾਮਾ ਖੇਤਰ ਵਿੱਚ ਸਮੂਹ ਸਿੱਖ ਬੈਲਟ ਫੋਰਸ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬੋਰਡਿੰਗ ਹਾਊਸ ਵਿਖੇ 17 ਅਗਸਤ ਨੂੰ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਕਸ਼ਮੀਰ ਦੌਰੇ ਉੱਤੇ ਗਏ ਹੋਏ ਹਨ।
ਇਸ ਦੌਰਾਨ ਜਥੇਦਾਰ ਗੜਗੱਜ ਨੇ ਅਨੰਤਨਾਗ ਜ਼ਿਲ੍ਹੇ ਵਿੱਚ ਸਥਿਤ ਚਿੱਠੀਸਿੰਘਪੁਰਾ ਪਿੰਡ ਦੀ ਸਿੱਖ ਸੰਗਤ ਵੱਲੋਂ ਸੰਧਿਆ ਵੇਲੇ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਵੀ ਹਾਜ਼ਰੀ ਭਰੀ। ਕਸ਼ਮੀਰ ਵੱਲ ਜਾਂਦੇ ਹੋਏ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੇ ਊਧਮਪੁਰ, ਕੁਲਗਾਮ, ਅਵੰਤੀਪੁਰਾ ਅਤੇ ਤਰਾਲ ਵਿਖੇ ਜਥੇਦਾਰ ਗੜਗੱਜ ਨੂੰ ਭਾਰੀ ਉਤਸ਼ਾਹ ਨਾਲ ਜੀ ਆਇਆਂ ਨੂੰ ਆਖਿਆ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਨਾਲ-ਨਾਲ ਫੁੱਲਾਂ ਦੇ ਹਾਰਾਂ ਨਾਲ ਸਨਮਾਨਿਤ ਕੀਤਾ। ਪੁਲਵਾਮਾ ਜ਼ਿਲ੍ਹੇ ਦੇ ਤਰਾਲ ਵਿੱਚ ਸਥਿਤ ਗੁਰਦੁਆਰਾ ਸਾਹਿਬ ਬੋਰਡਿੰਗ ਹਾਊਸ ਦੇ ਰਸਤੇ ਵਿੱਚ ਪੈਂਦੇ ਬੇਕੁੰਡ, ਚੰਦਰੀਗ੍ਰਾਮ, ਸੈਮੋਹ, ਸ਼ਕਰਗਾਹ ਅਤੇ ਨਗੀਮਪੁਰਾ ਪਿੰਡਾਂ ਦੀਆਂ ਸੰਗਤਾਂ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਭਰਵਾਂ ਸਵਾਗਤ ਕੀਤਾ।
ਤਰਾਲ ਦੇ ਗੁਰਦੁਆਰਾ ਬੋਰਡਿੰਗ ਹਾਊਸ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਪੁਲਵਾਮਾ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਕੁਲਵੰਤ ਸਿੰਘ ਨੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਨਿੱਘਾ ਸਵਾਗਤ ਕਰਦਿਆਂ ਕਸ਼ਮੀਰ ਦੀ ਧਰਤੀ ਉੱਤੇ ਪੁੱਜਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਸ. ਕੁਲਵੰਤ ਸਿੰਘ ਨੇ ਜਥੇਦਾਰ ਗੜਗੱਜ ਦੇ ਸਾਹਮਣੇ ਸੰਗਤ ਦੀ ਹਾਜ਼ਰੀ ਵਿੱਚ ਸਥਾਨਕ ਸਿੱਖਾਂ ਨਾਲ ਸਬੰਧਤ ਕੁਝ ਅਹਿਮ ਮਾਮਲੇ ਵੀ ਚੁੱਕੇ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਆਪਣੇ ਸਮਿਆਂ ਵਿੱਚ ਕਸ਼ਮੀਰ ਦੀ ਧਰਤੀ ਉੱਤੇ ਆਏ ਅਤੇ ਪਹਿਲੇ ਪਾਤਸ਼ਾਹ ਜੀ ਦੇ ਇੱਥੇ ਆਉਣ ਦੇ ਨਾਲ ਹੀ ਇੱਥੇ ਸਿੱਖੀ ਵੀ ਆਈ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਖ਼ਾਲਸਾ ਪੰਥ ਵਜੋਂ ਇੱਕ ਸਾਂਝਾ ਪਰਿਵਾਰ ਹਾਂ। ਕਸ਼ਮੀਰ ਦੀ ਧਰਤੀ ਤੋਂ ਹੀ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਿਤਾਂ ਦਾ ਵਫ਼ਦ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਪਾਸ ਅਰਜ਼ੋਈ ਕਰਨ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ, ਜਿਨ੍ਹਾਂ ਨੇ ਫਿਰ ਬਾਅਦ ਵਿੱਚ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਤਿਲਕ ਤੇ ਜੰਞੂ ਅਤੇ ਧਰਮ ਦੀ ਰਾਖੀ ਲਈ ਸ਼ਹਾਦਤ ਦਿੱਤੀ।
ਉਨ੍ਹਾਂ ਕਿਹਾ ਕਿ ਇਹ ਘਟਨਾ ਕਸ਼ਮੀਰ ਦੇ ਪੰਡਿਤਾਂ, ਕਸ਼ਮੀਰੀ ਲੋਕਾਂ ਅਤੇ ਹਿੰਦੁਸਤਾਨ ਦੇ ਹੁਕਮਰਾਨਾ ਨੂੰ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ, ਇਸ ਲਈ ਜੰਮੂ ਕਸ਼ਮੀਰ ਅਤੇ ਭਾਰਤ ਦੀਆਂ ਸਰਕਾਰਾਂ ਦਾ ਇਹ ਪਹਿਲਾ ਫ਼ਰਜ਼ ਬਣਦਾ ਹੈ ਕਿ ਕਸ਼ਮੀਰੀ ਸਿੱਖਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕਸ਼ਮੀਰੀ ਸਿੱਖਾਂ ਨੇ ਔਖੇ ਤੋਂ ਔਖੇ ਸਮੇਂ ਵੀ ਕਸ਼ਮੀਰ ਨਹੀਂ ਛੱਡਿਆ ਤੇ ਦੇਸ਼ ਨਾਲ ਖੜ੍ਹੇ ਅਤੇ ਅੱਜ ਉਨ੍ਹਾਂ ਦੇ ਹੱਕ-ਹਕੂਕ ਸੁਰੱਖਿਅਤ ਕਰਨਾ ਸਰਕਾਰਾਂ ਦਾ ਫ਼ਰਜ਼ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖ ਹਿੰਦੁਸਤਾਨ ਹੀ ਨਹੀਂ ਪੂਰੇ ਸੰਸਾਰ ਦੇ ਵਿੱਚ ਘੱਟ-ਗਿਣਤੀ ਹੈ, ਜਿਨ੍ਹਾਂ ਦਾ ਪੱਕਾ ਆਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਇਸ ਲਈ ਗੁਰਬਾਣੀ ਦੀ ਸਿਖਿਆ ਅਨੁਸਾਰ ਗੁਰੂ ਸਾਹਿਬ ਉੱਤੇ ਭਰੋਸਾ ਰੱਖਦਿਆਂ ਤਰਕ-ਵਿਤਰਕ ਵਿੱਚ ਨਹੀਂ ਪੈਣਾ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਦਾ ਹਰ ਮਸਲਾ ਹੱਕ ਹੋਵੇਗਾ ਜੇਕਰ ਕੌਮ ਵਿੱਚ ਧੜਿਆਂ ਤੋਂ ਉੱਪਰ ਉੱਠ ਕੇ ਏਕਤਾ ਹੋਵੇਗੀ ਅਤੇ ਸਾਡੇ ਲਈ ਕੌਮੀ ਹਿੱਤ ਅਤੇ ਕੌਮ ਦੇ ਹੱਕ-ਹਕੂਕ ਪਹਿਲ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰਾਂ ਵੀ ਸਿੱਖਾਂ ਦੀ ਗੱਲ ਉਦੋਂ ਸੁਣਨਗੀਆਂ ਜਦੋਂ ਸਿੱਖ ਇੱਕ ਮੰਚ ਉੱਤੇ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵੱਖੋ-ਵੱਖਰੇ ਚੁੱਲ੍ਹੇ ਹੋਣਗੇ ਤਾਂ ਮਸਲੇ ਹੱਲ ਨਹੀਂ ਹੋਣੇ, ਅੰਦਰਖਾਤੇ ਸਾਡੇ ਵਿਚਕਾਰ ਵਿਚਰਦੇ ਸਾਰਕਾਰ-ਪੱਖੀ ਬੰਦੇ ਆਪੋ-ਆਪਣੇ ਹਿਤਾਂ ਨੂੰ ਪਹਿਲ ਦੇਣਗੇ, ਨਿੱਜੀ ਗਰਜਾਂ ਦੀ ਗੱਲ ਚੱਲੇਗੀ, ਜਿਸ ਵਿੱਚ ਕੌਮ ਨੂੰ ਕੋਈ ਲਾਭ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਕੋਈ ਆਗੂ ਆਵੇ ਉਸ ਦੇ ਸਾਹਮਣੇ ਆਪਣੀਆਂ ਮੰਗਾਂ ਇਕਜੁੱਟਤਾ ਨਾਲ ਰੱਖੋ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੂਰਾ ਸਹਿਯੋਗ ਮਿਲੇਗਾ। ਜਥੇਦਾਰ ਗੜਗੱਜ ਨੇ ਕਸ਼ਮੀਰ ਦੇ ਸਿੱਖ ਨੌਜਵਾਨਾਂ ਨੂੰ ਸਿੱਖੀ ਧਰਮ ਵਿੱਚ ਪ੍ਰਪੱਕ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਸ਼ਮੀਰ ਦੇ ਸਿੱਖਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਸਿੱਖਾਂ ਦੇ ਅਨੰਦ ਕਾਰਜ ਸਿੱਖਾਂ ਦੇ ਘਰਾਂ ਵਿੱਚ ਹੀ ਹੋਣੇ ਚਾਹੀਦੇ ਹਨ ਅਤੇ ਖੁਸ਼ੀ ਪ੍ਰਗਟ ਕੀਤੀ ਕਿ ਕਸ਼ਮੀਰ ਦੇ ਸਾਰੇ ਸਿੱਖ ਸਾਬਤ ਸੂਰਤ ਹਨ।
ਸਥਾਨਕ ਸਿੱਖਾਂ ਵੱਲੋਂ ਇਲਾਕੇ ਵਿੱਚ ਬਣਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਸਕੂਲ ਦੀ ਸੇਵਾ ਲਈ ਕੀਤੀ ਗਈ ਮੰਗ ਸਬੰਧੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਕੂਲ ਦੀਆਂ ਰਹਿੰਦੀਆਂ ਤੇ ਲੋੜੀਂਦੀਆਂ ਸੇਵਾਵਾਂ ਪੂਰੀਆਂ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਗੱਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਕੂਲ ਬਣਨਾ ਜ਼ਰੂਰੀ ਹੈ ਕਿਉਂਕਿ ਸਾਡੇ ਸੱਭਿਆਚਾਰ ਤੇ ਭਾਸ਼ਾ ਸਾਡੇ ਬੱਚੇ ਉਦੋਂ ਹੀ ਸਿੱਖਣਗੇ ਜਦੋਂ ਸਾਡੇ ਆਪਣੇ ਅਦਾਰੇ ਹੋਣਗੇ। ਉਨ੍ਹਾਂ ਸੰਗਤ ਨੂੰ ਪ੍ਰੇਰਣਾ ਕੀਤੀ ਆਪਣੇ ਖਰਚੇ ਹੋਰ ਪਾਸਿਓਂ (ਵਿਆਹਾਂ ਅਤੇ ਭੋਗਾਂ ਵਿੱਚੋਂ) ਘਟਾ ਕਿ ਦਸਵੰਧ ਸਕੂਲ ਤਿਆਰ ਕਰਨ ਲਈ ਲਗਾਇਆ ਜਾਵੇ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਦੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਾਕਾ ਆ ਰਿਹਾ ਹੈ ਤਾਂ ਕਸ਼ਮੀਰੀ ਸਿੱਖਾਂ ਦੀ ਘੱਟ-ਗਿਣਤੀ ਸਥਿਤੀ ਮੁੜ ਬਹਾਲ ਕੀਤੀ ਜਾਵੇ ਅਤੇ ਸਿੱਖਾਂ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਸੰਗਤ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਸਬੰਧੀ ਸਰਕਾਰ ਨਾਲ ਲਿਖਾਪੜ੍ਹੀ ਕੀਤੀ ਜਾਵੇਗੀ ਅਤੇ ਹਰ ਪੱਧਰ ਉੱਤੇ ਗੱਲਬਾਤ ਕੀਤੀ ਜਾਵੇਗੀ। ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਜੰਮੂ ਕਸ਼ਮੀਰ ਨੈਸ਼ਨਲ ਕਾਨਫਰੰਸ ਪਾਰਟੀ ਦੇ ਆਗੂ ਫਾਰੂਕ ਅਬਦੁੱਲਾ ਜੀ ਨਾਲ ਵੀ ਫ਼ੋਨ ਉੱਤੇ ਗੱਲ ਹੋਈ ਹੈ, ਜਿਨ੍ਹਾਂ ਨੂੰ ਜੰਮੂ ਕਸ਼ਮੀਰ ਦੇ ਸਿੱਖਾਂ ਦੇ ਹੱਕ ਹਕੂਕ ਸੁਰੱਖਿਅਤ ਕਰਨ ਲਈ ਸੂਬਾ ਪੱਧਰ ਅਤੇ ਕੇਂਦਰ ਸਰਕਾਰ ਦੇ ਪੱਧਰ ਉੱਤੇ ਕਾਰਜ ਕਰਨ ਲਈ ਆਖਿਆ ਹੈ।
ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਪਹਿਲਾਂ ਪੰਜਾਬੀ ਪੰਜਵੇਂ ਸਥਾਨ ਉੱਤੇ ਸੀ ਪਰ ਜਦੋਂ ਤੋਂ ਇੱਥੇ ਧਾਰਾ 370 ਤੋੜੀ ਗਈ ਹੈ ਉਦੋਂ ਤੋਂ ਪੰਜਾਬੀ ਭਾਸ਼ਾ ਦੀ ਤਰਜਮਾਨੀ ਸੂਬੇ ਵਿੱਚੋਂ ਖਤਮ ਕਰ ਦਿੱਤੀ ਗਈ ਹੈ, ਜੋ ਕਿ ਚੰਗੀ ਨੀਤੀ ਨਹੀਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਹਿੰਦੀ, ਉਰਦੂ, ਡੋਗਰੀ, ਕਸ਼ਮੀਰੀ, ਅੰਗਰੇਜ਼ੀ ਭਾਸ਼ਾਵਾਂ ਤੋਂ ਕੋਈ ਪਰੇਸ਼ਾਨੀ ਨਹੀਂ ਹੈ, ਸਰਕਾਰਾਂ ਨੇ ਇਹ ਪੜ੍ਹਾਉਣੀਆਂ ਹਨ ਤਾਂ ਪੜ੍ਹਾਉਣ ਪਰ ਸਿੱਖਾਂ ਦੀ ਮਾਂ-ਬੋਲੀ ਪੰਜਾਬੀ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਉੱਤੇ ਵੀ ਸਰਕਾਰ ਨਾਲ ਗੱਲ ਕੀਤੀ ਜਾਵੇਗੀ ਕਿ ਪੰਜਾਬੀ ਭਾਸ਼ਾ ਦਾ ਪਹਿਲਾਂ ਵਾਲਾ ਦਰਜਾ ਬਹਾਲ ਕੀਤਾ ਜਾਵੇ ਅਤੇ ਪੰਜਾਬੀ ਨੂੰ ਪਹਿਲਾਂ ਦੀ ਤਰ੍ਹਾਂ ਹੀ ਸਕੂਲਾਂ ਕਾਲਜਾਂ ਵਿੱਚ ਮੁੜ ਪੜ੍ਹਾਇਆ ਜਾਵੇ।
ਜਥੇਦਾਰ ਗੜਗੱਜ ਨੇ ਜੰਮੂ ਕਸ਼ਮੀਰ ਦੇ ਸਮੂਹ ਸਿੱਖਾਂ ਨੂੰ ਧੜੇਬੰਦੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਰਕਾਰਾਂ ਕੋਲੋਂ ਆਪਣੀਆਂ ਮੰਗਾਂ ਮਨਵਾਈਆਂ ਜਾ ਸਕਣ। ਜਥੇਦਾਰ ਗੜਗੱਜ ਨੇ ਕਸ਼ਮੀਰ ਦੀ ਸੰਗਤ ਨੂੰ ਭਰੋਸਾ ਦਿੱਤਾ ਕਿ ਇਸ ਇਲਾਕੇ ਵਿੱਚ ਸਾਲ ਵਿੱਚ ਇੱਕ ਵਾਰ ਗੁਰਮਤਿ ਕੈਂਪ ਲਗਾਏ ਜਾਣਗੇ ਜਿੱਥੇ ਪ੍ਰਚਾਰਕ ਸਿੰਘਾਂ ਦੀ ਵਿਸ਼ੇਸ਼ ਡਿਊਟੀਆਂ ਲਗਾ ਕੇ ਪ੍ਰਚਾਰ ਪ੍ਰਸਾਰ ਕੀਤਾ ਜਾਵੇਗਾ। ਉਨ੍ਹਾਂ ਕਸ਼ਮੀਰ ਦੀ ਸੰਗਤ ਨੂੰ ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਸਾਕੇ ਨਾਲ ਸਬੰਧਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਈ ਜਾ ਰਹੀ ਸ਼ਤਾਬਦੀ ਦੇ ਸਮਾਗਮਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜੰਮੂ ਕਸ਼ਮੀਰ ਸਿੱਖ ਮਿਸ਼ਨ ਦੇ ਇੰਚਾਰਜ ਭਾਈ ਹਰਭਿੰਦਰ ਸਿੰਘ, ਜਥੇਦਾਰ ਗੜਗੱਜ ਦੇ ਨਿਜੀ ਸਹਾਇਕ ਸ. ਬਲਦੇਵ ਸਿੰਘ ਸਮੇਤ ਇਲਾਕੇ ਦੀਆਂ ਪ੍ਰਮੁੱਖ ਸਖ਼ਸ਼ੀਅਤਾਂ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।