ਅਹਿਮ ਖ਼ਬਰ: ਨੰਗਲ ਨੂੰ ਮਿਲਿਆ ਬਲਾਕ ਦਾ ਦਰਜਾ, ਪੰਚਾਂ-ਸਰਪੰਚਾਂ ਨੇ ਸਰਕਾਰ ਦਾ ਕੀਤਾ ਸ਼ੁਕਰੀਆ
ਨੰਗਲ ਨੂੰ ਬਲਾਕ ਦਾ ਦਰਜਾ ਮਿਲਣ ਤੇ ਧੰਨਵਾਦ ਕਰਨ ਪਹੁੰਚੇ ਪੰਚ, ਸਰਪੰਚ ਤੇ ਪਤਵੰਤੇ
ਪ੍ਰਮੋਦ ਭਾਰਤੀ
ਨੰਗਲ 03 ਅਗਸਤ 2025- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਿਫਾਰਿਸ਼ ਨਾਲ ਨੰਗਲ ਇਲਾਕੇ ਦੀਆਂ ਪੰਚਾਇਤਾਂ ਦੀ ਚਿਰਕੋਣੀ ਮੰਗ ਨੂੰ ਮੰਤਰੀ ਮੰਡਲ ਵਿਚ ਪ੍ਰਵਾਨਗੀ ਦੇ ਕੇ ਨੰਗਲ ਨੂੰ ਬਲਾਕ ਦਾ ਦਰਜਾ ਐਲਾਨੇ ਜਾਣ ਲਈ ਧੰਨਵਾਦ ਕਰਨ ਪਹੁੰਚੇ ਇਲਾਕੇ ਦੇ ਪੰਚਾਂ, ਸਰਪੰਚਾਂ ਨੇ ਕਿਹਾ ਹੈ ਕਿ ਚੋਣਾਂ ਦੌਰਾਨ ਆਪਣੇ ਵਾਅਦਿਆਂ ਨੂੰ ਬੂਰ ਪਾ ਕੇ ਇਸ ਇਲਾਕੇ ਦੇ ਵਿਕਾਸ ਦੇ ਰਾਹ ਪੱਧਰੇ ਕਰਨ ਦਾ ਕੰਮ ਪੰਜਾਬ ਸਰਕਾਰ ਨੇ ਕਰ ਦਿੱਤਾ ਹੈ। ਅੱਜ ਨੰਗਲ 2ਆਰਵੀਆਰ ਵਿੱਚ ਹਫਤਾਵਾਰੀ ਲੋਕ ਮਿਲਣੀ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ.ਵਿੱਚ ਮੌਕੇ ਪਹੁੰਚੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਹਲਕਾ ਕੋਆਰਡੀਨੇਟਰ, ਡਾਇਰੈਕਟਰ ਪੰਜਾਬ ਐਗਰੋ ਰਾਮ ਕੁਮਾਰ ਮੁਕਾਰੀ ਜਿਲ੍ਹਾ ਸਕੱਤਰ, ਹਿਤੇਸ਼ ਸ਼ਰਮਾ, ਦੀਪਕ ਸੋਨੀ, ਸਤੀਸ਼ ਚੋਪੜਾ, ਦਇਆ ਸਿੰਘ,ਐਡਵੋਕੇਟ ਨਿਸ਼ਾਤ, ਸਰਪੰਚ ਬ੍ਰਹਮਪੁਰ ਚੰਨਣ ਸਿੰਘ ਪੱਮੂ ਢਿੱਲੋਂ, ਸਰਪੰਚ ਭੰਗਲਾ ਜਸਵਿੰਦਰ ਸਿੰਘ ਕਾਕੂ, ਗੁਰਵਿੰਦਰ ਕੌਰ ਸਰਪੰਚ ਰਾਏਪੁਰ, ਪਲਵਿੰਦਰ ਕੌਰ ਸਰਪੰਚ ਸੂਰੇਵਾਲ ਲੋਅਰ, ਕੰਵਲਜੀਤ ਕੌਰ ਸਰਪੰਚ ਸੂਰੇਵਾਲ ਅੱਪਰ, ਪੰਚ ਭਾਗੋ ਬੇਗਮ, ਰਕੇਸ਼ ਕੌਰ, ਜੁਝਾਰ ਸਿੰਘ ਆਸਪੁਰ, ਸੁਖਵਿੰਦਰ ਸਿੰਘ ਸੇਖੋਂ,ਵਿੱਕਰ ਸਿੰਘ, ਰਜਿੰਦਰ ਸਿੰਘ ਕਾਕੂ, ਗੁਰਵਿੰਦਰ ਸਿੰਘ ਕਾਲਾ ਸ਼ੋਕਰ ਤੇ ਇਲਾਕੇ ਦੇ ਵੱਖ ਵੱਖ ਪੰਚਾਂ, ਸਰਪੰਚਾਂ ਤੇ ਪਤਵੰਤਿਆਂ ਨੇ ਕਿਹਾ ਕਿ ਉਨ੍ਹਾਂ ਲਈ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪੰਜਾਬ ਦੇ ਇਸ ਇਲਾਕੇ ਦੇ ਲੋਕਾਂ ਦੀ ਵੱਡੀ ਸਮੱਸਿਆਂ ਹੁਣ ਹੱਲ ਹੋ ਗਈ ਹੈ।
ਸ੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਵੱਖੋ ਵੱਖਰੇ ਉਪ ਮੰਡਲਾਂ/ਤਹਿਸੀਲਾਂ ਅਤੇ ਨੂਰਪੁਰ ਬੇਦੀ ਸਬ ਤਹਿਸੀਲ ਅਧੀਨ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਲਾਕ ਦਫਤਰ ਸ੍ਰੀ ਅਨੰਦਪੁਰ ਸਾਹਿਬ ਅਤੇ ਨੂਰਪੁਰ ਬੇਦੀ ਵਿਖੇ ਆਉਣ ਜਾਣ ਦੀ ਖੱਜਲ ਖੁਆਰੀ ਨਾਲ ਅਕਸਰ ਹੀ ਬਹੁਤ ਪ੍ਰੇਸ਼ਾਨੀ ਰਹਿੰਦੀ ਸੀ, ਪ੍ਰੰਤੂ ਹੁਣ ਨੰਗਲ ਨੂੰ ਬਲਾਕ ਦਾ ਦਰਜਾ ਮਿਲਣ ਨਾਲ ਇਸ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਦਾ ਮਾਰਗ ਖੁੱਲ ਗਿਆ ਹੈ। ਆਗੂਆਂ ਨੇ ਦੱਸਿਆ ਕਿ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਨੇ 2022 ਦੀਆਂ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਲੋਕਾਂ ਨੂੰ ਦਫਤਰਾਂ ਦੀ ਖੱਜਲ ਖੁਆਰੀ ਨਹੀ ਝੱਲਣੀ ਪਵੇਗੀ, ਅੱਜ ਤੱਕ ਹਾਲਾਤ ਇਸ ਤਰਾਂ ਸੁਖਾਵੇ ਹੋ ਗਏ ਹਨ ਕਿ ਹਰਜੋਤ ਬੈਂਸ ਹਰ ਹਫਤੇ ਲੋਕਾਂ ਦੀਆਂ ਸਮੱਸਿਆਵਾ ਹੱਲ ਕਰਨ ਲਈ ਨੰਗਲ ਸੇਵਾ ਸਦਨ ਵਿੱਚ ਘੰਟਿਆ ਬੱਧੀ ਬੈਠਦੇ ਹਨ, ਜਿੱਥੇ ਹਰ ਕੋਈ ਬਿਨਾ ਸਿਫਾਰਿਸ਼ ਮਿਲ ਕੇ ਆਪਣੇ ਮਸਲੇ ਹੱਲ ਕਰਵਾ ਰਿਹਾ ਹੈ।
ਉਨ੍ਹਾਂ ਨੇ ਹੋਰ ਦੱਸਿਆ ਕਿ ਪਹਿਲਾ ਸਾਡਾਐਮਐਲਏਸਾਡੇ ਵਿੱਚ, ਸਰਕਾਰੀ ਅਧਿਕਾਰੀਆਂ ਵੱਲੋਂ ਪਿੰਡਾਂ ਵਿਚ ਜਨ ਸੁਣਵਾਈ ਕੈਂਪ ਅਤੇ ਸਰਕਾਰ ਤੁਹਾਡੇ ਦੁਆਰ ਰਾਹੀ ਯੋਗ ਲੋੜਵੰਦ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਇਆ ਗਿਆ ਹੈ। ਸਿੱਖਿਆ ਕ੍ਰਾਂਤੀ ਅਤੇ ਯੁੱਧ ਨਸ਼ਿਆ ਵਿਰੁੱਧ ਪ੍ਰੋਗਰਾਮ ਪਿੰਡਾਂ ਵਿੱਚ ਅਸਰਦਾਰ ਸਿੱਧ ਹੋਏ ਹਨ। ਉਸ ਦੌਰਾਨ ਵੀ ਲੋਕਾਂ ਨਾਲ ਮਿਲਣੀ ਦਾ ਸਿਲਸਿਲਾ ਚੱਲਦਾ ਰਿਹਾ ਹੈ ਅਤੇ ਲੋਕ ਅਸਾਨੀ ਨਾਲ ਆਪਣੇ ਆਗੂ ਨੂੰ ਮਿਲ ਕੇ ਸਮੱਸਿਆਵਾ ਹੱਲ ਕਰਵਾ ਰਹੇ ਹਨ। ਹਲਕਾ ਵਿਧਾਇਕ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੇਂਡੂ ਇਲਾਕਿਆਂ ਵਿੱਚ ਪ੍ਰਬੰਧਕੀ ਵਿਵਸਥਾ ਅਤੇ ਸੇਵਾਵਾਂ ਮੁਹੱਈਆ ਕਰਵਾਉਣ ਲਈ ਵੱਡੇ ਪ੍ਰਸ਼ਾਸਕੀ ਸੁਧਾਰ ਲਿਆਉਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਪੇਂਡੂ ਵਿਕਾਸ ਬਲਾਕਾਂ ਦੇ ਪੁਨਰਗਠਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਕਿ ਇਨ੍ਹਾਂ ਬਲਾਕਾਂ ਨੂੰ ਜ਼ਿਲ੍ਹੇ ਦੀਆਂ ਹੱਦਾਂ ਨਾਲ ਜੋੜਿਆ ਜਾ ਸਕੇ।
ਉਨ੍ਹਾਂ ਨੇ ਦੱਸਿਆ ਕਿ ਇਸ ਫੈਸਲੇ ਨਾਲ ਪ੍ਰਸ਼ਾਸਕੀ ਕੁਸ਼ਲਤਾ ਵਿੱਚ ਵਿਆਪਕ ਸੁਧਾਰ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿਕਾਸ ਬਲਾਕਾਂ ਦੇ ਅਧਿਕਾਰ ਖੇਤਰ ਨੂੰ ਸਬੰਧਤ ਜ਼ਿਲ੍ਹਾ ਸੀਮਾਵਾਂ ਦੇ ਅਨੁਸਾਰ ਲਿਆਉਣ ਲਈ ਪੁਨਰਗਠਨ ਕੀਤਾ ਗਿਆ ਹੈ। ਸ.ਬੈਂਸ ਨੇ ਕਿਹਾ ਕਿ ਨੰਗਲ ਨੂੰ ਵੱਖਰਾ ਬਲਾਕ ਬਣਾ ਕੇ ਇਸ ਪੁਨਰਗਠਨ ਦਾ ਉਦੇਸ਼ ਬਲਾਕ-ਪੱਧਰੀ ਅਤੇ ਜ਼ਿਲ੍ਹਾ-ਪੱਧਰੀ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਨੂੰ ਯਕੀਨੀ ਬਣਾਉਣਾ, ਪੇਂਡੂ ਵਿਕਾਸ ਯੋਜਨਾਵਾਂ ਦੀ ਬਿਹਤਰ ਵਿਉਂਤਬੰਦੀ ਅਤੇ ਵਿਕਾਸ ਸਕੀਮਾਂ ਨੂੰ ਲਾਗੂ ਕਰਨ ਨੂੰ ਸੁਚਾਰੂ ਬਣਾਉਣ ਤੋਂ ਇਲਾਵਾ ਪ੍ਰਸ਼ਾਸਕੀ ਕੰਮਾਂ ਦੀ ਅਸਾਵੀਂ ਵਿਵਸਥਾ (ਓਵਰਲੈਪ) ਨੂੰ ਖਤਮ ਕਰਨਾ ਹੈ, ਜੋ ਅਕਸਰ ਦੇਰੀ ਅਤੇ ਸੁਸਤ ਕਾਰਗੁਜ਼ਾਰੀ ਦੇ ਕਾਰਨ ਬਣਦੇ ਸਨ। ਪੁਨਰਗਠਨ ਦੀ ਪ੍ਰਕਿਰਿਆ ਮੌਕੇ ਮੌਜੂਦਾ ਪ੍ਰਸ਼ਾਸਕੀ ਸੀਮਾਵਾਂ ਅਤੇ ਕਾਰਜਸ਼ੀਲ ਲੋੜਾਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਸੀ ਇਸ ਇਲਾਕੇ ਵਿੱਚ ਪੁਨਰਗਠਨ ਮੌਕੇ ਸਾਰੀਆਂ ਲੋੜੀਂਦੀਆਂ ਕਾਨੂੰਨੀ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਦੀ ਪਾਲਣਾ ਯਕੀਨੀ ਬਣਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੇ ਪੇਂਡੂ ਖੇਤਰਾਂ ਵਿਚ ਰਹਿ ਰਹੇ ਲੋਕਾਂ ਦੀ ਇਹ ਚਿਰਕੋਣੀ ਮੰਗ ਸੀ ਕਿ ਸਾਡੇ ਇਲਾਕੇ ਦਾ ਵੱਖਰਾ ਬਲਾਕ ਬਣਾਇਆ ਜਾਵੇ ਤਾਂ ਜੋ ਸਰਕਾਰ ਦੀਆਂ ਵਿਕਾਸ ਦੀਆਂ ਯੋਜਨਾਵਾਂ ਦਾ ਲਾਭ ਬਿਨਾ ਦੇਰੀ ਸਾਡੇ ਪਿੰਡਾਂ ਤੱਕ ਪਹੁੰਚ ਸਕੇ, ਜਿਸ ਦੇ ਲਈ ਵਿਆਪਕ ਪੱਧਰ ਤੇ ਚਾਰਾਜੋਈ ਸੁਰੂ ਕੀਤੀ ਅਤੇ ਸਾਡੇ ਮੁੱਖ ਸ.ਭਗਵੰਤ ਸਿੰਘ ਮਾਨ ਨੇ ਸਾਡੀ ਇਸ ਮੰਗ ਨੂੰ ਪ੍ਰਵਾਨ ਕਰਦੇ ਹੋਏ ਮੰਤਰੀ ਮੰਡਲ ਵਿੱਚ ਨੰਗਲ ਨੂੰ ਵੱਖਰੇ ਬਲਾਕ ਦਾ ਦਰਜਾ ਦੇ ਦਿੱਤਾ ਹੈ।