18 ਜੁਲਾਈ ਨੂੰ ਸ਼ਹੀਦੀ ਦਿਨ 'ਤੇ
ਖੱਬੇ-ਪੱਖੇ ਵਿਦਿਆਰਥੀ ਲਹਿਰ ਦੇ ਹੀਰੇ ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਯਾਦ ਕਰਦਿਆਂ
By Baljit Balli
ਇਹ ਗੱਲ ਜੁਲਾਈ 2015 ਦੀ ਹੈ. ਪ੍ਰੋ ਚਮਨ ਲਾਲ ਨੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਆਗੂ ਪ੍ਰਿਥੀਪਾਲ ਸਿੰਘ ਰੰਧਾਵਾ ਦੇ 1979 ਵਿਚ ਕੀਤੇ ਗਏ ਬੇਰਹਿਮ ਕਤਲ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਦਾ ਜ਼ਿਕਰ ਆਪਣੇ ਬਲੌਗ ਵਿੱਚ ਕੀਤਾ । ਉਹ ਪੜ੍ਹ ਕੇ ਮੇਰੇ ਅੱਖਾਂ ਸਾਹਮਣੇ ਉਨ੍ਹਾਂ ਦਿਨਾਂ ਦੀ ਇੱਕ ਰੀਲ੍ਹ ਜਿਹੀ ਘੁੰਮ ਗਈ ਹੈ। ਚਮਨ ਨੇ ਮੈਨੂੰ ਅਗਸਤ 1979 ਦੇ ਉਹ ਦਿਨ ਯਾਦ ਕਰਾ ਦਿੱਤੇ ਨੇ ਜਦੋਂ ਰੰਧਾਵੇ ਦੀ ਸ਼ਹੀਦੀ ਬਾਰੇ ਇੱਕ ਪੋਸਟਰ ਛਪਵਾਉਣ ਲਈ ਮੈਂ ਦਿੱਲੀ ਗਿਆ। ਮੈਂ ਚਮਨ ਹੋਰਾਂ ਕੋਲ ਹੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ ) ਵਿਚ ਗਿਆ ਸੀ ਜਿੱਥੇ ਉਹ ਉਸ ਵੇਲੇ ਖ਼ੁਦ ਸਟੂਡੈਂਟ ਸਨ। ਇਹ ਵੀ ਜ਼ਿਕਰ ਕਰਨਾ ਚੰਗਾ ਹੈ ਕਿ ਚਮਨ ਲਾਲ ਮੇਰੇ ਗਰਾਈਂ ਵੀ ਨੇ। ਉਹ ਵੀ ਰਾਮਪੁਰਾ ਫੂਲ ਦੇ ਜੰਮਪਲ ਨੇ ਅਤੇ ਨਾਲ ਮੇਰੇ ਨਜ਼ਦੀਕੀ ਰਿਸ਼ਤੇਦਾਰ ਵੀ ਨੇ। ਉਹ ਪਹਿਲਾਂ ਚਮਨ ਲਾਲ ਪ੍ਰਭਾਕਰ ਵਜੋਂ ਜਾਣੇ ਜਾਂਦੇ ਸਨ। ਪ੍ਰੋਫ਼ੈਸਰ ਚਮਨ ਲਾਲ ਉਹ ਬਾਅਦ ਵਿਚ ਬਣੇ। ਮੇਰਾ ਖ਼ਿਆਲ ਹੈ ਦਿੱਲੀ ਦੀ ਮੇਰੀ ਇਹ ਪਲੇਠੀ ਫੇਰੀ ਸੀ। ਇਹ ਵੀ ਸਬੱਬ ਹੈ ਕਿ ਦਿੱਲੀ ਫੇਰੀ ਤੋਂ ਕੁਝ ਸਾਲ ਪਹਿਲਾਂ ਆਪਣੀ ਚੰਡੀਗੜ੍ਹ ਦੀ ਪਹਿਲੀ ਫੇਰੀ ਸਮੇਂ ਵੀ ਮੈਂ ਚਮਨ ਕੋਲ ਹੀ ਰਿਹਾ ਸੀ। ਉਦੋਂ ਉਹ ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦਾ ਸੀ। ਚਮਨ ਦੇ ਨੀਲੇ ਰੰਗ ਦੇ ਸਾਈਕਲ ਤੇ ਅਸੀਂ ਇਕੱਠੇ ਪਹਿਲੀ ਵਾਰ ਸੈਕਟਰ 17 ਦੇ ਕਾਫ਼ੀ ਹਾਊਸ ਗਏ ਸੀ। ਉਂਜ ਤਾਂ ਖੱਬੇ ਪੱਖੀ ਅਤੇ ਜਮਹੂਰੀ ਸੋਚ ਵਾਲੇ ਚਿੰਤਕ ਵਜੋਂ ਚਮਨ ਲਾਲ ਨੇ ਬਹੁਤ ਕੁਝ ਲਿਖਿਆ ਪੜ੍ਹਿਆ ਪਰ ਪਿਛਲੇ ਕੁਝ ਸਾਲਾਂ ਦੌਰਾਨ ਉਸਨੇ ਸ਼ਹੀਦ ਭਗਤ ਸਿੰਘ ਬਾਰੇ, ਉਨ੍ਹਾਂ ਦੀਆਂ ਲਿਖਤਾਂ ਅਤੇ ਹੋਰ ਸਮਗਰੀ ਸੰਭਾਲਣ ਅਤੇ ਸਾਰੀ ਸਮਗਰੀ ਨੂੰ ਕਿਤਾਬ ਬੰਦ ਕਰਨ ਇਤਿਹਾਸਕ ਉੱਦਮ ਕੀਤਾ ਹੈ.
ਫੇਰ ਦਿੱਲੀ ਵੱਲ ਆਈਏ ਜਦੋਂ ਮੈਂ ਸ਼ਹੀਦ ਰੰਧਾਵਾ ਯਾਦਗਾਰੀ ਪੋਸਟਰ ਦੀ ਛਪਾਈ ਲਈ ਗਿਆ ਸੀ ।
ਚਮਨ ਹੋਰੀਂ ਮੈਨੂੰ ਅੰਮ੍ਰਿਤਾ ਪ੍ਰੀਤਮ ਦੇ ਘਰ ਲੈ ਗਏ ਸਨ ਜਿੱਥੇ ਇਮਰੋਜ਼ ਨਾਲ ਮੇਰੀ ਮੁਲਾਕਾਤ ਕਰਾਈ ਸੀ। ਦਿੱਲੀ ਵਿਚ ਉਨ੍ਹਾਂ ਦੇ ਹੌਜ਼ ਖ਼ਾਸ ਵਾਲੇ ਇਤਿਹਾਸਕ ਘਰ ਵਿਚ ਅਸੀਂ ਇਮਰੋਜ਼ ਨੂੰ ਪ੍ਰਿਥੀਪਾਲ ਰੰਧਾਵਾ ਦਾ ਇੱਕ ਸਕੈੱਚ ਬਣਾਉਣ ਦੀ ਬੇਨਤੀ ਕੀਤੀ। ਮੈਂ ਪ੍ਰਿਥੀਪਾਲ ਰੰਧਾਵਾ ਦੀ ਇਕ ਫਰੇਮ ਜੜੀ ਤਸਵੀਰ ਇਮਰੋਜ਼ ਨੂੰ ਦਿੱਤੀ ਜਿਹੜੀ ਕਿ ਮੈਂ ਪੰਜਾਬ ਤੋਂ ਆਪਣੇ ਨਾਲ ਲੈ ਗਿਆ ਸੀ। ਅੰਮ੍ਰਿਤਾ ਪ੍ਰੀਤਮ ਦੀਆਂ ਨਜ਼ਮਾਂ ਪੜ੍ਹੀਆਂ ਸੁਣੀਆਂ ਸਨ, ਨਾਗਮਣੀ ਦੀ ਦੇਖੀ ਭਾਲੀ ਸੀ, ਉਨ੍ਹਾਂ ਦੇ ਕਿੱਸੇ ਕਹਾਣੀਆਂ ਵੀ ਸੁਣੀ ਸਨ ਪਰ ਮੇਰੀ ਤਾਂ ਅੰਮ੍ਰਿਤਾ ਅਤੇ ਇਮਰੋਜ਼ ਨਾਲ ਉਹ ਪਹਿਲੀ ਮੀਟਿੰਗ ਹੀ ਸੀ। ਚਮਨ ਦੇ ਕਹਿਣ 'ਤੇ ਇਮਰੋਜ਼ ਰੰਧਾਵਾ ਦਾ ਸਕੈੱਚ ਤਿਆਰ ਕਰਨ ਲਈ ਰਾਜ਼ੀ ਹੋ ਗਿਆ।
ਅਸੀਂ ਸੇਵਾ -ਫਲ ਪੁੱਛਿਆ ਤਾਂ ਉਸਨੇ ਬਹੁਤ ਰਿਆਇਤ ਨਾਲ 200 ਰੁਪਏ ਦੱਸਿਆ। ਅਸੀਂ ਬਹੁਤ ਖ਼ੁਸ਼ ਹੋਏ। ਮੇਰਾ ਖ਼ਿਆਲ ਹੈ ਤਿੰਨ ਕੁ ਦਿਨਾਂ ਬਾਅਦ ਅਸੀਂ ਦੋਨੋਂ ਜਣੇ ਫੇਰ ਇਮਰੋਜ਼ ਦੇ ਘਰ ਗਏ। ਸਕੈੱਚ ਤਿਆਰ ਸੀ। ਅਸੀਂ 200 ਰੁਪਏ ਦਿੱਤੇ, ਧੰਨਵਾਦ ਕੀਤਾ ਅਤੇ ਸਕੈੱਚ ਲੈਕੇ ਵਾਪਸ ਆ ਗਏ।
ਅਗਲਾ ਕੰਮ ਇਸ ਨੂੰ ਪੋਸਟਰ ਦੇ ਰੂਪ ਵਿਚ ਛਪਵਾਉਣ ਦਾ ਸੀ। ਮੈਨੂੰ ਤਾਂ ਕੋਈ ਵਾਕਫ਼ੀਅਤ ਨਹੀਂ ਸੀ। ਚਮਨ ਹੋਰੀਂ ਮੈਨੂੰ ਪੁਰਾਣੀ ਦਿੱਲੀ ਵਿਚ ਇੱਕ ਪ੍ਰਿੰਟਿੰਗ ਪ੍ਰੈੱਸ ਤੇ ਲੈ ਗਿਆ। ਜਿੱਥੇ ਇਸ ਨੂੰ ਪ੍ਰਿੰਟ ਕਰਨ ਲਈ ਦਿੱਤਾ ਗਿਆ। ਉਹ 5-6 ਦਿਨ ਮੈਂ ਚਮਨ ਕੋਲ ਹੀ ਜੇ ਐਨ ਯੂ ਦੇ ਪੈਰੀਯਾਰ ਹੋਸਟਲ ਵਿਚ ਰਿਹਾ। ਮੈਨੂੰ ਯਾਦ ਹੈ ਕਿ ਪਹਾੜੀ-ਨੁਮਾ ਉੱਚੀ ਥਾਂ 'ਤੇ ਉੱਸਰੇ ਇਸ ਹੋਸਟਲ ਦੀ ਤੀਜੀ ਮੰਜ਼ਿਲ'ਤੇ 305 ਨੰਬਰ ਕਮਰਾ ਚਮਨ ਦਾ ਸੀ। ਬੇਹੱਦ ਗਰਮੀ ਦੇ ਦਿਨ ਸਨ ਉਹ। ਉੱਪਰ ਛੱਤ ਤੇ ਸੌਂਦੇ ਹੁੰਦੇ ਸਾਂ ਅਸੀਂ।
ਏ ਸੀ ਤਾਂ ਗੱਲ ਹੀ ਛੱਡੋ ਉਦੋਂ ਕੂਲਰ ਵੀ ਕਿਸੇ-ਕਿਸੇ ਕੋਲ ਹੁੰਦਾ ਸੀ ਅਤੇ ਇਹ ਅਮੀਰੀ ਦੀ ਨਿਸ਼ਾਨੀ ਸਮਝੀ ਜਾਂਦੀ ਸੀ। ਇਹ ਉਹ ਦਿਨ ਸਨ ਜਦੋਂ ਜੇ ਐਨ ਯੂ ਖੱਬੇ-ਪੱਖੀ ਵਿਦਿਆਰਥੀਆਂ, ਪ੍ਰੋਫ਼ੈਸਰਾਂ ਅਤੇ ਬੁੱਧੀਜੀਵੀਆਂ ਦਾ ਸਰਗਰਮ ਗੜ੍ਹ ਮੰਨੀ ਜਾਂਦੀ ਸੀ। ਪੰਜਾਬ ਚਾਹੀਦਾ ਘੁੰਮਦੇ ਰਹੇ ਮੇਰੇ ਵਰਗੇ ਲਈ ਤਾਂ ਜੇ ਐਨ ਯੂ ਦਾ ਉਹ ਮਾਹੌਲ ਬਹੁਤ ਹੀ ਨਵੇਕਲਾ ਅਤੇ ਨਵਾਂ ਤਜਰਬਾ ਸੀ .
ਖ਼ੈਰ, ਓਥੋਂ ਉਸ ਸਕੈੱਚ ਨੂੰ ਕਾਫ਼ੀ ਗਿਣਤੀ ਵਿਚ ਇੱਕ ਪੋਸਟਰ ਦੇ ਰੂਪ ਵਿਚ ਪ੍ਰਿੰਟ ਕਰਾਇਆ ਅਤੇ ਪੀ ਐਸ ਯੂ ਵੱਲੋਂ ਪੰਜਾਬ ਭਰ ਵਿਚ ਵੰਡਿਆ ਗਿਆ ਸੀ। ਉਦੋਂ ਪੀ ਐਸ ਯੂ ਦੀ ਕਮਾਂਡ ਜਸਪਾਲ ਜੱਸੀ, ਮਲਵਿੰਦਰ ਮਾਲੀ ਅਤੇ ਸੁਖਦੇਵ ਪਟਵਾਰੀ ਅਤੇ ਉਨ੍ਹਾਂ ਦੇ ਹੋਰ ਸਾਥੀਆਂ ਕੋਲ ਸੀ।
ਪ੍ਰਿਥੀਪਾਲ ਰੰਧਾਵੇ ਦੇ ਕਤਲ ਤੋਂ ਬਾਅਦ ਪੰਜਾਬ ਸਟੂਡੈਂਟਸ ਯੂਨੀਅਨ ਦੇ ਉਸ ਵੇਲੇ ਦੇ ਆਗੂਆਂ, ਵਰਕਰਾਂ ਅਤੇ ਹੋਰ ਖੱਬੇ ਪੱਖੀ ਅਤੇ ਇਨਸਾਫ਼ਪਸੰਦ ਲੋਕਾਂ ਦੇ ਦੁਖੀ, ਗ਼ੁੱਸੇ ਭਰੇ ਅਤੇ ਬੇਬਸ ਚਿਹਰੇ ਮੇਰੇ ਅੱਜ ਵੀ ਯਾਦ ਨੇ। ਮੈਨੂੰ ਇਹ ਵੀ ਯਾਦ ਹੈ ਕਿ ਪਿਰਥੀ ਪਾਲ ਸਿੰਘ ਰੰਧਾਵਾ ਦੀ ਇਸ ਸ਼ਹੀਦੀ ਦਾ ਬਦਲਾ ਲੈਣ ਲਈ ਕਿੰਨੇ ਵਿਦਿਆਰਥੀ ਅਤੇ ਨੌਜਵਾਨ ਬੇਹੱਦ ਭਾਵੁਕ ਹੋ ਕੇ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਲਈ ਤਿਆਰ ਸਨ। ਸ਼ਾਇਦ ਬਹੁਤ ਲੋਕਾਂ ਨੂੰ ਨਾ ਪਤਾ ਹੋਵੇ ਕਿ 18 ਜੁਲਾਈ, 1979 ਦੀ ਰਾਤ ਨੂੰ ਰੰਧਾਵਾ ਨੂੰ ਉਸਦੇ ਸਹੁਰੇ ਘਰੋਂ ਅਗਵਾ ਕਰਕੇ ਲਿਜਾਇਆ ਗਿਆ ਅਤੇ ਬੇਦਰਦੀ ਨਾਲ ਮਾਰਿਆ ਗਿਆ। ਜਿਸ ਜਗਾ ਤੇ ਉਸ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਉਸ ਦੀਆਂ ਲੱਤਾਂ ਤੋੜ ਕੇ ਮਾਰਿਆ ਗਿਆ ਉਹ ਜਗਾ ਲੁਧਿਆਣੇ ਦੇ ਇਕ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਦੇ ਭਰਾ ਦੇ ਖੇਤ ਦੀ ਮੋਟਰ ਸੀ। ਉਸ ਨੂੰ ਮਾਰਨ ਵਾਲੇ ਦੋਸ਼ੀ ਉਸ ਵੇਲੇ ਦੀ ਇੱਕ ਅਕਾਲੀ ਆਗੂ ਪ੍ਰਹਿਲਾਦ ਸਿੰਘ ਅਤੇ ਸਾਬਕਾ ਅਤੇ ਸਵਰਗੀ ਐਮ ਪੀ ਨਿਰਲੇਪ ਕੌਰ ਦੇ ਚਹੇਤੇ ਸਨ। ਉਸ ਦੀ ਲਾਸ਼ 19 ਜੁਲਾਈ, 1979 ਨੂੰ ਤੜਕੇ ਲੁਧਿਆਣੇ ਨੇੜੇ ਹੀ ਖੇਤਾਂ ਵਿਚੋਂ ਮਿਲੀ ਸੀ।
ਇਹ ਵੀ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਕਿ ਪ੍ਰਿਥੀਪਾਲ ਰੰਧਾਵਾ ਨੂੰ ਜਿਸ ਦਿਨ ਅਗਵਾ ਕੀਤਾ ਗਿਆ ਉਹ ਉਦੋਂ ਪੀ ਏ ਯੂ ਲੁਧਿਆਣਾ ਵਿਚੋਂ ਆਪਣੀ ਪੜ੍ਹਾਈ ਪੂਰੀ ਕਰ ਚੁੱਕਾ ਸੀ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਵੀ ਸੁਰਖ਼ਰੂ ਹੋ ਚੁੱਕਾ ਸੀ।
ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਿਸ ਦਿਨ ਰੰਧਾਵਾ ਨੂੰ ਅਗਵਾ ਕਰਕੇ ਕਤਲ ਕੀਤਾ ਗਿਆ ਇਸ ਤੋਂ ਇੱਕ-ਦੋ ਦਿਨ ਬਾਅਦ ਉਸ ਨੇ ਇੱਕ ਰਿਪੋਰਟਰ ਵਜੋਂ ਲੁਧਿਆਣੇ ਤੋਂ ਹੀ ਇੰਡੀਅਨ ਐਕਸਪ੍ਰੈਸ ਅਖ਼ਬਾਰ ਵਿਚ ਜੁਆਇਨ ਕਰਨਾ ਸੀ।
ਇਹ ਗੱਲ ਉਸ ਨੇ ਅਗਵਾ ਹੋਣ ਤੋਂ ਦੋ ਕੁ ਦਿਨ ਪਹਿਲਾਂ ਉਸਦੇ ਸਹੁਰੇ ਘਰ ਬੈਠਿਆਂ ਖ਼ੁਦ ਮੈਨੂੰ ਦੱਸੀ ਸੀ।
ਉਨ੍ਹਾਂ ਦਿਨਾਂ ਵਿਚ ਇੰਡੀਅਨ ਐਕਸਪ੍ਰੈਸ ਸਾਡਾ ਸਭ ਦਾ ਮਨ ਭਾਉਂਦਾ ਅਖ਼ਬਾਰ ਸੀ। ਐਮਰਜੈਂਸੀ ਦੌਰਾਨ ਜੇ ਭੂਮਿਕਾ ਇਸ ਅਖ਼ਬਾਰ ਨੇ ਨਿਭਾਈ ਸੀ ਅਤੇ ਜਿਸ ਤਰ੍ਹਾਂ ਆਜ਼ਾਦਾਨਾ ਢੰਗ ਨਾਲ ਇਹ ਅਖ਼ਬਾਰ ਖੱਬੇ ਪੱਖੀ ਅਤੇ ਹੋਰ ਜਨਤਕ ਅੰਦੋਲਨਾਂ ਦੀ ਕਵਰੇਜ਼ ਕਰਦਾ ਸੀ, ਇਸ ਨਾਲ ਇਸ ਦੀ ਭਰੋਸੇਯੋਗਤਾ ਬਹੁਤ ਵੱਧ ਗਈ। ਗੋਬਿੰਦ ਠੁਕਰਾਲ ਅਤੇ ਉਸ ਵੇਲੇ ਦੇ ਉਨ੍ਹਾਂ ਦੇ ਸਾਥੀ ਪੱਤਰਕਾਰਾਂ ਵੱਲੋਂ ਵੱਲੋਂ ਉਨ੍ਹਾਂ ਦਿਨਾਂ ਵਿਚ ਪੀ ਐਸ ਯੂ ਦੀ ਕੀਤੀ ਖੜਕਵੀਂ ਰਿਪੋਰਟਿੰਗ ਮੈਨੂੰ ਅੱਜ ਵੀ ਯਾਦ ਹੈ। ਇਸੇ ਲਈ ਹੀ ਪਿਰਥੀ ( ਪਿਰਥੀ ਪਾਲ ਰੰਧਾਵਾ ਨੂੰ ਅਸੀਂ ਪਿਰਥੀ ਕਹਿਕੇ ਹੀ ਬੁਲਾਉਂਦੇ ਸਾਂ ) ਨੇ ਇੰਡੀਅਨ ਐਕਸਪ੍ਰੈੱਸ ਨੂੰ ਹੀ ਚੁਣਿਆ ਸੀ। ਮੈਨੂੰ ਵੀ ਬਹੁਤ ਖ਼ੁਸ਼ੀ ਹੋਈ ਸੀ। ਸਮੇਂ ਦਾ ਗੇੜ ਹੀ ਸਮਝੋ ਕਿ ਪ੍ਰਿਥੀ ਪੱਤਰਕਾਰ ਬਣਨ ਦੇ ਅਰਮਾਨ ਮਨ ਵਿਚ ਲੈ ਕੇ ਤੁਰ ਗਿਆ ਅਤੇ ਮੈਂ ਉਸਦੀ ਸ਼ਹੀਦੀ ਤੋਂ ਸਾਲ ਕੁ ਬਾਅਦ ਪੱਤਰਕਾਰੀ ਸ਼ੁਰੂ ਕਰ ਦਿੱਤੀ। ਓਸ ਵੇਲੇ ਮੇਰੇ ਚਿੱਤ ਚੇਤੇ ਵੀ ਨਹੀਂ ਸੀ ਕਿ ਕਦੇ ਮੈਂ ਵੀ ਪੱਤਰਕਾਰੀ ਨੂੰ ਉਮਰ ਭਰ ਲਈ ਇੱਕ ਕਿੱਤੇ ਵਜੋਂ ਅਪਣਾਵਾਂਗਾ।
ਰੰਧਾਵੇ ਦੀ ਅੰਗਰੇਜ਼ੀ ਭਾਸ਼ਾ ਤੇ ਪੂਰੀ ਕਮਾਂਡ ਸੀ ਅਤੇ ਉਸ ਦੀ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਭਾਸ਼ਾਵਾਂ ਦੀ ਲਿਖਾਈ ਵੀ ਬਹੁਤ ਖ਼ੂਬਸੂਰਤ ਸੀ। ਪੀ ਐਸ ਯੂ ਦੀ ਸੂਬਾ ਕਮੇਟੀ ਦੀਆਂ ਮੀਟਿੰਗਾਂ ਦੀ ਕਾਰਵਾਈ ਵਾਲੇ ਰਜਿਸਟਰਾਂ ਦੀ ਕਾਰਵਾਈ ਵੀ ਬਹੁਤੀ ਵਾਰ ਉਹੀ ਲਿਖਦਾ ਸੀ। ਉਸ ਨਾਲ ਪਹਿਲੀ ਮੁਲਾਕਾਤ 1971 ਵਿਚ ਉਸ ਦਿਨ ਬਠਿੰਡੇ ਵਿੱਚ ਹੀ ਹੋਈ ਸੀ ਜਦੋਂ ਅਸੀਂ PSU ਨੂੰ ਮੁੜ ਜਥੇਬੰਦ ਕਰ ਲਈ ਪਹਿਲੀ ਮੀਟਿੰਗ ਕੀਤੀ ਸੀ .ਇਹ ਮੀਟਿੰਗ 1971 ਵਿਚ ( ਤਾਰੀਖ਼ ਮੈਨੂੰ ਯਾਦ ਨਹੀਂ ) ਆਈ ਟੀ ਆਈ ਬਠਿੰਡਾ ਦੇ ਹੋਸਟਲ ਦੇ ਕਮਰਾ ਨੰਬਰ 6 ਵਿਚ ਹੋਈ ਸੀ .ਮੈਂ ਉਸ ਵੇਲੇ ਆਈ ਟੀ ਆਈ ਦਾ ਸਟੂਡੈਂਟ ਸੀ . ਜਿੱਥੋਂ ਤੱਕ ਮੈਨੂੰ ਯਾਦ ਹੈ ਇਸ ਵਿਚ ਸਮੇਤ 5 ਜਣੇ ਜਿਸਤੋਂ ਹੋਏ ਸੀ . ਪ੍ਰਿਥੀਪਾਲ ਰੰਧਾਵਾ , ਸੁਰਜੀਤ ਸੰਧੂ ( ਪਟਿਆਲਾ ) ਦੇ ਨਾਂ ਮੈਨੂੰ ਯਾਦ ਹਨ ਬਾਕੀ 2 ਦੇ ਨਹੀਂ ਯਾਦ . ਇਸ ਵਿਚ ਪੀ ਐਸ ਯੂ ਦੀ ਕਮੇਟੀ ਸੂਬਾ ਪੱਧਰੀ ਐਡਹਾਕ ਕਮੇਟੀ ਬਣਾਈ ਗਈ ਸੀ . ਉੱਥੇ ਹੀ ਵਿਦਿਆਰਥੀ ਪੇਪਰ ਸ਼ੁਰੂ ਕਰਨ ਦਾ ਫ਼ੈਸਲਾ ਕਰਕੇ ਮੈਨੂੰ ਸੰਪਾਦਕ ਬਣਾਈ ਗਿਆ ਸੀ .
ਇਸ ਤੋਂ ਬਾਅਦ ਕੁਝ ਯੂਨਿਟ ਬਣਾ ਕੇ ਜਦੋਂ ਚੋਣ ਕੀਤੀ ਗਈ ਸੀ ਤਾਂ ਰੰਧਾਵਾ ਨੂੰ ਪ੍ਰਧਾਨ , ਸੁਰਜੀਤ ਸੰਧੂ ਨੂੰ ਜਨਰਲ ਸਕੱਤਰ ਅਤੇ ਮੈਨੂੰ ਪ੍ਰਚਾਰ ਸਕੱਤਰ ਚੁਣਿਆ ਗਿਆ ਸੀ . ਤੁਹਾਡੇ ਵਿਚੋਂ ਕੁਝ ਨੂੰ ਯਾਦ ਹੋਵੇ ਕਿ ਮੋਗਾ ਐਜੀਟੇਸ਼ਨ ਦੌਰਾਨ ਪ੍ਰਕਾਸ਼ਿਤ ਕੀਤੇ ਜਾਂਦੇ ਪੀ ਐਸ ਯੂ ਦੇ ਸੂਬਾ ਪੱਧਰੀ ਪੋਸਟਰਾਂ ਤੇ ਰੰਧਾਵਾ ਅਤੇ ਮੇਰਾ ਨਾਂ ਹੀ ਹੁੰਦਾ ਸੀ .
ਮੈਂ ਅਤੇ ਪ੍ਰਿਥੀਪਾਲ ਨੇ 1971 ਵਿਚ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ-ਜਥੇਬੰਦ ਕਰਨ ਤੋਂ ਲੈਕੇ ਤੋਂ ਲੈ ਕੇ 1978 ਤਕ ਲਗਾਤਾਰ ਇਕੱਠਿਆਂ ਕੰਮ ਕੀਤਾ। ਲਿਖਣ-ਪੜ੍ਹਨ ਦੀ ਰੁਚੀ ਦੀ ਮੇਰੀ ਮੁੱਢਲੀ ਸਿਖਲਾਈ ਪੀ ਐਸ ਯੂ ਵਿਚ ਹੀ ਹੋਈ ਸੀ।
ਵਿਦਿਆਰਥੀ ਲਹਿਰ ਦੇ ਜਿੰਨੇ ਉਤਰਾ-ਚੜ੍ਹਾਅ ਆਏ, ਉਨ੍ਹਾਂ ਸਭ ਵਿਚ ਮੈਂ ਤੇ ਰੰਧਾਵਾ ਜਥੇਬੰਦਕ ਤੌਰ 'ਤੇ ਵੀ ਜੁੜੇ ਰਹੇ ਅਤੇ ਸਾਡੀ ਆਪਸ ਵਿਚ ਜਾਤੀ ਅਤੇ ਪਰਿਵਾਰਕ ਨੇੜਤਾ ਅਤੇ ਸੁਰਮੇਲ ਵੀ ਬਹੁਤ ਸੀ। ਇਸ ਲਈ ਅਨੇਕਾਂ ਯਾਦਾਂ ਉਸ ਨਾਲ ਜੁੜੀਆਂ ਹੋਈਆਂ ਨੇ।
ਇਸ ਤੋਂ ਬਾਦ 1972 ਵਿਚ ਮੈਂ ਰਜਿੰਦਰਾ ਕਾਲਜ ਬਠਿੰਡੇ ਵਿੱਚ ਦਾਖ਼ਲਾ ਲੈ ਲਿਆ ਸੀ।
1972 ਦੇ ਰੀਗਲ ਸਿਨੇਮੇ ਅੱਗੇ ਹੋਈ ਫਾਇਰਿੰਗ ਤੋਂ ਬਾਅਦ ਪੰਜਾਬ ਭਰ ਵਿਚ ਚੱਲਿਆ ਮੋਗਾ ਅੰਦੋਲਨ ਪੰਜਾਬ ਸਟੂਡੈਂਟਸ ਯੂਨੀਅਨ ਦੇ ਫੈਲਾਅ ਅਤੇ ਪੈਰ ਜਮਾਉਣ ਲਈ ਇੱਕ ਵੱਡਾ ਸਬੱਬ ਬਣਿਆ। ਇਹ ਐਜੀਟੇਸ਼ਨ ਸ਼ੁਰੂ ਪੀ ਐਸ ਯੂ ਨੇ ਨਹੀਂ ਸੀ ਕੀਤੀ ਪਰ ਇਸਦੀ ਵਾਗਡੋਰ ਪੀ ਐਸ ਯੂ ਨੇ ਆਪਣੇ ਹੱਥ ਵਿਚ ਲੈ ਲਈ ਸੀ। ਲਗਭੱਗ ਦੇ ਮਹੀਨੇ ਤੋਂ ਵੱਧ ਸਮਾਂ ਜਾਰੀ ਰਹੇ ਇਸ ਅੰਦੋਲਨ ਨੇ ਪੀ ਐਸ ਯੂ ਦੀ ਲੀਡਰਸ਼ਿਪ ਅਤੇ ਖ਼ਾਸ ਕਰਕੇ ਪ੍ਰਿਥੀਪਾਲ ਪਾਲ ਰੰਧਾਵਾ ਦੀ ਧਾਕ ਜਮਾ ਦਿੱਤੀ।
ਇਸ ਤੋਂ ਬਾਅਦ ਹੋਈ ਸੂਬਾ ਪੱਧਰੀ ਚੋਣ ਵਿਚ ਮੈਨੂੰ ਪੀ ਐਸ ਯੂ ਦਾ ਸੂਬਾ ਪ੍ਰਧਾਨ ਅਤੇ ਅਤੇ ਪ੍ਰਿਥੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਖੱਬੀਆਂ ਪਾਰਟੀਆਂ ਅਤੇ ਖੱਬੇ ਪੱਖੀ ਜਥੇਬੰਦੀਆਂ ਵਿਚ ਹਮੇਸ਼ਾ ਹੀ ਜਨਰਲ ਸਕੱਤਰ ਦੀ ਪੋਸਟ ਨੂੰ ਉਸੇ ਤਰ੍ਹਾਂ ਮੰਨਿਆਂ ਜਾਂਦਾ ਸੀ ਜਿਵੇਂ ਅੱਜ ਕੱਲ੍ਹ ਕਾਰਪੋਰੇਟ ਸੈਕਟਰ ਦੀਆਂ ਕੰਪਨੀਆਂ ਵਿਚ ਸੀ ਈ ਓ ਦਾ ਸਥਾਨ ਹੁੰਦਾ ਹੈ।
ਬਹੁਤੀਆਂ ਖੱਬੇ ਪੱਖੀ ਪਾਰਟੀਆਂ ਦੀ ਰਵਾਇਤ ਅਨੁਸਾਰ ਇਸ ਤੋਂ ਕੁਝ ਦੇਰ ਬਾਅਦ ਅਸੀਂ ਵੀ ਪੰਜਾਬ ਸਟੂਡੈਂਟਸ ਦੇ ਜਨਰਲ ਇਜਲਾਸ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਯੂਨੀਅਨ ਵਿੱਚੋਂ ਪ੍ਰਧਾਨ ਦਾ ਅਹੁਦਾ ਹੀ ਖ਼ਤਮ ਕਰ ਦਿੱਤਾ ਸੀ। ਕਤਲ ਕੀਤੇ ਜਾਣ ਤੋਂ ਕੁਝ ਸਮਾਂ ਪਹਿਲਾਂ ਤੱਕ ਪ੍ਰਿਥੀਪਾਲ ਸਿੰਘ ਰੰਧਾਵਾ ਲਗਾਤਾਰ ਪੀ ਐਸ ਯੂ ਦੇ ਜਨਰਲ ਸਕੱਤਰ ਦੇ ਅਹੁਦੇ ਤੇ ਕੰਮ ਕਰਦੇ ਰਹੇ।
ਐਮਰਜੈਂਸੀ ਦੌਰਾਨ 1975 ਵਿਚ ਮੇਰੇ ਸਮੇਤ ਪੀ ਐਸ ਯੂ ਦੇ ਸਰਗਰਮ ਆਗੂਆਂ 'ਤੇ ਉਸ ਵੇਲੇ ਦੇ ਕਾਲਾ ਕਾਨੂੰਨ ਡਿਫੈਂਸ ਆਫ ਇੰਡੀਆ ਰੂਲਜ਼ ਐਕਟ ( ਡੀ ਆਈ ਆਰ ) ਲਾ ਕੇ ਵਾਰੰਟ ਕੱਢੇ ਗਏ ਸਨ। ਪ੍ਰਿਥੀਪਾਲ ਸਿੰਘ ਰੰਧਾਵਾ ਨੂੰ ਉਸੇ ਐਕਟ ਅਧੀਨ ਡੇਢ ਸਾਲ ਤੋਂ ਵੱਧ ਸਮਾਂ ਜੇਲ੍ਹ ਵਿਚ ਬੰਦ ਰੱਖਿਆ ਗਿਆ ਸੀ। ਪੁਲਿਸ ਹਿਰਾਸਤ ਵਿਚ ਉਸਤੇ ਤਸ਼ੱਦਦ ਵੀ ਕੀਤਾ ਗਿਆ ਅਤੇ ਤਸੀਹੇ ਵੀ ਦਿੱਤੇ ਗਏ ਸਨ। ਹੋਰ ਬਹੁਤ ਸਾਰੀਆਂ ਯਾਦਾਂ ਦੀ ਪਟਾਰੀ ਮੇਰੇ ਕੋਲ ਹੈ। ਇਸ ਨੂੰ ਫੇਰ ਕਦੇ ਇਸੇ ਹੀ ਬਲਾਗ ਵਿੱਚ ਸਾਂਝਾ ਕਰਾਂਗਾ।
ਦਸੂਹੇ ਦਾ ਜੰਮਪਲ ਪ੍ਰਿਥੀਪਾਲ ਇੱਕ ਨੇਕ ਦਿਲ ਅਤੇ ਬਹੁਤ ਨਿੱਘਾ ਇਨਸਾਨ ਸੀ, ਬੁੱਧੀਮਾਨ ਇੰਨਾ ਸੀ ਕਿ ਪੰਜਾਬ ਭਰ ਦੀ ਉਸ ਵੇਲੇ ਦੀ ਤਾਕਤਵਰ ਵਿਦਿਆਰਥੀ ਜਥੇਬੰਦੀ ਦੀ ਅਗਵਾਈ ਕਰਦਾ ਹੋਇਆ ਅਤੇ ਆਪਣਾ ਓੜਕਾਂ ਦਾ ਸਮਾਂ ਇਸਦੇ ਜਥੇਬੰਦਕ ਕੰਮ ਵਿਚ ਲਾਉਂਦਾ ਹੋਇਆ ਵੀ ਆਪਣੀ ਬੀ ਐਸ ਸੀ ਅਤੇ ਫਿਰ ਐਮ ਐਸ ਸੀ ਦੀ ਪੜ੍ਹਾਈ ਪੱਖੋਂ ਕਦੇ ਮਾਰ ਨਹੀਂ ਸੀ ਖਾਂਦਾ। ਉਹ ਇੱਕ ਤਕੜਾ ਬੁਲਾਰਾ ਸੀ। ਉਹ ਹਮੇਸ਼ਾ ਸਾਫ਼-ਸੁਥਰੇ ਕੱਪੜੇ ਪਾਕੇ ਰੱਖਣ ਅਤੇ ਬਣ-ਫੱਬ ਕੇ ਰਹਿਣ ਦਾ ਆਦੀ ਸੀ। ਰੰਧਾਵਾ ਉਹ ਸ਼ਖ਼ਸ ਸੀ ਜਿਹੜਾ ਨੇਕ ਨੀਅਤ ਨਾਲ, ਆਪਣੇ ਨਿੱਜੀ ਹਿਤ ਅਤੇ ਸੁੱਖ-ਆਰਾਮ ਤਿਆਗ ਕੇ ਲੋਕ -ਹਿੱਤਾਂ, ਲੋਕਾਂ ਦੇ ਜਮਹੂਰੀ ਅਤੇ ਸ਼ਹਿਰੀ ਹੱਕਾਂ ਲਈ ਆਖ਼ਰੀ ਦਮ ਤੱਕ ਡਟ ਕੇ ਲੜਦਾ ਰਿਹਾ। ਉਹ ਜਿੰਨੀ ਸੰਜੀਦਗੀ ਨਾਲ ਇਕ ਇਨਕਲਾਬੀ ਵਜੋਂ ਵਿਚਰਦਾ ਸੀ, ਉਨਾ ਉਹ ਮਜ਼ਾਕੀਆ ਵੀ ਸੀ। ਯੂਨੀਵਰਸਿਟੀ ਪੜ੍ਹਦੇ ਹੀ ਉਸ ਦਾ ਪਿਆਰ ਵਿਆਹ ਲੁਧਿਆਣੇ ਕਾਲਜ ਦੀ ਇਕ ਲੈਕਚਰਾਰ ਨਾਲ ਜੋ ਗਿਆ ਸੀ ਉਸ ਦੀ ਸ਼ਹੀਦੀ ਮੌਕੇ ਉਸਦੀ ਧੀ ਰਿੱਕੀ ਬਹੁਤ ਛੋਟੀ ਸੀ ਜਿਸ ਨੂੰ ਬਾਅਦ ਵਿਚ ਪ੍ਰਿਥੀ ਦੀ ਪਤਨੀ ਨੇ ਪਾਲਿਆ ਪੋਸਿਆ ਅਤੇ ਪੜ੍ਹਾਇਆ-ਲਿਖਾਇਆ।
ਨੋਟ: ਬਹੁਤ ਲੰਮਾ ਸਮਾਂ ਬੀਤ ਜਾਣ ਕਰਕੇ ਹੱਡ-ਬੀਤੀ ਦੇ ਜ਼ਿਕਰ ਸਮੇਂ ਅਤੇ ਸਥਾਨ ਪੱਖੋਂ ਕਿਤੇ ਕੋਈ ਉਕਾਈ ਹੋ ਸਕਦੀ ਹੈ, ਇਸ ਲਈ ਮੈਂ ਪਹਿਲਾਂ ਹੀ ਖਿਮਾ ਮੰਗ ਲੈਂਦਾ ਹਾਂ.
ਸਭ ਤੋਂ ਪਹਿਲਾਂ ਇਹ ਲੇਖ ਜੁਲਾਈ 2015 ਵਿਚ ਲਿਖਿਆ -ਜੁਲਾਈ 2025 ਵਿਚ ਸੋਧਿਆ - ਬਲਜੀਤ ਬੱਲੀ

ਬਲਜੀਤ ਬੱਲੀ
ਸੰਪਾਦਕ
ਬਾਬੂਸ਼ਾਹੀ ਡਾਟ ਕਾਮ
tirshinazar@gmail.com