ਬਠਿੰਡਾ ਸ਼ਹਿਰੀ ਹਲਕੇ ਦੇ ਬੂਥ ਲੈਵਲ ’ਤੇ ਨਿਯੁਕਤ ਬੀ.ਐਲ.ਓਜ਼ ਦੀ ਕਰਵਾਈ ਟ੍ਰੇਨਿੰਗ
ਅਸ਼ੋਕ ਵਰਮਾ
ਬਠਿੰਡਾ, 10 ਜੁਲਾਈ 2025 : ਭਾਰਤ ਚੋਣ ਕਮਿਸ਼ਨਰ ਦੀਆਂ ਹਦਾਇਤਾਂ, ਮੁੱਖ ਚੋਣ ਅਫ਼ਸਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੀ ਰਹਿਨੁਮਾਈ ਅਤੇ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ. ਬਲਕਰਨ ਸਿੰਘ ਮਾਹਲ ਦੀ ਨਿਗਰਾਨੀ ਹੇਠ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਅਧੀਨ ਨਿਯੁਕਤ ਬੂਥ ਲੈਵਲ ਅਫ਼ਸਰਾਂ ਨੂੰ ਉਨ੍ਹਾਂ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਅਸੈਂਬਲੀ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਕਰਵਾਈ ਗਈ।
ਇਸ ਤੋਂ ਇਲਾਵਾ ਜ਼ਿਲ੍ਹੇ ਭਰ ਚ ਅੱਜ ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਦੀ ਜ਼ਿਲ੍ਹਾ ਪ੍ਰੀਸ਼ਦ ਵਿਖੇ, ਵਿਧਾਨ ਸਭਾ ਹਲਕਾ ਭੁੱਚੋ ਦੀ ਤਹਿਸੀਲ ਦਫ਼ਤਰ ਬਠਿੰਡਾ ਵਿਖੇ, ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਦਸਮੇਸ਼ ਸਕੂਲ ਤਲਵੰਡੀ ਸਾਬੋ ਵਿਖੇ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਬੂਥ ਲੈਵਲ ਅਫ਼ਸਰਾਂ ਨੂੰ ਸ.ਸ.ਸ.ਸ. ਗਰਲਜ਼ ਮੌੜ ਵਿਖੇ ਉਨ੍ਹਾਂ ਦੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਅਤੇ ਅਸੈਂਬਲੀ ਮਾਸਟਰ ਟ੍ਰੇਨਰਾਂ ਵੱਲੋਂ ਟ੍ਰੇਨਿੰਗ ਕਰਵਾਈ ਗਈ।
ਟ੍ਰੇਨਿੰਗ ਵਿੱਚ ਬੂਥ ਲੈਵਲ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਤੇ ਕੰਮਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਟ੍ਰੇਨਿੰਗ ਮੁਕੰਮਲ ਹੋਣ ਉਪਰੰਤ ਹਰੇਕ ਬੂਥ ਲੈਵਲ ਅਫ਼ਸਰ ਦਾ ਇੱਕ ਅਸੈਸਮੈਂਟ ਟੈਸਟ ਵੀ ਲਿਆ ਜਾਵੇਗਾ। ਟ੍ਰੇਨਿੰਗ ਦੇ ਅੰਤ ਵਿੱਚ ਹਰੇਕ ਬੂਥ ਲੈਵਲ ਅਫ਼ਸਰ ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੱਲੋਂ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ।