ਕੇਂਦਰੀ ਯੂਨੀਵਰਸਿਟੀ ਵਿਖੇ ਕਰਨਲ (ਸੇਵਾਮੁਕਤ) ਜੈਬੰਸ ਸਿੰਘ ਨੇ ਭਾਰਤ ਦੀਆਂ ਰੱਖਿਆ ਤਿਆਰੀਆਂ ‘ਤੇ ਦਿੱਤਾ ਭਾਸ਼ਣ
ਅਸ਼ੋਕ ਵਰਮਾ
ਬਠਿੰਡਾ, 17 ਮਈ2025: ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਦੀ ਅਗਵਾਈ ਹੇਠ ‘ਰਾਸ਼ਟਰ ਪ੍ਰਥਮ’ ਮੁਹਿੰਮ ਤਹਿਤ ਇੱਕ ਉਤਸ਼ਾਹ ਭਰੀ ਤਿਰੰਗਾ ਰੈਲੀ ਕਰਕੇ ਭਾਰਤੀ ਸੈਨਿਕ ਬਲਾਂ ਦੀ ਬਹਾਦਰੀ ਅਤੇ ਬਲੀਦਾਨ ਨੂੰ ਸਲਾਮ ਕੀਤਾ। ਇਸ ਰੈਲੀ ਵਿੱਚ ਪਿੰਡ ਘੁੱਦਾ ਦੇ ਸਕੂਲੀ ਵਿਦਿਆਰਥੀਆਂ ਅਤੇ ਸਥਾਨਕ ਵਾਸੀਆਂ ਨੇ ਪੂਰੇ ਜ਼ੋਰ-ਸ਼ੋਰ ਨਾਲ ਭਾਗ ਲਿਆ ਅਤੇ ‘ਵੰਦੇ ਮਾਤਰਮ’ ਤੇ ‘ਭਾਰਤ ਮਾਤਾ ਦੀ ਜੈ’ ਜਿਹੇ ਦੇਸ਼ ਭਗਤੀ ਦੇ ਨਾਰੇ ਲਾ ਕੇ ਮਾਹੌਲ ਨੂੰ ਸਵੈਮਾਣ ਅਤੇ ਉਤਸ਼ਾਹ ਨਾਲ ਭਰ ਦਿੱਤਾ।

ਇਸ ਮੁਹਿੰਮ ਦੇ ਤਹਿਤ ਯੂਨੀਵਰਸਿਟੀ ਵਿੱਚ ਵੱਖ-ਵੱਖ ਦੇਸ਼ ਭਗਤੀ ਨਾਲ ਸਬੰਧਿਤ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ ਵਿਸ਼ੇਸ਼ ਭਾਸ਼ਣ, ਨੁੱਕੜ ਨਾਟਕ, ‘ਦੇਸ਼ ਦੇ ਨਾਮ ਸੰਦੇਸ਼’, ਨਿਬੰਧ ਲੇਖਣ ਅਤੇ ਕਵਿਤਾ ਮੁਕਾਬਲੇ ਸ਼ਾਮਲ ਸਨ ਜਿਨ੍ਹਾਂ ਦਾ ਮਕਸਦ ਨੌਜਵਾਨਾਂ ਵਿੱਚ ਰਾਸ਼ਟਰੀ ਗੌਰਵ, ਏਕਤਾ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ ਸੀ।
ਪ੍ਰੋਗਰਾਮ ਦੀ ਮੁੱਖ ਗਤੀਵਿਧੀ ਕਰਨਲ (ਸੇਵਾਮੁਕਤ) ਜੈਬੰਸ ਸਿੰਘ ਵੱਲੋਂ ‘ਭਾਰਤ ਦੀਆਂ ਰੱਖਿਆ ਤਿਆਰੀਆਂ ਅਤੇ ਬਦਲ ਰਹੇ ਸੁਰੱਖਿਆ ਸਿਧਾਂਤ’ ‘ਤੇ ਦਿੱਤਾ ਗਿਆ ਵਿਸ਼ੇਸ਼ ਭਾਸ਼ਣ ਸੀ। ਉਨ੍ਹਾਂ ਭਾਰਤ ਦੀ ਰੱਖਿਆ ਨੀਤੀ ਵਿੱਚ ਆ ਰਹੇ ਬਦਲਾਅ ਨੂੰ ਦਰਸਾਉਂਦੇ ਹੋਏ ਦੱਸਿਆ ਕਿ ਹੁਣ ਭਾਰਤ ਰਵਾਇਤੀ ਰੱਖਿਆ ਨੀਤੀ ਤੋਂ ਸਰਗਰਮ ਸੁਰੱਖਿਆ ਨੀਤੀ ਵੱਲ ਵਧ ਰਿਹਾ ਹੈ, ਜਿਸ ਵਿੱਚ ਤਕਨੀਕੀ ਉੱਨਤੀ, ਖੁਫੀਆ ਜਾਣਕਾਰੀ ਅਧਾਰਿਤ ਕਾਰਵਾਈਆਂ ਅਤੇ ਤੁਰੰਤ ਪ੍ਰਤੀਕਿਰਿਆ ਯੋਗਤਾਵਾਂ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਹਨ।
ਕਰਨਲ ਸਿੰਘ ਨੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਸੈਨਿਕ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ 1947, 1962, 1965, 1971 ਅਤੇ 1999 ਦੇ ਯੁੱਧਾਂ ਵਿੱਚ ਭਾਰਤੀ ਫੌਜੀਆਂ ਦੀ ਬਹਾਦਰੀ ਅਤੇ 1998 ਵਿੱਚ ਭਾਰਤ ਦੇ ਪਰਮਾਣੂ ਸ਼ਕਤੀ ਵਜੋਂ ਉਭਰਨ ਦਾ ਵੀ ਜਿਕਰ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਏ ਰੱਖਿਆ ਸੁਧਾਰਾਂ ਦੀ ਵੀ ਪ੍ਰਸੰਸਾ ਕੀਤੀ, ਜਿਸ ਵਿੱਚ ਆਧੁਨਿਕ ਹਥਿਆਰਾਂ ਦੀ ਖਰੀਦ, ‘ਮੇਕ ਇਨ ਇੰਡੀਆ’ ਤਹਿਤ ਦੇਸੀ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਅਤੇ ਸੈਨਿਕ ਬਲਾਂ ਨੂੰ ਵੱਧ ਸੁਤੰਤਰਤਾ ਦੇਣਾ ਸ਼ਾਮਲ ਹੈ। ਉਨ੍ਹਾਂ ‘ਆਪਰੇਸ਼ਨ ਸਿੰਧੂਰ’ ਨੂੰ ਆਤੰਕਵਾਦ ਖ਼ਿਲਾਫ਼ ਇੱਕ ਨਿਰਣਾਇਕ ਕਾਰਵਾਈ ਕਰਨ ਵਾਲੀ ਮੁਹਿੰਮ ਕਹਿੰਦੇ ਹੋਏ ਇਸ ਨੂੰ ਭਾਰਤ ਦੀ ਮਜ਼ਬੂਤੀ ਦਾ ਪ੍ਰਤੀਕ ਵੀ ਦੱਸਿਆ। ਉਹਨਾਂ ਨੇ ਨਾਗਰਿਕਾਂ ਨੂੰ ਇਕੱਠੇ ਹੋ ਕੇ ਦੇਸ਼ ਦੀ ਸੁਰੱਖਿਆ ਵਿੱਚ ਯੋਗਦਾਨ ਦੇਣ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦੀ ਅਪੀਲ ਕੀਤੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋ. ਤਿਵਾੜੀ ਨੇ ਪ੍ਰਧਾਨ ਮੰਤਰੀ ਮੋਦੀ ਦੀ ਦੂਰਦਰਸ਼ੀ ਰਾਸ਼ਟਰੀ ਸੁਰੱਖਿਆ ਨੀਤੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ‘ਆਪਰੇਸ਼ਨ ਸਿੰਧੂਰ’ ਨੂੰ ਧਰਮ, ਰਾਸ਼ਟਰੀ ਸਤਿਕਾਰ ਅਤੇ ਆਤੰਕਵਾਦ ਦੇ ਖ਼ਿਲਾਫ਼ ਇਕ ਨਿਰਣਾਇਕ ਕਾਰਵਾਈ ਕਰਨ ਵਾਲੀ ਲੜਾਈ ਦੀ ਭਾਵਨਾ ਨਾਲ ਪ੍ਰੇਰਿਤ ਦੱਸਿਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨੂੰ ਅਪਨਾਉਣ ਅਤੇ ਨਿੱਜੀ ਸਵਾਰਥ ਅਤੇ ਵਖਰੇਵਿਆਂ ਤੋਂ ਉੱਪਰ ਹੋ ਕੇ ਦੇਸ਼ ਭਲਾਈ ਨੂੰ ਸਭ ਤੋਂ ਵੱਧ ਮੰਨਣ।
ਪ੍ਰੋਗਰਾਮ ਵਿੱਚ ਪਰਫਾਰਮਿੰਗ ਐਂਡ ਫਾਈਨ ਆਰਟਸ ਵਿਭਾਗ ਦੇ ਵਿਦਿਆਰਥੀਆਂ ਨੇ ‘ਦੇਸ਼ ਦੇ ਨਾਮ’ ਸਿਰਲੇਖ ਹੇਠ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ, ਜਿਸ ਵਿੱਚ ਭਾਰਤ ਦੀ ਸੰਸਕ੍ਰਿਤਿਕ ਧਰੋਹਰ ਅਤੇ ਸੰਘਰਸ਼ ਦੀ ਭਾਵਨਾ ਦਰਸਾਈ ਗਈ। ‘ਦੇਸ਼ ਦੇ ਨਾਮ ਸੰਦੇਸ਼’ ਗਤੀਵਿਧੀ ਵਿੱਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਨੇ ਦੇਸ਼ ਦੇ ਵੀਰ ਸਪੂਤਾਂ ਨੂੰ ਗਹਿਰੀ ਸ਼ਰਧਾਂਜਲੀ ਦਿੱਤੀ ਅਤੇ ਭਾਗੀਦਾਰਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਇਆ।
ਸ਼ੁਰੂਆਤ ਵਿੱਚ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਪ੍ਰੋ. ਵਿਪਨ ਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਖਿਲਾਫ਼ ਭਾਰਤ ਦੀ ਪ੍ਰਤੀਕਿਰਿਆ ਆਕ੍ਰਾਮਕਤਾ ਨਹੀਂ ਸਗੋਂ ਧਰਮ ਤੋਂ ਪ੍ਰੇਰਿਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ‘ਆਪਰੇਸ਼ਨ ਸਿੰਧੂਰ’ ਸਿਰਫ਼ ਇੱਕ ਸੈਨਿਕ ਅਭਿਆਨ ਨਹੀਂ, ਸਗੋਂ ਸ਼ਾਂਤੀ ਦੀ ਬੇਅਦਬੀ ਖ਼ਿਲਾਫ਼ ਇੱਕ ਸਭਿਆਚਾਰਕ ਜਵਾਬ ਅਤੇ ਭਾਰਤ ਦੀ ਤਾਕਤ ਦਾ ਸਬੂਤ ਹੈ। ਅੰਤ ਵਿੱਚ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।