ਏਟੀਐਮ ਕਾਰਡ ਬਦਲ ਕੇ ਠੱਗੀਆਂ ਮਾਰਨ ਵਾਲਾ ਪੁਲਿਸ ਨੇ ਕੀਤਾ ਕਾਬੂ, ਅਲੱਗ ਅਲੱਗ ਬੈਂਕਾਂ ਦੇ 79 ਏਟੀਐਮ ਕਾਰਡ ਬਰਾਮਦ
ਦੀਪਕ ਜੈਨ, ਜਗਰਾਉਂ-
ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੋਇਲ ਆਈਪੀਐਸ ਵੱਲੋਂ ਭੈੜੇ ਅੰਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਅਧੀਨ ਅੱਜ ਥਾਣਾ ਦਾਖਾ ਪੁਲਿਸ ਵੱਲੋਂ ਇੱਕ ਸ਼ਾਤਰ ਠੱਗ ਨੂੰ ਕਾਬੂ ਕੀਤਾ ਗਿਆ ਹੈ। ਇਹ ਠੱਗ ਭੋਲੇ ਭਾਲੇ ਲੋਕਾਂ ਦੇ ਏਟੀਐਮ ਕਾਰਡ ਬਦਲ ਕੇ ਅਤੇ ਪਾਸਵਰਡ ਦੀ ਜਾਣਕਾਰੀ ਲੈਣ ਤੋਂ ਬਾਅਦ ਲੋਕਾਂ ਦੇ ਖਾਤਿਆਂ ਵਿੱਚੋਂ ਏਟੀਐਮ ਕਾਰਡ ਰਾਹੀਂ ਪੈਸੇ ਕਢਵਾ ਲੈਂਦਾ ਸੀ।
ਇਸ ਗ੍ਰਿਫਤਾਰੀ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਬ ਡਿਵੀਜ਼ਨ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੈਡਮ ਹਰ ਕਮਲ ਕੌਰ ਐਸਪੀ ਡੀ ਲੁਧਿਆਣਾ ਦਿਹਾਤੀ ਦੀਆਂ ਹਦਾਇਤਾਂ ਮੁਤਾਬਕ ਥਾਣਾ ਦਾਖਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਟੀਮ ਵੱਲੋਂ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਮਿੱਠੀਆਂ ਗੱਲਾਂ ਵਿੱਚ ਲਾ ਕੇ ਏਟੀਐਮ ਮਸ਼ੀਨ ਵਿੱਚ ਉਹਨਾਂ ਦਾ ਪਾਸਵਰਡ ਦੇਖ ਕੇ ਅਤੇ ਕਿਸੇ ਹੋਰ ਕਾਰਡ ਨਾਲ ਉਹਨਾਂ ਦਾ ਕਾਰਡ ਬਦਲ ਕੇ ਫਿਰ ਕਿਸੇ ਦੂਸਰੇ ਏਟੀਐਮ ਮਸ਼ੀਨ ਤੋਂ ਪੈਸੇ ਕਢਵਾ ਕੇ ਉਹਨਾਂ ਨਾਲ ਠੱਗੀ ਮਾਰਨ ਅਤੇ ਪੈਸੇ ਚੋਰੀ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਠੱਗ ਦੀ ਪਹਿਚਾਣ ਸੁਮਿਤ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਮਹੱਲਾ ਕੋਟ ਮੰਗਲ ਸਿੰਘ ਲੁਧਿਆਣਾ ਵਜੋਂ ਹੋਈ ਹੈ। ਜਿਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਇਸ ਦੇ ਕਬਜ਼ੇ ਵਿੱਚੋਂ 17 ਵੱਖ ਵੱਖ ਬੈਂਕਾਂ ਦੇ 79 ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ। ਜਿਸ ਵਿੱਚ ਐਚਡੀਐਫਸੀ ਬੈਂਕ ਦੇ 13, ਪੀਐਨਬੀ ਦੇ 15, ਐਸਬੀਆਈ ਬੈਂਕ ਦੇ 13, ਐਕਸਿਸ ਬੈਂਕ ਦੇ ਅੱਠ, ਯੂਕੋ ਬੈਂਕ ਦੇ ਤਿੰਨ, ਆਈਸੀਆਈ ਬੈਂਕ ਦੇ ਦੋ, ਬੈਂਕ ਆਫ ਬੜੋਦਾ ਦੇ ਤਿੰਨ, ਬੈਂਕ ਆਫ ਇੰਡੀਆ ਦੇ ਚਾਰ, ਯੂਨੀਅਨ ਬੈਂਕ ਦੇ ਤਿੰਨ, ਆਈਡੀ ਵੀ ਆਈ ਬੈਂਕ ਦੇ ਦੋ, ਕੈਨਰਾ ਬੈਂਕ ਦੇ ਤਿੰਨ, ਏਵੀ ਸਮਾਲ ਫਾਈਨੈਂਸ ਬੈਂਕ ਦੇ ਦੋ, ਪੰਜਾਬ ਗ੍ਰਾਮੀਣ ਬੈਂਕ ਦਾ ਇੱਕ, ਜੇ ਐਂਡ ਕੇ ਬੈਂਕ ਦੇ ਦੋ, ਕੋਪਰੇਟਿਵ ਬੈਂਕ ਦਾ ਇੱਕ,ਕੈਪੀਟਲ ਸਮਾਲ ਫਾਈਨੈਂਸ ਬੈਂਕ ਦਾ ਇੱਕ, ਪੰਜਾਬ ਐਂਡ ਸਿੰਧ ਬੈਂਕ ਦੇ ਦੋ ਅਤੇ ਇੰਡੀਅਨ ਬੈਂਕ ਦਾ ਇੱਕ ਏਟੀਐਮ ਬਰਾਮਦ ਹੋਏ ਹਨ। ਡੀਐਸਪੀ ਖੋਸਾ ਨੇ ਅੱਗੇ ਦੱਸਿਆ ਕਿ ਦੋਸ਼ੀ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਤੋਂ ਹਾਸਲ ਕਰਕੇ ਸਖਤੀ ਨਾਲ ਪੁੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਪੰਜਾਬ ਵਿੱਚ ਅਜਿਹੀਆਂ ਹੋਰ ਵਾਰਦਾਤਾਂ ਕਰਨ ਬਾਰੇ ਪਤਾ ਲੱਗ ਸਕਦਾ ਹੈ।
ਡੀਐਸ ਪੀ ਖੋਸਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਦੋਂ ਵੀ ਆਪਣੀ ਏਟੀਐਮ ਮਸ਼ੀਨ ਰਾਹੀਂ ਪੈਸੇ ਕਢਵਾਉਣ ਏਟੀਐਮ ਦੇ ਅੰਦਰ ਜਾਂਦੇ ਹਨ ਤਾਂ ਇਹ ਜਰੂਰ ਚੈੱਕ ਕਰ ਲੈਣ ਕਿ ਅੰਦਰ ਕੋਈ ਹੋਰ ਵਿਅਕਤੀ ਮੌਜੂਦ ਨਾ ਹੋਵੇ ਅਤੇ ਉਹ ਆਪਣਾ ਪਾਸਵਰਡ ਕਿਸੇ ਹੋਰ ਨਾਲ ਸਾਂਝਾ ਨਾ ਕਰਨ ਅਤੇ ਨਾ ਹੀ ਆਪਣਾ ਏਟੀਐਮ ਕਾਰਡ ਕਿਸੇ ਹੋਰ ਨੂੰ ਵਰਤੋਂ ਕਰਨ ਲਈ ਦੇਣ।