ਭਾਰਤ-ਪਾਕਿਸਤਾਨ ਵਿੱਚ ਹੋਏ ਸੀਜ਼ਫਾਇਰ ਸਮਝੌਤੇ ਲਈ ਵਿਧਾਇਕ ਸੇਖੋਂ ਨੇ ਰੱਬ ਦਾ ਕੀਤਾ ਸ਼ੁਕਰਾਨਾ
ਗੁਰਦੁਆਰਾ ਮਾਤਾ ਖੀਵੀ ਜੀ ਵਿਖੇ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 11 ਮਈ
ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਭਾਰਤ ਪਾਕਿਸਤਾਨ ਵਿੱਚ ਹੋਏ ਸੀਜਫਾਇਰ ਸਮਝੌਤੇ ਲਈ ਅੱਜ ਗੁਰਦੁਆਰਾ ਮਾਤਾ ਖੀਵੀ ਜੀ ਵਿਖੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਅਤੇ ਨਾਲ ਹੀ ਪਿਛਲੇ ਦਿਨੀਂ ਪੁਲਵਾਮਾ ਵਿਖੇ ਆਪਣੀਆਂ ਜਾਨਾਂ ਗੁਆ ਚੁੱਕੇ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਸ਼੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਪਿਛਲੇ ਦਿਨੀਂ ਭਾਰਤ-ਪਾਕਿਸਤਾਨ ਸੰਬੰਧਾਂ ਵਿਚ ਬਹੁਤ ਹੀ ਤਣਾਅਪੂਰਨ ਸਥਿਤੀ ਵਿੱਚ ਪੰਜਾਬੀਆਂ ਨੇ ਹੌਸਲਾ ਨਾ ਹਾਰ ਕੇ ਸਥਿਤੀ ਨੂੰ ਬਹੁਤ ਹੀ ਸਹਿਜ ਨਾਲ ਸੰਭਾਲਿਆ।
ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਪੰਜਾਬੀ ਹਮੇਸ਼ਾਂ ਦੀ ਤਰ੍ਹਾਂ ਅੱਗੇ ਵੀ ਇਸੇ ਤਰਾਂ ਦੇਸ਼ ਲਈ ਚੱਟਾਨ ਵਾਂਗ ਖੜ੍ਹੇ ਹੋ ਕੇ ਹਰ ਮੁਸੀਬਤ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਗੇ। ਉਹਨਾਂ ਕਿਹਾ ਕਿ ਯੁੱਧ ਨਾਲ ਕਦੇ ਕਿਸੇ ਦੇਸ਼ ਦਾ ਭਲਾ ਨਹੀਂ ਹੋਇਆ ਹੈ।
ਇਸ ਮੌਕੇ ਮੈਡਮ ਬੇਅੰਤ ਕੌਰ, ਚੇਅਰਮੈਨ ਮਾਰਕੀਟ ਕਮੇਟੀ ਫ਼ਰੀਦਕੋਟ ਸ.ਅਮਨਦੀਪ ਸਿੰਘ ਬਾਬਾ , ਪ੍ਰੀਤਮ ਸਿੰਘ ਭਾਣਾ , ਕੈਪਟਨ ਧਰਮ ਸਿੰਘ ਗਿੱਲ, ਗੁਰਜੰਟ ਸਿੰਘ, ਚੇਅਰਪਰਸਨ ਬੀਬੀ ਅਜੀਤਪਾਲ ਕੌਰ, ਗੁਰਮੀਤ ਕੌਰ ਤੋਂ ਇਲਾਵਾ ਜ਼ਿਲ੍ਹਾ ਵਾਸੀ ਹਾਜ਼ਰ ਸਨ।