ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਕਰਾਂਗੇ ਸੂਚਿਤ : DC ਪਟਿਆਲਾ
- ਲੋਕ ਕਿਸੇ ਵੀ ਜਾਣਕਾਰੀ ਸਬੰਧੀ ਅਧਿਕਾਰਤ ਸਰੋਤਾਂ ਤੇ ਹੀ ਨਿਰਭਰ ਕਰਨ
- ਸੋਸ਼ਲ ਮੀਡੀਆ ’ਤੇ ਅਫ਼ਵਾਹਾਂ ਫੈਲਾਉਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਲਗਾਤਾਰ ਰੱਖੀ ਜਾ ਰਹੀ ਹੈ ਨਜ਼ਰ
- ਸਿਹਤ, ਇੰਡਸਟਰੀ, ਐਜੂਕੇਸ਼ਨ ਤੇ ਆਮ ਜਾਣਕਾਰੀ ਲਈ ਕੰਟਰੋਲ ਰੂਮ ਵੀ ਸਥਾਪਤ
ਪਟਿਆਲਾ, 9 ਮਈ 2025 - ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹੇ ਵਿੱਚ ਲੋੜ ਪੈਣ ’ਤੇ ਹੀ ਬਲੈਕਆਊਟ ਕੀਤਾ ਜਾਵੇਗਾ ਅਤੇ ਇਸ ਦੀ ਸੂਚਨਾ ਜ਼ਿਲ੍ਹਾ ਵਾਸੀਆਂ ਨੂੰ ਬਲੈਕਆਊਟ ਤੋਂ ਕੁਝ ਸਮਾਂ ਪਹਿਲਾ ਸਾਇਰਨ ਤੇ ਹੋਰ ਸਰਕਾਰੀ ਸੋਸ਼ਲ ਮੀਡੀਆ ਸਾਧਨਾ ਰਾਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਜਿਥੇ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਸਮੇਤ ਹੋਰ ਵੱਖ ਵੱਖ ਕੰਟਰੋਲ ਰੂਮ ਸਥਾਪਤ ਕੀਤੇ ਸਨ, ਉਥੇ ਹੁਣ ਸਿਹਤ ਸੇਵਾਵਾਂ ਲਈ ਲਈ ਕੰਟਰੋਲ ਰੂਮ ਸਥਾਪਤ ਕਰਕੇ ਫੋਨ ਨੰਬਰ 81463-43848, ਇੰਡਸਟਰੀ ਤੇ ਵਪਾਰਕ ਅਦਾਰਿਆਂ ਲਈ ਕੰਟਰੋਲ ਰੂਮ ਨੰਬਰ 98722-33848, ਸਿੱਖਿਆ ਅਦਾਰਿਆਂ ਲਈ 89680-63848 ਅਤੇ ਆਮ ਲੋਕ ਲਈ ਜਨਰਲ ਕੰਟਰੋਲ ਰੂਮ ਦਾ ਨੰਬਰ 76963-63848 ਹੈ।
ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਪੁਖਤਾ ਜਾਣਕਾਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਅਧਿਕਾਰ ਸਰੋਤਾਂ ’ਤੇ ਹੀ ਨਿਰਭਰ ਕਰਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਆ ’ਤੇ ਗ਼ਲਤ ਅਫ਼ਵਾਹਾਂ ਫੈਲਾਉਂਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਦੇ ਸਾਈਬਰ ਸੈੱਲ ਵੱਲੋਂ ਲਗਾਤਾਰ ਸੋਸ਼ਲ ਮੀਡੀਆ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸਹੀ ਤੇ ਸਟੀਕ ਜਾਣਕਾਰੀ ਸਮੇਂ ਸਮੇਂ ’ਤੇ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਰੋਬਾਰੀ ਜਾਰੀ ਕੀਤੀਆਂ ਹਦਾਇਤ ਦੀ ਪਾਲਣਾ ਕਰਦਿਆਂ ਹੀ ਆਪਣਾ ਕਾਰੋਬਾਰ ਕਰਨ।