ਪੁਲਿਸ ਨੇ ਸੀਈਆਈਆਰ ਪੋਰਟਲ ਰਾਹੀਂ ਗੁੰਮ ਹੋਏ 50 ਮੋਬਾਈਲ ਫੋਨ ਟਰੇਸ ਕਰਕੇ ਲੱਭੇ, ਦਿੱਤੇ ਅਸਲ ਮਾਲਕਾਂ ਨੂੰ
ਦੀਪਕ ਜੈਨ
ਜਗਰਾਉਂ, 6 ਮਈ 2025 - ਪੁਲਿਸ ਜਿਲਾ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕਰ ਗੋਇਲ ਆਈਪੀਐਸ ਵੱਲੋਂ ਪ੍ਰੈਸ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਹੋਇਆ ਦੱਸਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਦੇ ਥਾਣਾ ਸਾਈਬਰ ਕ੍ਰਾਈਮ ਦੀ ਟੀਮ ਵੱਲੋਂ ਇਲਾਕੇ ਵਿੱਚ ਗੁੰਮ ਹੋਏ 50 ਦੇ ਕਰੀਬ ਮੋਬਾਈਲ ਫੋਨਾਂ ਨੂੰ ਸੀਈਆਈਆਰ ਪੋਰਟਲ ਦੀ ਸਹਾਇਤਾ ਨਾਲ ਲੱਭਿਆ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਮੋਬਾਇਲਾਂ ਦੀ ਕੀਮਤ ਲਗਭਗ 12 ਲੱਖ ਰੁਪਏ ਦੇ ਕਰੀਬ ਹੈ। ਇਹ ਮੋਬਾਈਲ ਫੋਨ ਅਸਲ ਮਾਲਕਾਂ ਨੂੰ ਪਹੁੰਚਦੇ ਕਰ ਦਿੱਤੇ ਗਏ ਹਨ।
ਥਾਣਾ ਸਾਈਬਰ ਕ੍ਰਾਈਮ ਵੱਲੋਂ ਮੋਬਾਇਲ ਲੱਭ ਕੇ ਦਿੱਤੇ ਜਾਣ ਉੱਪਰ ਅਸਲ ਮਾਲਕਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਐਸਐਸਪੀ ਡਾਕਟਰ ਅੰਕੁਰ ਗੋਇਲ ਨੇ ਲੋਕਾਂ ਨੂੰ ਹਦਾਇਤ ਜਾਰੀ ਕਰਦਿਆਂ ਹੋਇਆਂ ਆਖਿਆ ਕੀ ਜੇਕਰ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਜਾਂ ਫਿਰ ਚੋਰੀ ਹੋ ਜਾਂਦਾ ਹੈ ਤਾਂ ਤੁਰੰਤ ਇਸ ਦੀ ਰਿਪੋਰਟ ਆਪਣੇ ਨਜ਼ਦੀਕੀ ਥਾਣੇ ਜਾਂ ਸਾਂਝ ਕੇਂਦਰ ਵਿੱਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਮੋਬਾਈਲ ਫੋਨ ਸੀਈਆਈਆਰ ਪੋਰਟਲ ਦੀ ਮਦਦ ਨਾਲ ਲੱਭ ਕੇ ਅਸਲ ਮਾਲਕ ਦੇ ਹਵਾਲੇ ਕੀਤਾ ਜਾ ਸਕੇ।
ਕਿਵੇਂ ਕੰਮ ਕਰਦਾ ਹੈ ਸੀ ਈਆਈਆਰ ਪੋਰਟਲ
ਇੱਹ ਇੱਕ ਕੇਂਦਰ ਸਰਕਾਰ ਦਾ ਪੋਰਟਲ ਹੈ ਜੋ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟਰੈਕ ਕਰਨ ਅਤੇ ਲੱਭਣ ਵਿੱਚ ਸਹਾਇਤਾ ਕਰਦਾ ਹੈ।ਇਹ ਸਿਸਟਮ ਆਈਐਮਈਆਈ ਨੰਬਰ ਦੁਆਰਾ ਮੋਬਾਈਲ ਉਪਕਰਣਾਂ ਦੀ ਪਛਾਣ ਅਤੇ ਪ੍ਰਬੰਧਿਤ ਕਰਦਾ ਹੈ, ਜੋ ਕਿ ਮੋਬਾਈਲ ਫੋਨਾਂ ਦੀ ਦੁਰਵਰਤੋਂ ਨੂੰ ਰੋਕ ਸਕਦੇ ਹਨ।
ਪੋਰਟਲ ਦਾ ਮੁੱਖ ਉਦੇਸ਼:
ਗੁੰਮ ਹੋਏ ਜਾਂ ਚੋਰੀ ਹੋਏ ਮੋਬਾਈਲ ਫੋਨਾਂ ਨੂੰ ਟਰੈਕ ਕਰਨਾ:
ਜੇ ਤੁਹਾਡਾ ਮੋਬਾਈਲ ਫੋਨ ਗੁੰਮ ਜਾਂ ਚੋਰੀ ਹੋ ਜਾਂਦਾ ਹੈ, ਤਾਂ ਤੁਸੀਂ ਇਸ ਪੋਰਟਲ 'ਤੇ ਸ਼ਿਕਾਇਤ ਦਰਜ ਕਰ ਸਕਦੇ ਹੋ ਅਤੇ ਇਸ ਨੂੰ ਟਰੈਕ ਕਰ ਸਕਦੇ ਹੋ।
ਜੇ ਤੁਹਾਡਾ ਮੋਬਾਈਲ ਫੋਨ ਚੋਰੀ ਹੋ ਗਿਆ ਹੈ, ਤਾਂ ਤੁਸੀਂ ਸੀਈਆਰ ਪੋਰਟਲ 'ਤੇ ਸ਼ਿਕਾਇਤ ਦਰਜ ਕਰ ਸਕਦੇ ਹੋ ਅਤੇ ਇਸ ਨੂੰ ਬਲੌਕ ਕਰ ਸਕਦੇ ਹੋ, ਤਾਂ ਜੋ ਚੋਰ ਇਸ ਨੂੰ ਨਾ ਵਰਤ ਸਕੇ। ਇਸ ਤੋਂ ਇਲਾਵਾ ਜਦੋਂ ਤੁਸੀਂ ਕੋਈ ਫੋਨ ਪੁਰਾਣਾ ਫੋਨ ਭਾਵੇਂ ਨਵਾਂ ਖਰੀਦ ਰਹੇ ਹੋਵੋ ਤਾਂ ਤੁਸੀਂ ਇਸ ਪੋਰਟਲ ਤੇ ਆਈਐਮਈ ਆਈ ਨੰਬਰ ਦਰਜ ਕਰਕੇ ਮੋਬਾਇਲ ਬਾਰੇ ਪੂਰੀ ਤਰ੍ਹਾਂ ਪੜਤਾਲ ਕਰ ਸਕਦੇ ਹੋ।
ਆਪਣੇ ਗੁੰਮ ਹੋਏ ਮੋਬਾਈਲ ਦੀ ਸ਼ਿਕਾਇਤ ਇਸ ਪੋਰਟਲ ਤੇ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਏਗੀ ਅਤੇ ਫਿਰ ਇਸ ਪੋਰਟਲ ਤੇ ਉਸ ਸ਼ਿਕਾਇਤ ਦੇ ਹਵਾਲੇ ਨਾਲ ਹੀ ਸ਼ਿਕਾਇਤ ਰਜਿਸਟਰ ਹੋ ਜਾਂਦੀ ਹੈ।