ਭਾਸ਼ਾ ਵਿਭਾਗ ਦਫ਼ਤਰ ਵੱਲੋਂ ਉਰਦੂ ਆਮੋਜ਼ ਕੋਰਸ ਸਰਟੀਫਿਕੇਟ ਵੰਡ ਸਮਾਗਮ
ਹੁਸ਼ਿਆਰਪੁਰ, 6 ਮਈ 2025 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਵੱਲੋਂ ਕਰਵਾਏ ਜਾ ਰਹੇ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਦੇ ਬੈਚ ਜੁਲਾਈ-ਦਸੰਬਰ 2024 ਦੇ ਵਿਦਿਆਰਥੀਆਂ ਨੂੰ ਇਹ ਕੋਰਸ ਸੰਪੰਨ ਕਰਨ ਉਪਰੰਤ ਸਰਟੀਫਿਕੇਟ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੂੰ ਜੀ ਆਇਆਂ ਸ਼ਬਦ ਆਖਦਿਆਂ ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਭਾਸ਼ਾ ਵਿਭਾਗ ਵੱਲੋਂ ਕਰਵਾਏ ਜਾ ਰਹੇ ਉਰਦੂ ਆਮੋਜ਼ ਕੋਰਸ ਅਤੇ ਭਾਸ਼ਾ ਵਿਭਾਗ ਦੀਆਂ ਬਾਕੀ ਸਾਹਿਤਕ ਅਤੇ ਸਿਰਜਣਾਤਮਕ ਗਤੀਵਿਧੀਆਂ ਬਾਰੇ ਵਿਸੂਤਾਰ ਨਾਲ ਜਾਣਕਾਰੀ ਦਿੱਤੀ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਭਾਰਤ ਦੀ ਪ੍ਰਾਚੀਨ ਬਹੁਤ ਖ਼ੂਬਸੂਰਤ ਜ਼ੁਬਾਨ ਹੈ। ਸਾਡੀ ਪੰਜਾਬੀ ਭਾਸ਼ਾ ਦਾ ਹਾਜ਼ਮਾ ਦਰੁਸਤ ਹੋਣ ਕਰਕੇ ਅਰਬੀ ਫ਼ਾਰਸੀ ਦੇ ਬਹੁਤ ਸਾਰੇ ਸ਼ਬਦਾਂ ਦਾ ਖ਼ਜਾਨਾ ਇਸ ਵਿਚ ਰਲ਼ ਗਿਆ ਹੈ। ਇਸ ਨਾਲ ਪੰਜਾਬੀ ਭਾਸ਼ਾ ਦੇ ਸ਼ਬਦ ਭੰਡਾਰ ਵਿੱਚ ਸਿਰਫ਼ ਵਾਧਾ ਹੀ ਨਹੀਂ ਹੋਇਆ ਸਗੋਂ ਇਸ ਜ਼ੁਬਾਨ ਵਿਚ ਰੌਚਕਤਾ ਅਤੇ ਖੂਬਸੂਰਤੀ ਵੀ ਵਧੀ । ਭਾਸ਼ਾ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਉਰਦੂ ਆਮੋਜ਼ ਦਾ ਕੋਰਸ ਪੰਜਾਬੀ ਭਾਸ਼ਾ ਦੇ ਲੰਬੇ ਚੌੜੇ ਇਤਿਹਾਸ ਨੂੰ ਟਟੋਲਣ ਅਤੇ ਖੰਘਾਲਣ ਵਿੱਚ ਹੋਰ ਵਾਧਾ ਕਰੇਗਾ। ਇਸ ਕਰਕੇ ਵੱਧ ਤੋਂ ਵੱਧ ਵਿਦਿਆਰਥੀਆਂ ਅਤੇ ਪਾਠਕਾਂ ਨੂੰ ਇਸ ਕੋਰਸ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਉਰਦੂ ਆਮੋਜ਼ ਦਾ ਇਮਤਿਹਾਨ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕਰਕੇ ਵਧਾਈ ਦਿੱਤੀ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਆਸ਼ਿਕਾ ਜੈਨ ਦਾ ਚਿਰਾਗ਼ ਮੈਗਜ਼ੀਨ ਨਾਲ ਸਨਮਾਨ ਕੀਤਾ ਗਿਆ। ਇਸ ਸਮੇਂ ਲਵਪ੍ਰੀਤ, ਲਾਲ ਸਿੰਘ, ਡਾ. ਬ੍ਰਿਜ ਭੂਸ਼ਨ ਉਰਦੂ ਅਧਿਆਪਕ, ਨਵਲੀਨ ਕੌਰ, ਪ੍ਰਿੰਸੀਪਲ ਚਰਨ ਸਿੰਘ, ਬਲਬੀਰ ਸਿੰਘ, ਗੁਰਬਿੰਦਰ ਸਿੰਘ, ਸੁਖਦੇਵ ਸਿੰਘ, ਵਰਿੰਦਰ ਪਾਲ ਸਿੰਘ, ਸਤਬੀਰ ਸਿੰਘ, ਸੀਮਾ, ਮਯੰਕ ਸ਼ਰਮਾ , ਪੁਸ਼ਪਾ ਰਾਣੀ ਆਦਿ ਹਾਜ਼ਰ ਸਨ।