ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਰਾਮਦਰਬਾਰ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦਾ ਉਦਘਾਟਨ ਕੀਤਾ
ਚੰਡੀਗੜ੍ਹ, 6 ਮਈ: ਸੀਨੀਅਰ ਕਾਂਗਰਸੀ ਆਗੂ, ਸਾਬਕਾ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਸ਼੍ਰੀ ਮਨੀਸ਼ ਤਿਵਾੜੀ ਨੇ ਰਾਮਦਰਬਾਰ ਵਿੱਚ ਨਿਵਾਸੀਆਂ ਦੀ ਸੁਰੱਖਿਆ ਨੂੰ ਵਧਾਉਣ ਲਈ 56 ਕਲੋਜ਼ ਸਰਕਟ ਟੀਵੀ ਕੈਮਰੇ ਲਗਾਉਣ ਦਾ ਉਦਘਾਟਨ ਕੀਤਾ।
ਇਸ ਮੌਕੇ 'ਤੇ ਬੋਲਦਿਆਂ, ਸ਼੍ਰੀ ਤਿਵਾੜੀ ਨੇ ਕਿਹਾ ਕਿ ਸ਼ਹਿਰ ਭਰ ਵਿੱਚ ਸੀਸੀਟੀਵੀ ਕੈਮਰਿਆਂ ਦੀ ਬਹੁਤ ਜ਼ਿਆਦਾ ਮੰਗ ਹੈ, ਭਾਵੇਂ ਉਹ ਪਿੰਡ ਹੋਣ ਜਾਂ ਕਲੋਨੀਆਂ ਜਾਂ ਸੈਕਟਰ ਹੋਣ। ਹਰ ਜਗ੍ਹਾ ਲੋਕ ਅਤੇ ਉਨ੍ਹਾਂ ਦੇ ਨੁਮਾਇੰਦੇ ਕਲੋਜ਼ ਸਰਕਟ ਟੀਵੀ ਕੈਮਰੇ ਲਗਾਉਣਾ ਚਾਹੁੰਦੇ ਹਨ, ਕਿਉਂਕਿ ਖੇਤਰ ਦੀ ਆਮ ਸੁਰੱਖਿਆ ਨੂੰ ਲੈ ਕੇ ਖਦਸ਼ੇ ਹਨ। ਸ਼੍ਰੀ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਨੇ ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਐੱਮਪੀ ਲੈਡ ਸਕੀਮ ਤਹਿਤ ਸਾਰੇ ਸੀਸੀਟੀਵੀ ਕੈਮਰੇ ਕਿੱਥੇ ਦਿੱਤੇ ਗਏ ਹਨ ਅਤੇ ਭਵਿੱਖ ਵਿੱਚ ਕਿੱਥੇ ਦਿੱਤੇ ਜਾਣਗੇ, ਦੀ ਸੂਚੀ ਦਿੱਤੀ ਹੈ, ਤਾਂ ਜੋ ਉਨ੍ਹਾਂ ਨੂੰ ਪੁਲਿਸ ਨਿਗਰਾਨੀ ਨੈੱਟਵਰਕ ਵਿੱਚ ਜੋੜਿਆ ਜਾ ਸਕੇ, ਜਾਂ ਤਾਂ ਏਕੀਕ੍ਰਿਤ ਕਮਾਂਡ ਕੰਟਰੋਲ ਆਈ ਟ੍ਰਿਪਲ ਸੀ ਪੱਧਰ 'ਤੇ ਜਾਂ ਪੁਲਿਸ ਥਾਣਿਆਂ ਅਤੇ ਬੀਟ ਬਾਕਸ ਦੇ ਸਥਾਨਕ ਪੱਧਰ 'ਤੇ। ਇਹ ਕਲੋਜ਼ ਸਰਕਟ ਟੀਵੀ ਕੈਮਰੇ ਚੰਡੀਗੜ੍ਹ ਦੇ ਸਾਬਕਾ ਮੇਅਰ ਸ਼੍ਰੀਮਤੀ ਕਮਲੇਸ਼ ਅਤੇ ਰਾਮਦਰਬਾਰ ਦੇ ਹੋਰ ਕਾਂਗਰਸੀ ਆਗੂਆਂ ਤੇ ਰਾਮਦਰਬਾਰ ਦੀ ਬਲਾਕ ਪ੍ਰਧਾਨ ਸ਼੍ਰੀਮਤੀ ਸੋਨੀਆ ਸਿੰਘ ਦੀ ਬੇਨਤੀ 'ਤੇ ਦਿੱਤੇ ਗਏ ਸਨ।
ਇਸ ਤੋਂ ਇਲਾਵਾ, ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਵੀ ਇਸ ਮੌਕੇ ਮੌਜੂਦ ਸਨ।
ਉਦਘਾਟਨ ਸਮਾਰੋਹ ਨੂੰ ਸੰਬੋਧਨ ਕਰਦਿਆਂ, ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਹਰਮੋਹਿੰਦਰ ਸਿੰਘ ਲੱਕੀ ਨੇ ਇਹ ਵੀ ਕਿਹਾ ਕਿ ਇਹ ਪਹਿਲ ਜੋ ਕਿ ਐੱਮ ਪੀ ਲੈਡ ਸਕੀਮ ਅਧੀਨ ਕੀਤੀ ਗਈ ਹੈ, ਸ਼ਹਿਰ ਭਰ ਦੇ ਨਾਗਰਿਕਾਂ ਅਤੇ ਨਿਵਾਸੀਆਂ ਦੀ ਸੁਰੱਖਿਆ ਨੂੰ ਵਧਾਉਣ ਵਿੱਚ ਮਦਦ ਕਰੇਗੀ। ਜਦੋਂ ਸ਼੍ਰੀ ਤਿਵਾੜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਸਨ, ਉਦੋਂ ਵੀ ਉਨ੍ਹਾਂ ਨੇ ਮਨੀਮਾਜਰਾ ਅਤੇ ਬਾਪੂਧਾਮ ਵਿੱਚ ਸੀਸੀਟੀਵੀ ਕੈਮਰੇ ਦਿੱਤੇ ਸਨ ਅਤੇ ਇਹ ਇੱਕ ਯਤਨ ਦੀ ਨਿਰੰਤਰਤਾ ਹੈ ਜੋ ਉਨ੍ਹਾਂ ਦੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਚੁਣੇ ਜਾਣ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ।
ਇਸ ਮੌਕੇ ਮੌਜੂਦ ਹੋਰ ਲੋਕਾਂ ਵਿੱਚ ਡਿਪਟੀ ਮੇਅਰ ਸ਼੍ਰੀਮਤੀ ਤਰੁਣਾ ਮਹਿਤਾ, ਸਾਬਕਾ ਮੇਅਰ ਸ਼੍ਰੀ ਸੁਰਿੰਦਰ ਸਿੰਘ, ਸ਼੍ਰੀ ਵਸੀਮ ਮੀਰ, ਸ਼੍ਰੀ ਮੁਹੰਮਦ ਇਮਰਾਨ ਅਤੇ ਕਾਂਗਰਸ ਪਾਰਟੀ ਦੇ ਕਈ ਹੋਰ ਅਹੁਦੇਦਾਰ ਸ਼ਾਮਲ ਸਨ।