ਦੂਜੀ ਵਿਸ਼ਵ ਜੰਗ ਵਿੱਚ ਲੜਨ ਵਾਲੇ ਸੂਰਬੀਰਾਂ ਦੇ ਨਾਮ ਡਾਕ ਟਿਕਟ ਜਾਰੀ ਕਰਨ ਦੇ ਫੈਸਲੇ ਦਾ ਬਾਬਾ ਬਲਬੀਰ ਸਿੰਘ ਨੇ ਸਵਾਗਤ ਕੀਤਾ
- ਇਸ ਸੰਗ੍ਰਹਿ ਵਿੱਚ ਸ. ਮਹਿੰਦਰ ਸਿੰਘ ਪੂਜੀ ਵੀ ਸ਼ਾਮਲ ਹੋਣਗੇ
ਅੰਮ੍ਰਿਤਸਰ:- 19 ਅਪ੍ਰੈਲ 2025 - ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਬਰਤਾਨੀਆ ਸਰਕਾਰ ਵੱਲੋਂ ਦੂਜੀ ਵਿਸ਼ਵ ਜੰਗ ਵਿੱਚ ਹਿੱਸਾ ਲੈਣ ਵਾਲੇ ਸਿੱਖ ਸਿਰਦਾਰ ਸ. ਮਹਿੰਦਰ ਸਿੰਘ ਪੂਜੀ ਬਾਰੇ ਡਾਕ ਟਿਕਟ ਜਾਰੀ ਕਰਨ ਸਬੰਧੀ ਲਏ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਡਾਕ ਵਿਭਾਗ ਰੋਇਲ ਮੇਲ ਵੱਲੋਂ ਪਹਿਲੀ ਮਈ 2025 ਨੂੰ ਜੰਗ ਵਿਚ ਕਾਰਜਸ਼ੀਲ ਰਹੇ ਇਨ੍ਹਾਂ ਮਹਾਨ ਸੂਰਬੀਰਾਂ ਨੁੰ ਇਸ ਬਹਾਨੇ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਜਾਰੀ ਹੋਣ ਵਾਲੇ ਡਾਕ ਸੰਗ੍ਰਹਿ ਨੂੰ “ਵੀਰਤਾ ਅਤੇ ਜਿਤ” ਦੂਜੀ ਵਿਸ਼ਵ ਜੰਗ ਦੀਆਂ ਕਹਾਣੀਆਂ ਦਾ ਸਿਰਲੇਖ ਦਿਤਾ ਗਿਆ ਹੈ।
ਉਨ੍ਹਾਂ ਮਹਿੰਦਰ ਸਿੰਘ ਪੂਜੀ ਸਬੰਧੀ ਬੋਲਦਿਆ ਕਿਹਾ ਸ. ਪੂਜੀ ਨੇ ਬਰਤਾਨੀਆ, ਉਤਰੀ ਅਫਰੀਕਾ, ਮੱਧ ਪੂਰਬ ਅਤੇ ਬਰਮਾ ਦੀ ਲੜਾਈ ‘ਚ ਜਹਾਜ ਉਡਾਏ ਅਤੇ ਭਾਰਤੀ ਪਾਇਲਟਾਂ ‘ਚ ਇੱਕ ਦੁਰਲੱਭ ਪ੍ਰਾਪਤੀ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਬਰਤਾਨੀਆਂ ਦੇ ਸਿੱਖ ਸਾਂਸਦ ਮੈਂਬਰ ਤਰਮਨਜੀਤ ਸਿੰਘ ਢੇਸੀ ਦੇ ਯਤਨਾਂ ਸਦਕਾ ਮਹਿੰਦਰ ਸਿੰਘ ਪੂਜੀ ਦਾ ਥੇਮਸ ਨਦੀ ਕੰਢੇ ਚੜ੍ਹਦੀਕਲਾ ਵਾਲੇ ਦਸਤਾਰਧਾਰੀ ਸਿੰਘ ਸਰਦਾਰ ਦਾ ਬੁੱਤ ਲਗਾਇਆ ਗਿਆ ਹੈ। ਜਿਸ ਲਈ ਉਹ ਵੀ ਵਿਸ਼ੇਸ਼ ਧੰਨਵਾਦ ਤੇ ਪਾਤਰ ਹਨ।