ਇੱਟਾਂ ਨਾਲ ਭਰੀ ਟਰਾਲੀ ਪਲਟੀ, ਜਾਨੀ ਨੁਕਸਾਨ ਹੋਣ ਤੋਂ ਬਚਾਅ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 19 ਅਪ੍ਰੈਲ 2025: ਭਾਖੜਾ ਨਹਿਰ ਦੇ ਨਾਲ ਸਥਿਤ ਮਾਜਰੀ ਰੋਡ ਉਤੇ ਪੈਂਦੇ ਕੋਟਲਾ ਨਿਹੰਗ ਬਰਸਾਤੀ ਚੋਅ ਉਤੇ ਨਵੀਂ ਪੁਲੀ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਨਾਲ ਠੇਕੇਦਾਰ ਵੱਲੋਂ ਬਣਾਏ ਆਰਜ਼ੀ ਰਾਹ ਉਤੇ ਇੱਟਾਂ ਦੀ ਭਰੀ ਟਰਾਲੀ ਪਲਟਣ ਕਾਰਨ ਹਾਦਸਾ ਵਾਪਰ ਗਿਆ । ਅੱਜ ਸਵੇਰੇ ਸਾਹਮਣੇ ਤੋਂ ਆ ਰਹੇ ਦੂਸਰੇ ਵੀਹਕਲ ਨੂੰ ਸਾਈਡ ਦੇਣ ਸਮੇਂ ਇੱਟਾਂ ਨਾਲ ਭਰੀ ਟਰਾਲੀ ਸਾਈਡ ਦਬਣ ਕਾਰਨ ਟੇਢੀ ਹੋ ਗਈ ਅਤੇ ਪਲਟ ਗਈ ਪਰੰਤੂ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਤੋਂ ਬਾਅਦ ਦੋਵੇਂ ਪਾਸੇ ਵੱਡਾ ਜਾਮ ਲੱਗ ਗਿਆ।
ਮੌਕੇ ਤੇ ਜੇਸੀਬੀ ਮਸ਼ੀਨ ਨਾਲ ਟਰਾਲੀ ਨੂੰ ਸਿੱਧਾ ਕਰਕੇ ਆਵਾਜਾਈ ਚਾਲੂ ਕੀਤੀ ਗਈ।ਵਰਨਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਇਸ ਪੁਲੀ ਦੇ ਨਿਰਮਾਣ ਲਈ ਠੇਕੇਦਾਰ ਵੱਲੋਂ ਪੁਰਾਣੀ ਪੁਲੀ ਨੂੰ ਤੋੜਨ ਲਈ ਇਸ ਨੂੰ ਆਰਜ਼ੀ ਤੌਰ ਤੇ ਬੰਦ ਕਰ ਦਿੱਤਾ ਸੀ ਜਿਸ ਦਾ ਸਥਾਨਕ ਪਿੰਡਾਂ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਸੜਕ ਉਤੇ ਭਾਰੀ ਵਾਹਨਾਂ ਦੀ ਆਵਾਜਾਈ ਹੈ ਅਤੇ ਆਰਜ਼ੀ ਰਸਤਾ ਬਹੁਤ ਘੱਟ ਚੌੜਾ ਬਣਾਇਆ ਗਿਆ ਹੈ ਜਿਸ ਨਾਲ ਹਾਦਸਾ ਵਾਪਰ ਸਕਦਾ ਹੈ। ਬੀਤੇ ਕੱਲ ਹਲਕਾ ਵਿਧਾਇਕ ਵੱਲੋਂ ਇਸ ਪੁਲੀ ਦੇ ਨਵ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਸੀ। ਲੋਕਾਂ ਨੇ ਮੰਗ ਕੀਤੀ ਕਿ ਆਰਜ਼ੀ ਰਸਤਾ ਮਜ਼ਬੂਤ ਤੇ ਚੌੜਾ ਬਣਾਇਆ ਜਾਵੇ ਤਾਂ ਜ਼ੋ ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਦਾ ਸਾਹਮਣਾ ਨਾ ਕਨ ਪਵੇ ਕਿਉਂਕੀ ਇਹ ਸੜਕ ਅੱਗੇ ਦਰਜਨਾਂ ਪਿੰਡਾਂ ਨੂੰ ਰੋਪੜ ਸ਼ਹਿਰ ਨਾਲ ਜੋੜਦੀ ਹੈ ਅਤੇ ਵੱਡੀ ਗਿਣਤੀ ਵਿੱਚ ਸੈਂਕੜੇ ਲੋਕ, ਵਿਦਿਆਰਥੀਆਂ ਇਸ ਸੜਕ ਤੋਂ ਗੁਜ਼ਰਦੇ ਹਨ।