ਸੰਤ ਸੀਚੇਵਾਲ ਨੇ ਮਲੇਸ਼ੀਆ ਦੀ ਜੇਲ੍ਹ ਵਿੱਚੋਂ ਵਾਪਸ ਲਿਆਂਦਾ ਵਿਧਵਾ ਮਾਂ ਦਾ ਪੁੱਤ
* ਨਰਕ ਤੋਂ ਵੀ ਬਦਤਰ ਹਲਾਤ ਸੀ ਜੇਲ੍ਹ ਵਿੱਚ : ਜਗਦੀਪ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਅਪ੍ਰੈਲ 2025 - ਮਲੇਸ਼ੀਆ ਦੀ ਜੇਲ੍ਹ ਵਿੱਚ ਕੈਦ ਲੁਧਿਆਣਾ ਜਿਲ੍ਹੇ ਦੇ ਰਹਿਣ ਵਾਲੇ ਜਗਦੀਪ ਸਿੰਘ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਘਰ ਵਾਪਸੀ ਹੋਈ ਹੈ। ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕਰਨ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਜਗਦੀਪ ਨੇ ਹੱਡਬੀਤੀ ਸੁਣਾਉਂਦਿਆ ਕਿਹਾ ਕਿ ਜਿਸ ਵੇਲੇ ਉੱਥੇ ਪੁਲਿਸ ਨੇ ਉਸਨੂੰ ਫੜ ਲਿਆ ਉਸ ਲਈ ਇਹ ਹਲਾਤ ਅਜਿਹੇ ਸੀ, ਕਿ ਉਸਨੂੰ ਇੱਕ ਵਾਰ ਤਾਂ ਲੱਗਾ ਕਿ ਉਸਦਾ ਸਭ ਕੁੱਝ ਖਤਮ ਹੋ ਗਿਆ ਹੈ। ਜਗਦੀਪ ਨੇ ਦੱਸਿਆ ਕਿ ਕੰਪਨੀ ਵਿੱਚ ਪਏ ਛਾਪੇ ਦੌਰਾਨ ਉਸਨੂੰ ਸਾਥੀਆਂ ਸਮੇਤ ਫੜ ਲਿਆ ਸੀ। ਜਦੋਂ ਥਾਣੇ ਲਿਜਾਇਆ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਏਜੰਟ ਨੇ ਉਸਦਾ ਵੀਜ਼ਾ ਹੀ ਨਹੀ ਵਧਾਇਆ ਸੀ। ਜਿਸ ਕਾਰਣ ਉਸਨੂੰ ਛੇ ਮਹੀਨੇ ਦੀ ਸਜ਼ਾ ਸੁਣਾਈ ਗਈ ਤੇ ਕੈਂਪ ਵਿੱਚ ਭੇਜ ਦਿੱਤਾ ਗਿਆ। ਜਦੋਂ ਉਸਨੇ ਜੇਲ੍ਹ ਵਿੱਚ ਲੋਕਾਂ ਤੋਂ ਉੱਥੇ ਹਲਾਤ ਸੁਣੇ ਅਤੇ ਖੁਦ ਤੇ ਹੰਢਾਏ ਤਾਂ ਉਹ ਆਪਣੀ ਵਾਪਸੀ ਦੀ ਉਮੀਦਾਂ ਛੱਡ ਚੁੱਕਾ ਸੀ। ਉਸ ਲਈ ਉਹ ਜ਼ੇਲ੍ਹ ਨਰਕ ਤੋਂ ਵੀ ਬਦਤਰ ਸੀ।
ਵਾਪਿਸ ਪਰਤੇ ਜਗਦੀਪ ਨੇ ਦੱਸਿਆ ਕਿ ਸਾਲ 2019 ਦੌਰਾਨ ਉਹ ਮਲੇਸ਼ੀਆ ਘੁੰਮਣ ਲਈ ਗਿਆ ਸੀ। ਇਸੇ ਦੌਰਾਨ ਪੰਜਾਬ ਵਿੱਚ ਹੋਏ ਸੜਕ ਹਾਦਸੇ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਭਰਾ ਦੀ ਲੱਤ ਟੁੱਟ ਗਈ ਸੀ। ਜਗਦੀਪ ਨੇ ਦੱਸਿਆ ਕਿ ਘਰ ਦੇ ਹਲਾਤਾਂ ਨੂੰ ਦੇਖਦਿਆ ਹੋਇਆ ਉਸਨੇ ਮਲੇਸ਼ੀਆ ਰਹਿਣ ਦਾ ਫੈਸਲਾ ਕੀਤਾ। ਜਿਸ ਤੋਂ ਬਾਅਦ ਉਸਨੇ ਆਪਣਾ ਵੀਜ਼ਾ ਵਧਾਉਣ ਲਈ ਉੱਥੇ ਦੇ ਏਜੰਟ ਨੂੰ 2000 ਮਲੇਸ਼ੀਅਨ ਰਿੰਗਿਟ (38000 ਰੁਪੈ) ਦਿੱਤੇ ਸਨ। ਏਜੰਟ ਨੇ ਪੈਸੇ ਲੈਣ ਦੇ ਬਾਵਜੂਦ ਉਸਦਾ ਵੀਜ਼ਾ ਨਹੀ ਵਧਾਇਆ ਗਿਆ।
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੇ ਉਸਦੇ ਭਰਾ ਨੇ ਵੀ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਨੂੰ ਜਦੋਂ ਪਤਾ ਲੱਗਾ ਕਿ ਜਗਦੀਪ ਜੇਲ੍ਹ ਵਿੱਚ ਹੈ ਤਾਂ ਉਨ੍ਹਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਕੀ ਕੀਤਾ ਜਾਵੇ। ਇਸ ਮਾਮਲੇ ਨੂੰ ਪ੍ਰਦੀਪ ਸਿੰਘ ਖਾਲਸਾ ਅਤੇ ਅਰਸ਼ਦੀਪ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ 02 ਅਪ੍ਰੈਲ ਸੰਪਰਕ ਕੀਤਾ। ਸੰਤ ਸੀਚੇਵਾਲ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਸਦਕਾ ਜਗਦੀਪ 10 ਅਪ੍ਰੈਲ ਨੂੰ ਸਹੀ ਸਲਾਮਤ ਘਰ ਵਾਪਿਸ ਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਰਦਿਆ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇੱਕ ਵਿਧਵਾ ਮਾਂ ਨੂੰ ਉਸਦੇ ਪੁੱਤਰ ਨਾਲ ਮਿਲਾਉਣ ਲਈ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ।
*ਬਾਕਸ ਆਈਟਮ : ਵਾਪਿਸ ਪਰਤੇ ਲੜਕੇ ਨੇ ਸੁਣਾਈਆਂ ਹੱਡਬੀਤੀਆਂ*
ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਵਾਪਿਸ ਪਰਤੇ ਜਗਦੀਪ ਨੇ ਹੱਡਬੀਤੀ ਦੱਸਦਿਆ ਕਿਹਾ ਕਿ ਜਿਸ ਵੇਲੇ ਉਸਨੂੰ ਫੜ ਲਿਆ ਗਿਆ ਸੀ। ਉਸਦੀਆਂ ਸਾਰੀਆਂ ਉਮੀਦਾਂ ਪੂਰੀ ਤਰ੍ਹਾਂ ਨਾਲ ਟੱੁਟ ਗਈਆਂ ਸਨ ਕਿਉਂਕਿ ਉਸਨੂੰ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ ਗਈ ਸੀ। ਜਗਦੀਪ ਨੇ ਕਿਹਾ ਕਿ ਪਿਤਾ ਦੀ ਮੌਤ ਤੇ ਭਰਾ ਦੇ ਦੁਰਘਟਨਾ ਵਿੱਚ ਜ਼ਖਮੀ ਹੋਣ ਕਾਰਣ ਪੂਰੇ ਪਰਿਵਾਰ ਦਾ ਆਸਰਾ ੳੇੁਸ ਉਪਰ ਹੀ ਸੀ ਤੇ ਉਹ ਆਪਣੀ ਮਾਂ ਦਾ ਇਕਲੌਤਾ ਸਹਾਰਾ ਹੀ ਸੀ। ਉਸਨੇ ਦੱਸਿਆ ਕਿ ਜੇਲ੍ਹ ਵਿੱਚ ਉਸਦਾ ਫੋਨ ਖੋਹ ਲਿਆ ਗਿਆ ਸੀ ਤੇ ਉਸ ਨੂੰ ਕਾਫੀ ਤਸੀਹਾ ਝੱਲਣਾ ਪਿਆ। ਉਸਨੇ ਦੱਸਿਆ ਕਿ ਉੱਥੇ ਜੇਲ੍ਹ ਵਿੱਚ ਬੰਦੇ ਦੇ ਵਾਲ ਤੇ ਦਾੜੀ ਕੱਟ ਦਿੱਤੀ ਜਾਂਦੀ ਸੀ। ਪਰ ਇਧਰੋਂ ਸੰਤ ਸੀਚੇਵਾਲ ਵੱਲੋਂ ਕੀਤੀ ਮਦੱਦ ਸਦਕਾ ਉਸ ਨਾਲ ਅਜਿਹਾ ਕੁੱਝ ਨਹੀ ਹੋਇਆ।