ਸੀਨੀਅਰ ਸਿਹਤ ਅਧਿਕਾਰੀਆਂ ਵਲੋਂ ਵੱਖ-ਵੱਖ ਸਰਕਾਰੀ ਹਸਪਤਾਲਾਂ ਦਾ ਨਿਰੀਖਣ
ਹਜਿੰਦਰ ਸਿੰਘ ਭੱਟੀ
- ਸਿਹਤ ਸੰਸਥਾਵਾਂ ਸਵੇਰੇ 8 ਵਜੇ ਤੇ ਰਜਿਸਟਰੇਸ਼ਨ ਕਾਊਂਟਰ 7.30 ਵਜੇ ਖੁੱਲ੍ਹੇ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਪ੍ਰੈਲ 2025 - ਜ਼ਿਲ੍ਹੇ ਦੇ ਸੀਨੀਅਰ ਸਿਹਤ ਅਧਿਕਾਰੀਆਂ ਨੇ ਅੱਜ ਸਵੇਰੇ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸੰਸਥਾਵਾਂ ਵਿਚ ਜਾ ਕੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਹਦਾਇਤਾਂ ਦਿਤੀਆਂ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਦਸਿਆ ਕਿ 16 ਅਪ੍ਰੈਲ ਤੋਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਬਦਲ ਗਿਆ ਹੈ। ਉਨ੍ਹਾਂ ਦਸਿਆ ਕਿ ਸਾਰੀਆਂ ਸਿਹਤ ਸੰਸਥਾਵਾਂ ਖ਼ਾਸਕਰ ਆਮ ਆਦਮੀ ਕਲੀਨਿਕਾਂ ਵਿਚ ਮਰੀਜ਼ਾਂ ਦੀਆਂ ਪਰਚੀਆਂ ਬਣਾਉਣ ਦਾ ਕੰਮ ਸਵੇਰੇ 7.30 ਵਜੇ ਸ਼ੁਰੂ ਹੋ ਗਿਆ ਸੀ ਅਤੇ ਸਿਹਤ ਸੰਸਥਾਵਾਂ ਸਵੇਰੇ 8 ਵਜੇ ਖੁਲ੍ਹ ਗਈਆਂ ਸਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਰਜਿਸਟਰੇਸ਼ਨ ਕਾਊਂਟਰ ਅੱਧਾ ਘੰਟਾ ਪਹਿਲਾਂ ਖੋਲ੍ਹੇ ਜਾ ਰਹੇ ਹਨ ਤਾਕਿ ਪਰਚੀ ਬਣਵਾਉਣ ਲਈ ਮਰੀਜ਼ਾਂ ਦੀਆਂ ਕਤਾਰਾਂ ਨਾ ਲੱਗਣ। ਡਾ. ਜੈਨ ਨੇ ਦਸਿਆ ਕਿ ਅਧਿਕਾਰੀਆਂ ਨੇ ਰਜਿਸਟਰੇਸ਼ਨ ਕਾਊਂਟਰਾਂ ਅਤੇ ਓ.ਪੀ.ਡੀ. ਕਮਰਿਆਂ ਵਿਚ ਜਾ ਕੇ ਨਿਰੀਖਣ ਕੀਤਾ। ਸਾਰੀਆਂ ਸਿਹਤ ਸੰਸਥਾਵਾਂ ਵਿਚ ਡਾਕਟਰ ਅਤੇ ਹੋਰ ਸਟਾਫ਼ ਸਮੇਂ ਸਿਰ ਪਹੁੰਚ ਗਿਆ ਸੀ। ਇਸ ਦੇ ਨਾਲ ਹੀ, ਸਿਹਤ ਅਧਿਕਾਰੀਆਂ ਨੇ ਹਸਪਤਾਲਾਂ ਵਿਚ ਜ਼ਰੂਰੀ ਦਵਾਈਆਂ ਦੀ ਉਪਲਭਧਤਾ ਬਾਰੇ ਜਾਣਿਆ ਅਤੇ ਹਦਾਇਤਾਂ ਕੀਤੀਆਂ ਕਿ ਡਾਕਟਰਾਂ ਵਲੋਂ ਮਰੀਜ਼ ਦੀ ਪਰਚੀ ਉਤੇ ਕੋਈ ਵੀ ਦਵਾਈ ਅਜਿਹੀ ਨਾ ਲਿਖੀ ਜਾਵੇ ਜਿਹੜੀ ਪ੍ਰਾਈਵੇਟ ਮੈਡੀਕਲ ਦੁਕਾਨਾਂ ’ਤੇ ਮਿਲਦੀ ਹੋਵੇ।
ਸਾਰੀਆਂ ਦਵਾਈਆਂ ਹਸਪਤਾਲ ਦੀ ਫ਼ਾਰਮੇਸੀ ਵਿਚ ਹੀ ਮਿਲਣੀਆਂ ਚਾਹੀਦੀਆਂ ਹਨ। ਜੇ ਕਿਸੇ ਕਾਰਨ ਦਵਾਈ ਪ੍ਰਾਈਵੇਟ ਦੁਕਾਨ ’ਤੇ ਉਪਲਭਧ ਹੈ ਤਾਂ ਸੰਸਥਾ ਦੇ ਇੰਚਾਰਜ ਦੀ ਜ਼ਿੰਮੇਵਾਰੀ ਹੈ ਕਿ ਉਹ ਮਰੀਜ਼ ਲਈ ਦਵਾਈ ਉਪਲਭਧ ਕਰਾਏ। ਡਾ. ਜੈਨ ਨੇ ਆਖਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਉਨ੍ਹਾਂ ਦਾ ਪਹਿਲਾ ਫ਼ਰਜ਼ ਹੈ। ਉੁਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਅਧਿਕਾਰੀਆਂ ਦੁਆਰਾ ਨਿਰੀਖਣ ਦਾ ਕੰਮ ਇਸੇ ਤਰ੍ਹਾਂ ਚਲਦਾ ਰਹੇਗਾ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਹਤ ਸਟਾਫ਼ ਦਾ ਪੂਰਾ ਸਹਿਯੋਗ ਕਰਨ ਤਾਕਿ ਉਨ੍ਹਾਂ ਨੂੰ ਬਿਨਾਂ ਕਿਸੇ ਦਿੱਕਤ ਵਧੀਆ ਸਿਹਤ ਸਹੂਲਤਾਂ ਮਿਲਦੀਆਂ ਰਹਿਣ।