ਖੰਨਾ 'ਚ ਸ਼ਰਾਬ ਠੇਕੇ ਦੇ ਮੁਲਾਜ਼ਮਾਂ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ
ਰਵਿੰਦਰ ਸਿੰਘ
ਖੰਨਾ : ਖੰਨਾ ਵਿੱਚ ਬੇਖ਼ੌਫ਼ ਲੁਟੇਰੇ ਪੁਲਿਸ ਨੂੰ ਚੁਣੌਤੀ ਦੇਂਦੇ ਹੋਏ ਇਕ ਤੋਂ ਇਕ ਵਾਰਦਾਤ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲੇ ਵਿੱਚ ਦੋ ਮੋਟਰਸਾਈਕਲਾਂ 'ਤੇ ਆਏ ਪੰਜ ਲੁਟੇਰਿਆਂ ਨੇ ਸ਼ਰਾਬ ਠੇਕੇ ਦੇ ਇਕ ਕਰਮਚਾਰੀ 'ਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ₹38 ਹਜ਼ਾਰ ਨਕਦ ਰਕਮ ਨਾਲ ਭਰਿਆ ਬੈਗ ਅਤੇ ਦਸਤਾਵੇਜ਼ ਲੁੱਟ ਲੈ ਕੇ ਫਰਾਰ ਹੋ ਗਏ। ਵਾਰਦਾਤ ਨਵੀਂ ਆਬਾਦੀ ਖੰਨਾ 'ਚ ਵਾਪਰੀ ਜੋ ਕਿ ਨਜ਼ਦੀਕੀ ਸੀਸੀਟਿਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ।
ਜਾਣਲੇਵਾ ਹਮਲੇ ਤੋਂ ਬਚੇ ਮਹਿਲਿੰਦਰ ਸਿੰਘ ਦੀ ਦਾਸਤਾਨ
ਮਹਿਲਿੰਦਰ ਸਿੰਘ, ਜੋ ਕਿ ਮੰਡੀ ਗੋਬਿੰਦਗੜ੍ਹ ਦੇ ਇੱਕ ਸ਼ਰਾਬ ਠੇਕੇ 'ਤੇ ਕੰਮ ਕਰਦੇ ਹਨ, ਨੇ ਦੱਸਿਆ ਕਿ ਉਹ ਰਾਤ 12:30 ਵਜੇ ਕੰਮ ਮੁਕਾ ਕੇ ਖੰਨਾ ਵਾਪਸ ਆ ਰਹੇ ਸਨ। ਜਦੋਂ ਉਹ ਦਸ਼ਹਰਾ ਗ੍ਰਾਊਂਡ ਨੇੜੇ ਪਹੁੰਚੇ ਤਾਂ ਦੋ ਮੋਟਰਸਾਈਕਲਾਂ 'ਤੇ ਸਵਾਰ ਪੰਜ ਲੋਕ ਉਨ੍ਹਾਂ ਦੇ ਪਿੱਛੇ ਪੈ ਗਏ। ਉਨ੍ਹਾਂ ਨੇ ਘਰ ਦੇ ਨੇੜੇ ਤੱਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉੱਥੇ ਹੀ ਉਨ੍ਹਾਂ ਉੱਤੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਕੇ ਬੈਗ, ਮੋਬਾਈਲ ਅਤੇ ₹38 ਹਜ਼ਾਰ ਦੀ ਨਕਦੀ ਲੁੱਟ ਲਈ। ਉਨ੍ਹਾਂ ਨੇ ਕਿਸੇ ਤਰ੍ਹਾਂ ਘਰ ਪਹੁੰਚ ਕੇ ਪਰਿਵਾਰ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪੁਲਿਸ ਵੱਲੋਂ ਜਾਂਚ ਜਾਰੀ
ਜ਼ਖਮੀ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਮੰਗ ਕੀਤੀ ਕਿ ਪੁਲਿਸ ਵਾਰਦਾਤ ਵਿੱਚ ਸ਼ਾਮਲ ਲੁਟੇਰਿਆਂ ਨੂੰ ਜਲਦੀ ਫੜੇ ਅਤੇ ਕਾਨੂੰਨੀ ਸਜ਼ਾ ਦਿਲਾਏ। ਸਿਟੀ ਵਨ ਥਾਣਾ ਇੰਚਾਰਜ ਐਸਐਚਓ ਸੰਦੀਪ ਕੌਰ ਨੇ ਕਿਹਾ ਕਿ ਹਸਪਤਾਲ ਤੋਂ ਜਾਣਕਾਰੀ ਮਿਲ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਜਾਰੀ ਹੈ। ਜਲਦ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਡੀਐਸਪੀ ਅਮਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਵਾਰਦਾਤ ਵਾਲੀ ਰਾਤ ਜਦੋਂ ਪੁਲਿਸ ਨੇ ਹਸਪਤਾਲ 'ਚ ਮਹਿਲਿੰਦਰ ਸਿੰਘ ਤੋਂ ਬਿਆਨ ਲੈਣ ਦੀ ਕੋਸ਼ਿਸ਼ ਕੀਤੀ, ਉਹ ਉਥੋਂ ਚਲੇ ਗਏ। ਅੱਜ ਉਨ੍ਹਾਂ ਦੇ ਪੁੱਤਰ ਨੇ ਥਾਣੇ 'ਚ ਆ ਕੇ ਲਿਖਤੀ ਬਿਆਨ ਦਿੱਤਾ ਹੈ। ਪਹਿਲਾਂ ਸਿਰਫ਼ ਮੋਬਾਈਲ ਲੁੱਟ ਦੀ ਗੱਲ ਕਹੀ ਗਈ ਸੀ, ਪਰ ਹੁਣ ₹38 ਹਜ਼ਾਰ ਨਕਦੀ ਦੀ ਵੀ ਗੱਲ ਹੋ ਰਹੀ ਹੈ, ਜਿਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਕੋਲ ਸੀਸੀਟੀਵੀ ਸਬੂਤ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।