ਜ਼ਿੰਦਗੀ ਦੀ ਜੰਗ ਹਾਰ ਗਿਆ ਸੰਘਰਸ਼ਾਂ ’ਚ ਜਿੱਤ ਹਾਸਲ ਕਰਨ ਵਾਲਾ ਕਿਸਾਨ ਆਗੂ
ਅਸ਼ੋਕ ਵਰਮਾ
ਬਠਿੰਡਾ,15ਮਾਰਚ2025: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਨਥਾਣਾ ਦੇ ਪ੍ਰਧਾਨ ਹੁਸ਼ਿਆਰ ਸਿੰਘ ਚੱਕ ਫਤਿਹ ਸਿੰਘ ਵਾਲਾ( ਉਮਰ ਲਗਭਗ 73 ਸਾਲ) ਕੁੱਝ ਮਹੀਨੇ ਬਿਮਾਰ ਰਹਿਣ ਤੋਂ ਬਾਅਦ ਇਸ ਫਾਨੀ ਜਹਾਨ ਨੂੰ ਅਲਵਿਦਾ ਆਖ ਗਿਆ ਹੈ। ਹੁਸ਼ਿਆਰ ਸਿੰਘ ਨੇ ਬੇਸ਼ੱਕ ਜਿੰਦਾ ਰਹਿੰਦਿਆਂ ਕਿਸਾਨੀ ਲਈ ਲੜੇ ਸੰਘਰਸ਼ਾਂ ਦੌਰਾਨ ਫਤਿਹ ਪਾਈ ਪਰ ਉਹ ਇੱਕ ਭਿਆਨਕ ਬਿਮਾਰੀ ਤੋਂ ਜਿੱਤ ਨਾਂ ਹਾਸਲ ਕਰ ਸਕਿਆ। ਹੁਸ਼ਿਆਰ ਸਿੰਘ ਦਾ ਪੀਜੀਆਈ ਚੋਂ ਇਲਾਜ ਚੱਲ ਰਿਹਾ ਸੀ ਜਿੱਥੇ ਉਸ ਦਾ ਆਪਰੇਸ਼ਨ ਹੋਇਆ ਸੀ ਜਿਸ ਤੋਂ ਬਾਅਦ ਸਿਹਤ ਠੀਕ ਰਹਿਣ ਲੱਗੀ ਸੀ ਕਿ ਅਚਨਚੇਤ ਦਿਲ ਦਾ ਦੌਰਾ ਪੈ ਗਿਆ ਜੋ ਜਾਨਲੇਵਾ ਸਾਬਤ ਹੋਇਆ। ਹਾਰਟ ਅਟੈਕ ਦੀ ਸਮੱਸਿਆ ਕਾਰਨ ਉਹਨਾਂ ਨੂੰ ਆਦੇਸ਼ ਹਸਪਤਾਲ ਲਿਜਾਇਆ ਗਿਆ ਪਰ ਬਚਾਇਆ ਨਾਂ ਜਾ ਸਕਿਆ। ਹੁਸ਼ਿਆਰ ਸਿੰਘ ਦੇ ਸਦੀਵੀ ਵਿਛੋੜੇ ਕਾਰਨ ਵੱਡੀ ਗਿਣਤੀ ਜਨਤਕ ਜੱਥੇਬੰਦੀਆਂ ’ਚ ਸੋਗ ਦਾ ਮਹੌਲ ਪਾਇਆ ਜਾ ਰਿਹਾ ਹੈ।
ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹੁਸ਼ਿਆਰ ਸਿੰਘ ਨੇ ਆਪਣੀ ਜ਼ਿੰਦਗੀ ਦਾ ਚਾਰ ਦਹਾਕਿਆਂ ਤੋਂ ਵੱਧ ਸਮਾਂ ਜਥੇਬੰਦੀ ਦੇ ਸੰਘਰਸ਼ਾਂ ਅਤੇ ਹੋਰ ਕੰਮਾਂ ਕਾਰਾਂ ਦੇ ਲੇਖੇ ਲਾਇਆ । ਉਹਨਾਂ ਕੇਵਲ ਕਿਸਾਨੀ ਸਮੱਸਿਆਵਾਂ ਦੇ ਲਈ ਸੰਘਰਸ਼ ਹੀ ਨਹੀਂ ਕੀਤਾ ਸਗੋਂ ਮਜ਼ਦੂਰਾਂ, ਮੁਲਾਜ਼ਮਾਂ ਅਤੇ ਹੋਰ ਤਬਕੇ ਦੀਆਂ ਸਮੱਸਿਆਵਾਂ ਨੂੰ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਸਮਝਦੇ ਹੋਇਆਂ ਬਰਾਬਰ ਸਹਿਯੋਗ ਦਿੱਤਾ ਅਤੇ ਜੇਲ੍ਹਾਂ ਵੀ ਕੱਟੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਜਿੱਥੇ ਹੁਸ਼ਿਆਰ ਸਿੰਘ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਘਾਟਾ ਪਿਆ ਹੈ ਉਥੇ ਹੀ ਜਥੇਬੰਦੀ ਲਈ ਵੀ ਵੱਡੀ ਸੱਟ ਹੈ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ। ਕੋਕਰੀ ਕਲਾਂ ਨੇ ਕਿਹਾ ਕਿ ਹੁਸ਼ਿਆਰ ਸਿੰਘ ਵੱਲੋਂ ਸ਼ੁਰੂ ਕੀਤੇ ਕਾਰਜਾਂ ਨੂੰ ਪੂਰਾ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।
ਅੱਜ ਇਸ ਦੁੱਖ ਦੀ ਘੜੀ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਆਗੂ ਹਰਦੀਪ ਸਿੰਘ ਟੱਲੇਵਾਲ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨਦਾ ਕਹਿਣਾ ਸੀ ਕਿ ਹੁਸ਼ਿਆਰ ਸਿੰਘ ਦੇ ਬੇਵਕਤੀ ਵਿਛੋੜੇ ਨਾਲ ਜੱਥੇਬੰਦੀ ਦੇ ਸੰਘਰਸ਼ੀ ਕਾਰਜਾਂ ਵਿੱਚ ਵਿਘਨ ਪਿਆ ਹੈ ਜਿਸ ਦਾ ਖੱਪਾ ਪੂਰਨਾ ਕਠਿਨ ਹੈ। ਉਨ੍ਹਾਂ ਕਿਹਾ ਕਿ ਉਹ ਕੇਵਲ ਕਿਸਾਨ ਆਗੂ ਹੀ ਨਹੀਂ ਸੀ ਬਲਕਿ ਘੋਲ ਦੀ ਲੋੜ ਮੁਤਾਬਕ ਲਾਮਬੰਦੀ ਕਰਨ ਵਿੱਚ ਵੀ ਮਾਹਿਰ ਸੀ ਜਿਸ ਨੂੰ ਜੱਥੇਬੰਦੀ ਦੇ ਇਤਿਹਸ ’ਚ ਸਦਾ ਯਾਦ ਰੱਖਿਆ ਜਾਏਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਹੁਸ਼ਿਆਰ ਸਿੰਘ ਨਮਿਤ ਦਾ ਸ਼ਰਧਾਂਜਲੀ ਸਮਾਗਮ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ 23 ਮਾਰਚ ਦਿਨ ਐਤਵਾਰ ਨੂੰ ਕਰਵਾਇਆ ਜਾਏਗਾ ਜਿੱਥੇ ਸੰਘਰਸ਼ਸ਼ੀਲ ਧਿਰਾਂ ਵਿਛੜੀ ਰੂਹ ਨੂੰ ਖੈਰਾਜੇ ਅਕੀਦਤ ਪੇਸ਼ ਕਰਨਗੀਆਂ। ਕਿਸਾਨ ਆਗੂਆਂ ਨੇ ਸਭਨਾਂ ਕਿਰਤੀ ਅਤੇ ਇਨਸਾਫਪਸੰਦ ਲੋਕਾਂ ਨੂੰ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇਸ ਮੌਕੇ ਜਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪਿੱਥੋ, ਕਰਮਜੀਤ ਕੌਰ ਲਹਿਰਾ ਖਾਨ, ਹਰਪ੍ਰੀਤ ਕੌਰ ਜੇਠੂਕੇ, ਜਿਲ੍ਹਾ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ , ਭਰਾਤਰੀ ਜਥੇਬੰਦੀਆਂ ਦੇ ਆਗੂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਡੀਟੀਐਫ ਦੇ ਜ਼ਿਲਾ ਪ੍ਰਧਾਨ ਰੇਸ਼ਮ ਸਿੰਘ ਖੇਮੂਆਣਾ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਬੁਰਜ ਗਿੱਲ) ਦੇ ਆਗੂ ਬੂਟਾ ਸਿੰਘ ਤੁੰਗਵਾਲੀ, ਲੋਕ ਮੋਰਚਾ ਪੰਜਾਬ ਤੋਂ ਜਗਮੇਲ ਸਿੰਘ ,ਠੇਕਾ ਮੁਲਾਜ਼ਮ ਮੋਰਚਾ ਵੱਲੋਂ ਜਗਰੂਪ ਸਿੰਘ ਲਹਿਰਾ ਮਹੱਬਤ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ, ਬਲਾਕਾਂ ਅਤੇ ਪਿੰਡਾਂ ਦੇ ਸਰਗਰਮ ਆਗੂ ਵਰਕਰ ਸ਼ਾਮਿਲ ਸਨ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਵੀ ਹੁਸ਼ਿਆਰ ਸਿੰਘ ਦੀ ਮ੍ਰਿਤਕ ਦੇਹ ਤੇ ਆਪੋ ਆਪਣੀ ਜਥੇਬੰਦੀ ਦੇ ਝੰਡੇ ਪਾਕੇ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ।