ਸਿੱਖ ਪਰਿਵਾਰ ਰਮਜ਼ਾਨ ਮਹੀਨੇ ਦੇ ਪਵਿੱਤਰ ਮੌਕੇ ਤੇ ਜੁੰਮੇ ਦੀ ਵਿਸ਼ੇਸ਼ ਨਮਾਜ਼ ਮੌਕੇ ਸਮਰਾਲਾ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਦਾਨ ਕੀਤੀਆਂ ਦੁਕਾਨਾਂ
- ਢਿੱਲੋ ਪਰਿਵਾਰ ਵੱਲੋਂ ਚੁੱਕਿਆ ਕਦਮ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਵੱਡਾ ਉਪਰਾਲਾ ਹੈ-ਈ.ਓ ਲਿਆਕਤ ਅਲੀ
- ਸਭ ਕੁਝ ਦੇਣ ਵਾਲਾ ਉਹੀ ਰੱਬ ਪਰਵਰਦਿਗਾਰ ਹੈ ਉਹ ਹੀ ਅੱਛਾਈ ਵਾਸਤੇ ਕਿਸੇ ਕੰਮ ਨੂੰ ਕਰਨ ਦੀ ਤੌਫੀਕ ਬਖਸ਼ਦਾ ਹੈ --ਹਰਸਿਮਰਨ ਸਿੰਘ ਢਿੱਲੋ
- ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਉਪਰਾਲੇ ਕਰ ਰਹੀ ਸਿੱਖ ਮੁਸਲਿਮ ਸਾਂਝਾਂ ਵੱਲੋਂ ਢਿੱਲੋ ਪਰਿਵਾਰ ਨੂੰ ਕੀਤਾ ਜਾਵੇਗਾ ਸਨਮਾਨਿਤ - ਮੌਲਾਨਾ ਉਸਮਾਨ/ਡਾ.ਨਸੀਰ ਅਖਤਰ
ਇਸਮਾਈਲ ਏਸ਼ੀਆ
ਮਾਲੇਰਕੋਟਲਾ 15 ਮਾਰਚ 2025 - ਬੀਤੇ ਕੱਲ ਰਮਜ਼ਾਨ ਉਲ ਮੁਬਾਰਕ ਦੇ ਪਵਿੱਤਰ ਮਹੀਨੇ ਦੇ ਮੌਕੇ ਤੇ ਤੇ ਜੁੰਮਾ ਤੁਲ ਮੁਬਾਰਕ ਦੇ ਵਿਸ਼ੇਸ਼ ਦਿਨ ਜੁੰਮੇ ਦੀ ਨਮਾਜ਼ ਮੌਕੇ ਸਮਰਾਲਾ ਸ਼ਹਿਰ ਵਿਖੇ ਢਿੱਲੋਂ ਪਰਿਵਾਰ ਵੱਲੋਂ ਇੱਕ ਬਹੁਤ ਵੱਡੀ ਮਿਸਾਲ ਪੇਸ਼ ਕਰਦੇ ਆਂ ਜਿੱਥੇ ਦੇਸ਼ ਭਰ ਵਿਚ ਮਨਾਏ ਜਾ ਰਹੇ ਰੰਗਾਂ ਦੇ ਤਿਉਹਾਰ ਹੋਲੀ ਵਾਲੇ ਦਿਨ ਆਪਸੀ ਭਾਈਚਾਰਕ ਸਾਂਝ ਦੇ ਰੰਗਾਂ ਨੂੰ ਬਖੇਰਿਆ ਹੈ ਉਥੇ ਹੀ ਜੁੰਮੇ ਦੀ ਵਿਸ਼ੇਸ਼ ਨਮਾਜ ਮੌਕੇ ਸਮਰਾਲਾ ਦੇ ਢਿੱਲੋ ਪਰਿਵਾਰ ਦੇ ਹੋਣਹਾਰ ਨੌਜਵਾਨ ਹਰਸਿਮਰਨ ਸਿੰਘ ਢਿੱਲੋ ਨੇ ਸ਼ਹਿਰ ਅੰਦਰ ਜਮਾ ਮਸਜਿਦ ਦੇ ਨਜ਼ਦੀਕ ਆਪਣੀਆਂ ਬੇਸ਼ਕੀਮਤੀ ਦੁਕਾਨਾਂ ਜੁੰਮਾ ਮਸਜਿਦ ਸਮਰਾਲਾ ਨੂੰ ਦਾਨ ਦੇ ਕੇ ਜਿਥੇ ਆਪਸੀ ਭਾਈਚਾਰਕ ਏਕਤਾ ਦੀਆ ਤੰਦਾਂ ਨੂੰ ਹੋਰ ਮਜ਼ਬਤ ਕੀਤਾ ਉੱਥੇ ਹੀ ਦੇਸ਼ ਅੰਦਰ ਚੱਲ ਰਹੀਆਂ ਕੱਟੜਪੰਥੀ ਲੋਕਾਂ ਅੱਗੇ ਆਪਸੀ ਭਾਈਚਾਰਕ ਸਾਂਝ ਦੀ ਤਸਵੀਰ ਪੇਸ਼ ਕੀਤੀ ਹੈ, ਦੱਸਣਾ ਬਣਦਾ ਹੈ ਕਿ ਸਮਰਾਲਾ ਵਿਖੇ ਇੱਕ ਸਿੱਖ ਪਰਿਵਾਰ ਵੱਲੋਂ ਆਪਣੀਆਂ ਦੋ ਬੇਸਕੀਮਤੀ ਦੁਕਾਨਾਂ ਸ਼ਹਿਰ ਦੀ ਇਤਿਹਾਸਕ ਜਾਮਾ ਮਸਜਿਦ ਨੂੰ ਦਾਨ ਕਰਕੇ ਸਿੱਖ-ਮੁਸਲਮਾਨ ਭਾਈਚਾਰੇ ਦੀ ਇੱਕ ਨਵੀਂ ਮਿਸਾਲ ਕਾਇਮ ਕਰ ਦਿੱਤੀ ਹੈ।
ਜਿਸ ਸਬੰਧੀ ਬੋਲਦਿਆਂ ਇਨ੍ਹਾਂ ਦੁਕਾਨਾਂ ਦੇ ਮਾਲਕ ਹਰਸਿਮਰਨ ਸਿੰਘ ਢਿੱਲੋ ਨੇ ਕਿਹਾ ਕਿ ਇਹ ਹੁਕਮ ਉਹਨਾਂ ਨੂੰ ਰੱਬ ਵੱਲੋਂ ਹੀ ਹੋਇਆ ਹੈ ਉਹੀ ਸਭ ਕੁਝ ਦੇਣ ਵਾਲਾ ਰੱਬ ਪਰਵਰਦਿਗਾਰ ਹੀ ਹੈ ਉਹ ਹੀ ਅੱਛਾਈ ਵਾਸਤੇ ਕਿਸੇ ਕੰਮ ਨੂੰ ਕਰਨ ਦੀ ਤੌਫੀਕ ਬਖਸ਼ਦਾ ਹੈ ਉਹਨਾਂ ਕਿਹਾ ਕਿ ਉਹਨਾਂ ਲਈ ਬੇਹੱਦ ਖੁਸ਼ੀ ਦਾ ਮੌਕਾ ਹੈ ਕਿ ਉਹਨਾਂ ਨੂੰ ਰੱਬ ਦੀ ਹਜ਼ੂਰੀ ਵਿੱਚ ਇਹ ਦੁਕਾਨਾਂ ਦੇਣ ਦਾ ਸੁਭਾਗ ਪ੍ਰਾਪਤ ਹੋਇਆ ਹੈ।
ਪਰਿਵਾਰ ਵੱਲੋਂ ਚੁੱਕੇ ਇਸ ਕਦਮ ਲਈ ਪੰਜਾਬ ਵਕਫ਼ ਬੋਰਡ ਖੰਨਾ ਸਰਕਲ ਦੇ ਈ.ਓ ਜਨਾਬ ਲਿਆਕਤ ਅਲੀ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਦੇਸ਼ ਅੰਦਰ ਕੁੜੱਤਣ ਪੈਦਾ ਕਰਨ ਲਈ ਲੋਕਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਥੋਂ ਹੀ ਢਿੱਲੋ ਪਰਿਵਾਰ ਵੱਲੋਂ ਚੁੱਕਿਆ ਇਹ ਕਦਮ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਵੱਡਾ ਉਪਰਾਲਾ ਹੈ ਜਿਸ ਲਈ ਉਹ ਪਰਿਵਾਰ ਨੂੰ ਮੁਬਾਰਕਬਾਦ ਪੇਸ਼ ਕਰਦੇ ਹਨ। ਇਸ ਮੌਕੇ ਤੇ ਮਸਜਿਦ ਦੇ ਇਮਾਮ ਮੌਲਵੀ ਸਾਹਿਬ ਵੱਲੋਂ ਦੇਸ਼ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਅਤੇ ਇਸ ਲਈ ਕੋਸ਼ਿਸ਼ ਕਰਨ ਵਾਲੇ ਢਿੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਦੁਆ ਕਰਵਾਈ ਗਈ।
ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਲੁਧਿਆਣਵੀ ਅਤੇ ਹਾਅ ਦੇ ਨਾਅਰੇ ਦੀ ਧਰਤੀ ਮਾਲੇਰਕਟਲਾ ਵਿਖੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਉਪਰਾਲੇ ਕਰ ਰਹੀ ਸਿੱਖ ਮੁਸਲਿਮ ਸਾਂਝਾਂ ਦੇ ਕਨਵੀਨਰ ਡਾਕਟਰ ਨਸੀਰ ਅਖਤਰ ਨੇ ਪਰਿਵਾਰ ਦੀ ਇਸ ਕੋਸ਼ਿਸ਼ ਨੂੰ ਸਲਾਮ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਇਹ ਉਪਰਾਲਾ ਪੰਜਾਬ ਨਿਵਾਸੀਆਂ ਲਈ ਚੰਗੀ ਸੇਧ ਸਾਬਤ ਹੋਵੇਗਾ।