ਨਗਰ ਨਿਗਮ ਦੇ ਕਾਂਗਰਸੀ ਕੌਂਸਲਰ ਬਲਰਾਜ ਸਿੰਘ ਪੱਕਾ ਨੇ ਮਾਰੀ ਪ੍ਰਧਾਨਗੀ ਨੂੰ ‘ਠੋਕ੍ਹਰ’
ਅਸ਼ੋਕ ਵਰਮਾ
ਬਠਿੰਡਾ, 15 ਫਰਵਰੀ 2025:ਬਲਾਕ ਕਾਂਗਰਸ ਬਠਿੰਡਾ ਦੇ ਪ੍ਰਧਾਨ ਅਤੇ ਟਕਸਾਲੀ ਕਾਂਗਰਸੀ ਬਲਰਾਜ ਸਿੰਘ ਪੱਕਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਪਾਰਟੀਆਂ ਵਿੱਚ ਅਸਤੀਫੇ ਆਮ ਜਿਹਾ ਵਰਤਾਰਾ ਹੈ ਪਰ ਜਿਸ ਤਰ੍ਹਾਂ ਬਠਿੰਡਾ ਸ਼ਹਿਰੀ ਕਾਂਗਰਸ ਅੰਦਰੂਨੀ ਸੰਕਟ ਨਾਲ ਜੂਝ ਰਹੀ ਹੈ ਉਸ ਨੂੰ ਮੁੱਖ ਰੱਖਦਿਆਂ ਬਲਰਾਜ ਪੱਕਾ ਦੇ ਫੈਸਲੇ ਨੂੰ ਹੈਰਾਨੀ ਨਾਲ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਇਹ ਮੁਕਾਮੀ ਪੱਧਰ ’ਤੇ ਅੰਦਰੂਨੀ ਸੰਕਟ ਨਾਲ ਜੂਝ ਰਹੀ ਕਾਂਗਰਸ ਵਿੱਚ ‘ਸਭ ਅੱਛਾ ਨਹੀਂ’ ਦਾ ਸਪਸ਼ਟ ਸੰਕੇਤ ਹੈ। ਇਸ ਘਟਨਾਕ੍ਰਮ ਦੇ ਨਾਲ ਸਿਆਸੀ ਪੰਡਤਾਂ ਨੇ ਪਾਰਟੀ ਦੇ ਗ੍ਰਹਿ ਯੁੱਧ ਬਾਰੇ ਚਰਚਾ ਭਖ਼ਾ ਦਿੱਤੀ ਹੈ। ਸਿਆਸੀ ਹਲਕਿਆਂ ’ਚ ਬਲਰਾਜ ਸਿੰਘ ਪੱਕਾ ਸਾਫ਼-ਸੁਥਰੀ ਛਵੀ ਅਤੇ ਸਾਊ ਅਕਸ ਵਾਲੇ ਆਗੂ ਮੰਨੇ ਜਾਂਦੇ ਹਨ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜੇ ਆਪਣੇ ਅਸਤੀਫ਼ੇ ’ਚ ਸ੍ਰੀ ਪੱਕਾ ਨੇ ਲਿਖ਼ਿਆ ਹੈ ਕਿ ‘ਆਪ ਜੀ ਅਤੇ ਕਾਂਗਰਸ ਪਾਰਟੀ ਨੇ ਮੈਨੂੰ ਬਲਾਕ ਕਾਂਗਰਸ ਕਮੇਟੀ ਬਠਿੰਡਾ-1 ਦੀ ਜ਼ਿੰਮੇਵਾਰੀ ਸੌਂਪੀ ਸੀ, ਪਰ ਹੁਣ ਮੈਂ ਆਪਣੇ ਪਰਿਵਾਰ ਦੇ ਨਿੱਜੀ ਕਾਰਨਾਂ ਕਰਕੇ ਇਸ ਜ਼ਿੰਮੇਵਾਰੀ ਤੋਂ ਫਾਰਗ ਹੋਣਾ ਚਾਹੁੰਦਾ ਹਾਂ। ਮੈਂ ਕਾਂਗਰਸ ਪਾਰਟੀ ਨਾਲ ਖੜ੍ਹਾ ਹਾਂ ਅਤੇ ਹਮੇਸ਼ਾ ਖੜ੍ਹਾ ਰਹਾਂਗਾ। ਸੋ ਬੇਨਤੀ ਕਰਦਾ ਹਾਂ ਕਿ ਮੇਰਾ ਅਸਤੀਫ਼ਾ ਤੁਰੰਤ ਪ੍ਰਵਾਨ ਕਰਕੇ ਕਿਸੇ ਨਵੇਂ ਪਾਰਟੀ ਵਰਕਰ ਨੂੰ ਮੌਕਾ ਦਿੱਤਾ ਜਾਵੇ।’ ਬਲਰਾਜ ਸਿੰਘ ਪੱਕਾ ਬਠਿੰਡਾ ਸ਼ਹਿਰ ਦੇ ਵਾਰਡ ਨੰਬਰ 16 ਤੋਂ ਕੌਂਸਲਰ ਵੀ ਹਨ। ਲੰਘੀ 5 ਫਰਵਰੀ ਨੂੰ ਨਗਰ ਨਿਗਮ ਦੇ ਮੇਅਰ ਦੀ ਚੋਣ ਮੌਕੇ ਉਨ੍ਹਾਂ ਸਮੇਤ 3 ਕੌਂਸਲਰ ਗ਼ੈਰ ਹਾਜ਼ਰ ਸਨ।
ਪੱਕਾ ਦੀ ‘ਨਾਦਾਰਦੀ’ ਹੀ ਹੁਣ ‘ਨਾਰਾਜ਼ਗੀ’ ਦੀ ਬੁਨਿਆਦ ਬਣੀ ਹੈ। ਭਾਵੇਂ ਸ੍ਰੀ ਪੱਕਾ ਨੇ ਅਸਤੀਫ਼ੇ ਬਾਰੇ ਆਪਣਾ ਦਿਲ ਖੋਲ੍ਹਣ ਤੋਂ ਇਨਕਾਰ ਕੀਤਾ, ਪਰ ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਗ਼ੈਰ ਹਾਜ਼ਰੀ ਨੂੰ ਲੈ ਕੇ ਪਾਰਟੀ ਲੀਡਰਸ਼ਿਪ ਦੀ ‘ਡਿਕਟੇਟਰਾਨਾ ਪਹੁੰਚ’ ਇਸ ਦਾ ਆਧਾਰ ਬਣੀ। ਉਨ੍ਹਾਂ ਮੁਤਾਬਿਕ ਗ਼ੈਰ ਹਾਜ਼ਰ ਅਤੇ ਕਰਾਸ ਵੋਟਿੰਗ ਵਾਲੇ 19 ਕੌਂਸਲਰਾਂ ਨੂੰ ਅਨੁਸਾਸ਼ਨੀ ਕਮੇਟੀ ਵੱਲੋਂ ‘ਕਾਰਣ ਦੱਸੋ’ ਨੋਟਿਸ ਜਾਰੀ ਕੀਤੇ ਗਏ, ਤਾਂ ਸ੍ਰੀ ਪੱਕਾ ਦੀ ਦਲੀਲ ਰਹੀ ਕਿ ਉਹ ਹਾਈਕਮਾਨ ਦੇ ਧਿਆਨ ’ਚ ਲਿਆ ਕੇ ਵਿਦੇਸ਼ ਗਏ ਹੋਏ ਸਨ, ਇਸੇ ਕਰਕੇ ਹਾਜ਼ਰ ਨਹੀਂ ਹੋ ਸਕੇ। ਹਾਈ ਕਮਾਨ ਵੱਲੋਂ ਫਿਰ ਵੀ ਇਤਰਾਜ਼ ਕੀਤੇ ਜਾਣ ’ਤੇ ਉਨ੍ਹਾਂ ਆਪਣੀ ਨਾ-ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਬਲਾਕ ਪ੍ਰਧਾਨਗੀ ਦੇ ‘ਬੋਝ’ ਨੂੰ ਮੋਢਿਆਂ ਤੋਂ ਝਟਕਣ ’ਚ ਦੇਰੀ ਨਹੀਂ ਕੀਤੀ ਅਤੇ ਅਸਤੀਫ਼ਾ ਲਿਖ਼ ਦਿੱਤਾ।