ਮਾਂ ਬੋਲੀ ਪੰਜਾਬੀ ਚੌਕ’ ਵਿਸ਼ਵ ਮਾਂ ਬੋਲੀ ਦਿਵਸ ਨੂੰ ਸਮਰਪਿਤ ਸ਼ਾਨਦਾਰ ਤੋਹਫ਼ਾ
ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ, ਜਗਤ ਪੰਜਾਬੀ ਸਭਾ ਹਰ ਸੰਭਵ ਸਹਿਯੋਗ ਕਰੇਗੀ- ਮੁਕੇਸ਼ ਵਰਮਾ, ਪਰਮਿੰਦਰ ਸੈਣੀ ਤੇ ਸਰਵਣ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ , 13 ਫਰਵਰੀ 2025 : ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਯਤਨਾਂ ਸਦਕਾ ਜ਼ਿਲ੍ਹਾ ਗੁਰਦਾਸਪੁਰ ਵਿੱਚ ‘ਮਾਂ ਬੋਲੀ ਪੰਜਾਬੀ ਚੌਕ’ (ਗੁਰਦਾਸਪੁਰ-ਦੀਨਾਨਗਰ ਬਾਈਪਾਸ ਚੌਂਕ) ਦਾ ਨਿਰਮਾਣ ਕੀਤੇ ਜਾਣ ’ਤੇ ਜਗਤ ਪੰਜਾਬੀ ਸਭਾ ਕੈਨੇਡਾ ਸੂਬਾ ਪੰਜਾਬ ਇਕਾਈ ਵੱਲੋ ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ.ਹਰਜਿੰਦਰ ਸਿੰਘ ਬੇਦੀ ਅਤੇ ਐਸ.ਡੀ.ਐਮ ਦੀਨਾਨਗਰ ਜਸਪ੍ਰੀਤ ਸਿੰਘ ਭੁੱਲਰ ਨੂੰ ਵਧਾਈ ਦਿੰਦੇ ਹੋਏ ਜਗਤ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਇਕਾਈ ਦੇ ਪ੍ਰਧਾਨ ਮੁਕੇਸ਼ ਵਰਮਾ, ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਸੈਣੀ, ਉਪ ਪ੍ਰਧਾਨ ਸਰਵਣ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆ ਵਲੋਂ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ, ਉਹ ਬਹੁਤ ਸ਼ਲਾਘਾਯੋਗ ਹਨ।
ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਪੰਜਾਬੀ ਦੇ ਪ੍ਰੇਮੀਆਂ ਅਤੇ ਆਉਣ ਵਾਲੀ ਪੀੜੀ ਲਈ ਮਾਂ ਬੋਲੀ , ਪੰਜਾਬੀ ਚੌਕ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ ਜੋ ਨੌਜਵਾਨ ਪੀੜੀ ਨੂੰ ਮਾਂ ਬੋਲੀ , ਪੰਜਾਬੀ ਨਾਲ ਜੋੜਨ ਵਿੱਚ ਸਹਾਇਕ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਮਾਂ ਬੋਲੀ , ਪੰਜਾਬੀ ਚੌਂਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ਵ ਮਾਂ ਬੋਲੀ ਦਿਵਸ ਨੂੰ ਸਮਰਪਿਤ ਇੱਕ ਅਨਮੋਲ ਤੋਹਫ਼ਾ ਹੈ, ਜੋ ਕਿ ਸਮੁੱਚੇ ਸੂਬੇ ਲਈ ਇੱਕ ਇਤਿਹਾਸਕ ਕਦਮ ਹੈ। ਜਗਤ ਪੰਜਾਬੀ ਸਭਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮਾਂ ਬੋਲੀ ,ਪੰਜਾਬੀ ਚੌਕ ਖ਼ੂਬਸੂਰਤ , ਸਾਫ਼ ਸੁਥਰਾ ਤੇ ਹੋਰ ਬਿਹਤਰ ਬਣਾਉਣ ਲਈ ਜਗਤ ਪੰਜਾਬੀ ਸਭਾ ਕੈਨੇਡਾ , ਪੰਜਾਬ ਇਕਾਈ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਵਾਨਗੀ ਨਾਲ ਹੋਰ ਸੁੰਦਰ ਬਣਾਵੇਗੀ।---