Manipur ਦੇ CM ਨੇ ਦਿੱਤਾ ਅਸਤੀਫਾ
ਮਣੀਪੁਰ, 9 ਫਰਵਰੀ 2025 - ਮਣੀਪੁਰ ਦੇ ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਅਸਤੀਫਾ ਦੇ ਦਿੱਤਾ ਹੈ। ਇੱਕ ਜਾਂ ਦੋ ਦਿਨਾਂ ਵਿੱਚ ਨਵੇਂ ਮੁੱਖ ਮੰਤਰੀ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਦੱਸ ਦਈਏ ਕਿ ਸੂਬੇ ਵਿੱਚ 21 ਮਹੀਨਿਆਂ ਤੋਂ ਮੈਤੇਈ-ਕੁਕੀ ਵਿਚਕਾਰ ਹਿੰਸਾ ਜਾਰੀ ਹੈ। ਮੁੱਖ ਮੰਤਰੀ ਐਨ ਬੀਰੇਨ ਸਿੰਘ ਨੇ ਐਤਵਾਰ ਸ਼ਾਮ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।
ਸੂਬੇ ਵਿੱਚ 21 ਮਹੀਨਿਆਂ ਤੋਂ ਜਾਰੀ ਹਿੰਸਾ ਕਾਰਨ ਬੀਰੇਨ ਸਿੰਘ ਬਹੁਤ ਦਬਾਅ ਹੇਠ ਸੀ। ਵਿਰੋਧੀ ਪਾਰਟੀਆਂ ਵੀ ਇਸ ਮੁੱਦੇ 'ਤੇ ਐਨਡੀਏ 'ਤੇ ਲਗਾਤਾਰ ਸਵਾਲ ਉਠਾ ਰਹੀਆਂ ਸਨ। ਸੂਤਰਾਂ ਅਨੁਸਾਰ, ਰਾਜਪਾਲ ਨੇ ਉਨ੍ਹਾਂ ਨੂੰ ਹੁਣੇ ਹੀ ਕਾਰਜਕਾਰੀ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਕਿਹਾ ਹੈ।
ਇੱਕ ਮਹੀਨਾ ਪਹਿਲਾਂ, ਮਣੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਰਾਜ ਵਿੱਚ ਹੋਈ ਹਿੰਸਾ ਅਤੇ ਇਸ ਵਿੱਚ ਹੋਏ ਜਾਨੀ ਨੁਕਸਾਨ ਲਈ ਮੁਆਫੀ ਮੰਗੀ ਸੀ। ਬੀਰੇਨ ਸਿੰਘ ਨੇ ਕਿਹਾ ਸੀ ਕਿ ਪੂਰਾ ਸਾਲ ਬਹੁਤ ਮੰਦਭਾਗਾ ਰਿਹਾ ਹੈ। ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੈ। 3 ਮਈ, 2023 ਤੋਂ ਅੱਜ ਤੱਕ ਜੋ ਕੁਝ ਵੀ ਵਾਪਰਿਆ ਹੈ, ਉਸ ਲਈ ਮੈਂ ਰਾਜ ਦੇ ਲੋਕਾਂ ਤੋਂ ਮੁਆਫੀ ਮੰਗਦਾ ਹਾਂ।
ਮੁੱਖ ਮੰਤਰੀ ਬੀਰੇਨ ਸਿੰਘ ਨੇ ਸਕੱਤਰੇਤ ਵਿਖੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਬਹੁਤ ਸਾਰੇ ਲੋਕ ਆਪਣੇ ਘਰ ਛੱਡ ਕੇ ਚਲੇ ਗਏ। ਮੈਨੂੰ ਸੱਚਮੁੱਚ ਅਫ਼ਸੋਸ ਹੈ। ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਮਨੀਪੁਰ ਵਿੱਚ 3 ਮਈ 2023 ਤੋਂ ਕੁਕੀ-ਮੈਤੇਈ ਭਾਈਚਾਰੇ ਵਿਚਕਾਰ ਹਿੰਸਾ ਜਾਰੀ ਹੈ। ਮੈਤੇਈ-ਕੁਕੀ ਭਾਈਚਾਰੇ ਵਿਚਕਾਰ ਹਿੰਸਾ ਭੜਕੇ 600 ਤੋਂ ਵੱਧ ਦਿਨ ਬੀਤ ਚੁੱਕੇ ਹਨ।