ਕੰਧ ਦੇ ਝਗੜੇ ਨੂੰ ਲੈ ਕੇ ਇੱਕ ਧਿਰ ਨੇ ਚਲਾਈਆਂ ਗੋਲੀਆਂ
ਰੋਹਿਤ ਗੁਪਤਾ
ਗੁਰਦਾਸਪੁਰ , 31 ਜਨਵਰੀ 2025:ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਖੁਜਾਲਾ ਵਿੱਚ ਕੰਧ ਢਾਹੁਣ ਨੂੰ ਲੈ ਕੇ ਚਲਦੇ ਆ ਰਹੇ ਝਗੜੇ ਦੀ ਰੰਜਿਸ਼ ਵਿੱਚ ਇੱਕ ਧਿਰ ਵੱਲੋਂ ਦੋ ਜਗ੍ਹਾ ਤੇ ਗੋਲੀਆਂ ਚਲਾਉਣ ਦੀ ਖਬਰ ਸਾਹਮਣੇ ਆਈ ਹੈ।
ਪੀੜਿਤ ਬੂਟਾ ਸਿੰਘ ਦੇ ਬੇਟੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿੰਡ ਦੇ ਹੀ ਹਰਪ੍ਰੀਤ ਸਿੰਘ ਹੈਪੀ ਅਤੇ ਇਸਦੇ ਕੁੱਝ ਸਾਥੀਆਂ ਵਲੋਂ ਬੀਤੇ ਸਮੇਂ ਦੌਰਾਨ ਸਾਡੇ ਪਰਿਵਾਰ ਨਾਲ ਵਧੀਕੀਆਂ ਕੀਤੀਆਂ ਗਈਆਂ ਸਨ ਜਿਸਦਾ ਫੈਸਲਾ ਸਾਡੇ ਹੱਕ ਵਿੱਚ ਆਇਆ ਹੈ। ਉਸ ਹੀ ਰੰਜਿਸ਼ ਵਿੱਚ ਹਰਪ੍ਰੀਤ ਸਿੰਘ ਹੈਪੀ ਆਪਣੇ ਸਾਥੀ ਅਤੇ ਕੁੱਝ ਅਣਪਛਾਤੇ ਵਿਅਕਤੀਆਂ ਨੂੰ ਨਾਲ਼ ਲੈ ਕੇ ਰਾਤ ਲੱਗਭਗ ਗਿਆਰਾਂ ਵਜੇ ਘਰ ਅੱਗੇ ਆ ਕੇ ਗਾਲਾਂ ਕੱਢਣ ਲੱਗ ਪਿਆ ਅਤੇ ਧਮਕੀਆਂ ਦਿੰਦੇ ਹੋਏ ਆਪਣੇ ਲਾਇਸੰਸੀ ਹਥਿਆਰ ਨਾਲ ਫਾਇਰਿੰਗ ਕਰਨ ਉਪਰੰਤ ਚੌਂਕ ਵਿੱਚ ਸਥਿਤੀ ਇੱਕ ਹੋਰ ਘਰ ਅੱਗੇ ਵੀ ਫਾਇਰਿੰਗ ਕੀਤੀ ਅਤੇ ਗਾਲੀਂ ਗਲੌਚ ਕੀਤਾ ਅਤੇ ਭੱਜ ਗਏ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਖ਼ਾਲੀ ਖੋਲ੍ਹ ਬਰਾਮਦ ਕੀਤੇ ਗਏ ਹਨ।
ਡੀ ਐਸ ਪੀ ਸ੍ਰੀ ਹਰਿਗੋਬਿੰਦਪੁਰ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਹੈਪੀ ਪੁੱਤਰ ਰਛਪਾਲ ਸਿੰਘ ਬੂਟਾ ਸਿੰਘ ਦੇ ਪਰਿਵਾਰ ਨਾਲ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਉਸੇ ਗੱਲ ਤੋਂ ਬੀਤੀ ਰਾਤ ਲੱਗਭਗ 11ਵਜੇ ਵਿੱਚ ਹਰਪ੍ਰੀਤ ਸਿੰਘ ਹੈਪੀ ਵਲੋਂ ਬੂਟਾ ਸਿੰਘ ਦੇ ਘਰ ਦੇ ਬਾਹਰ ਅਤੇ ਚੌਂਕ ਵਿੱਚ ਆਪਣੇ ਸਾਥੀਆਂ ਸਮੇਤ ਹਵਾਈਂ ਫਾਇਰ ਕੀਤੇ ਗਏ। ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਰਪ੍ਰੀਤ ਸਿੰਘ ਹੈਪੀ ਅਤੇ ਉਸਦੇ ਸਾਥੀਆਂ ਉੱਪਰ ਕਨੂੰਨ ਮੁਤਾਬਕ ਬਣਦੀਆਂ ਧਾਰਾਵਾਂ ਅਧੀਨ ਥਾਣਾ ਘੁਮਾਣ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।