ਬੀਬੀ ਮਾਣੂੰਕੇ ਦੇ ਯਤਨਾਂ ਸਦਕਾ 33 ਕਰੋੜੀ ਪ੍ਰੋਜੈਕਟ ਲਈ ਪਾਈਪਾਂ ਆਉਣੀਆਂ ਲੱਗੀਆਂ
- ਸ਼ਹਿਰ ਵਾਸੀਆਂ ਨੂੰ ਪੀਣਯੋਗ ਸ਼ੁੱਧ ਪਾਣੀ ਦੇਣ ਲਈ ਪ੍ਰੋਜੈਕਟਰ ਦਾ ਕੰਮ ਵੀ ਜ਼ਲਦੀ ਹੋਵੇਗਾ ਸ਼ੁਰੂ-ਬੀਬੀ ਮਾਣੂੰਕੇ
ਜਗਰਾਉਂ, 31 ਜਨਵਰੀ 2025 - ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਦੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਵੱਲੋਂ ਆਈ ਰਿਪੋਰਟ ਤੋਂ ਬਾਅਦ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤੇ ਅਣਥੱਕ ਯਤਨ ਕਰਕੇ ਸ਼ਹਿਰ ਵਾਸੀਆਂ ਨੂੰ ਪੀਣਯੋਗ ਸ਼ੁੱਧ ਪਾਣੀ ਦੇਣ ਲਈ 33 ਕਰੋੜ ਰੁਪਏ ਦੇ ਪਾਸ ਕਰਵਾਏ ਪ੍ਰੋਜੈਕਟ 'ਅਮਰੂਤ 2.0' ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਪ੍ਰੋਜੈਕਟ ਲਈ ਅਬੋਹਰ ਬ੍ਰਾਂਚ ਅਖਾੜਾ ਨਹਿਰ ਤੋਂ ਜਗਰਾਉਂ ਸ਼ਹਿਰ ਵਿੱਚ ਲਗਭਗ 13 ਕਿਲੋ-ਮੀਟਰ ਲੰਮੀ ਪਾਈਪ-ਲਾਈਨ ਵਿਛਾਈ ਜਾਣੀ ਹੈ, ਜਿਸ ਲਈ ਪਾਈਪਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ।
ਇਸ ਪ੍ਰੋਜੈਕਟ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਜਗਰਾਉਂ ਸ਼ਹਿਰ ਦੇ ਪਾਣੀ ਵਿੱਚ ਹੈਵੀ ਮੈਟਲ ਕਾਰਨ ਲੋਕਾਂ ਨੂੰ ਪੀਲੀਆ, ਗੈਸਟਰੋ ਅਤੇ ਕੈਂਸਰ ਵਰਗੀਆਂ ਭਿਆਨਕ ਬਿਆਰੀਆਂ ਹੋਣ ਦੇ ਖਦਸ਼ੇ ਨੂੰ ਵੇਖਦੇ ਹੋਏ ਤੁਰੰਤ ਸਮਾਂ ਰਹਿੰਦੇ ਇਹ 'ਅਮਰੂਤ 2.0' ਪ੍ਰੋਜੈਕਟ ਪਾਸ ਕਰਵਾਇਆ ਗਿਆ ਹੈ, ਜਿਸ ਉਪਰ ਲਗਭਗ 33 ਕਰੋੜ ਰੁਪਏ ਦਾ ਖਰਚਾ ਆਵੇਗਾ। ਇਸ 'ਅਮਰੂਤ 2.0' ਪ੍ਰੋਜੈਕਟ ਤਹਿਤ ਅਬੋਹਰ ਬ੍ਰਾਂਚ ਅਖਾੜਾ ਨਹਿਰ ਉਪਰ 21 ਟਿਊਬਵੈਲ ਲਗਾਏ ਜਾਣਗੇ ਅਤੇ 13 ਕਿਲੋ-ਮੀਟਰ ਲੰਮੀ ਪਾਈਪ-ਲਾਈਨ ਰਾਹੀਂ ਜਗਰਾਉਂ ਸ਼ਹਿਰ ਵਿੱਚ ਪਾਣੀ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਸ਼ਹਿਰ ਵਿੱਚ ਪਹਿਲਾਂ ਲੱਗੇ ਟਿਊਬਵੈਲਾਂ ਦੀਆਂ ਪਾਈਪਾਂ ਨਾਲ ਜੋੜਿਆ ਜਾਵੇਗਾ।
ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨੂੰ ਲਗਭਗ ਛੇ ਮਹੀਨੇ ਦਾ ਸਮਾਂ ਲੱਗ ਜਾਵੇਗਾ ਅਤੇ ਪਹਿਲਾਂ ਤੋਂ ਘਰ-ਘਰ ਲੱਗੀਆਂ ਟੂਟੀਆਂ ਰਾਹੀਂ ਲੋਕਾਂ ਨੂੰ ਸ਼ੁੱਧ ਪੀਣਯੋਗ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਐਕਸੀਅਨ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਇੰਜ:ਸੁਪਿੰਦਰ ਸਿੰਘ ਨੇ ਦੱਸਿਆ ਕਿ ਜਗਰਾਉਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ 'ਅਮਰੂਤ 2.0' ਪ੍ਰੋਜੈਕਟ ਦੀ ਟੈਂਡਰਿੰਗ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਕੰਪਨੀ ਨੂੰ ਕੰਮ ਦੀ ਅਲਾਟਮੈਂਟ ਵੀ ਕਰ ਦਿੱਤੀ ਗਈ ਹੈ ਅਤੇ ਇਸ ਪ੍ਰੋਜੈਕਟ ਦਾ ਕੰਮ ਫਰਵਰੀ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਵੇਗਾ।
ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਸੁਹਿਰਦ ਯਤਨਾਂ ਸਦਕਾ ਸ਼ੁਰੂ ਹੋਣ ਜਾ ਰਹੇ ਇਸ 'ਅਮਰੂਤ 2.0' ਪ੍ਰੋਜੈਕਟ ਨਾਲ ਜਿੱਥੇ ਜਗਰਾਉਂ ਵਾਸੀਆਂ ਪੀਣਯੋਗ ਸ਼ੁੱਧ ਪਾਣੀ ਮਿਲੇਗਾ ਤੇ ਜਗਰਾਉਂ ਦੇ ਲੋਕ ਭਿਆਨਕ ਬਿਮਾਰੀਆਂ ਤੋਂ ਬਚ ਜਾਣਗੇ, ਉਥੇ ਹੀ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਵਰਦਾਨ ਸਾਬਿਤ ਹੋਵੇਗਾ। ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਇੰਜ:ਕਮਲਜੀਤ ਸਿੰਘ ਕਮਾਲਪੁਰਾ, ਅਮਰਦੀਪ ਸਿੰਘ ਟੂਰੇ ਆਦਿ ਵੀ ਹਾਜ਼ਰ ਸਨ।