ਮਾਲੇਰਕੋਟਲਾ: ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਚਾਲਕਾਂ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਵਲੋਂ ਗੁਲਾਬ ਦਾ ਫੁੱਲ ਦੇ ਕੇ ਕੀਤਾ ਸਨਮਾਨਿਤ
* ਟਰੈਫਿਕ ਜਾਗਰੂਕਤਾ ਕੈਂਪ ਦੌਰਾਨ ਦੋ-ਪਹੀਆ ਵਾਹਨ ਚਾਲਕਾਂ ਨੂੰ ਮੁਫਤ ਹੈਲਮੇਟ ਵੰਡੇ
* ਕਿਹਾ, ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 31 ਜਨਵਰੀ :2025 - ਜ਼ਿਲ੍ਹਾ ਟਰਾਂਸਪੋਰਟ ਵਿਭਾਗ ਮਾਲੇਰਕੋਟਲਾ ਵਲੋਂ ਡਿਪਟੀ ਕਮਿਸ਼ਨਰ ਡਾ.ਪੱਲਵੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਡ ਸੇਫਟੀ ਜਾਗਰੂਕਤਾ ਮਹੀਨੇ ਤਹਿਤ ਉਲੀਕੇ ਗਏ ਵੱਖ ਵੱਖ ਪ੍ਰੋਗਰਾਮਾਂ ਤਹਿਤ ਸਥਾਨਕ ਸਮਾਜ ਸੇਵੀ ਸੰਸਥਾ ਮੋਲਾਨਾ ਆਜ਼ਾਦ ਐਜੂਕੇਸ਼ਨ ਫਾਊਡੇਸ਼ਨ ਅਤੇ ਪਰਾਈਮ ਕਾਲਜ ਆਫ਼ ਵੂਕੇਸ਼ਨਲ ਟਰੇਨਿੰਗ ਦੇ ਸਹਿਯੋਗ ਨਾਲ ਖੇਤਰੀ ਟਰਾਂਸਪੋਰਟ ਅਫ਼ਸਰ ਗੁਰਮੀਤ ਕੁਮਾਰ ਬਾਂਸਲ ਵੱਲੋਂ ਸੜਕ ਉਪਰ ਚੱਲ ਰਹੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ।
ਇਸ ਮੌਕੇ ਦੋ-ਪਹੀਆ ਚਾਲਕਾਂ ਨੂੰ ਮੁਫਤ ਹੈਲਮੇਟ ਵੰਡੇ ਗਏ ਅਤੇ ਦੋ-ਪਹੀਆ ਚਲਾ ਰਹੇ ਮਰਦ/ਔਰਤ ਚਾਲਕਾਂ ਦੇ ਨਾਲ-ਨਾਲ ਪਿਛਲੀ ਸਵਾਰੀ ਲਈ ਵੀ ਹੈਲਮੇਟ ਜਰੂਰੀ ਹੋਣ ਸਬੰਧੀ ਜਾਗਰੂਕ ਕੀਤਾ ਗਿਆ। ਇੱਕ ਨਿਵੇਕਲਾ ਉਪਰਾਲਾ ਕਰਦਿਆਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਨ ਚਾਲਕਾਂ ਨੂੰ ਖੇਤਰੀ ਟਰਾਂਸਪੋਰਟ ਅਫ਼ਸਰ ਵਲੋਂ ਗੁਲਾਬ ਦਾ ਫੁੱਲ ਦੇ ਕੇ ਸਨਮਾਨਿਤ ਕੀਤਾ ।
ਇਸ ਮੌਕੇ ਵਾਹਨ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਅਤੇ ਹਾਦਸੇ ਵਿੱਚ ਜਖਮੀਆਂ ਨੂੰ ਹਸਪਤਾਲ ਪਹੁੰਚਾਉਣ ਸਬੰਧੀ ਗੁੱਡ ਸਮਾਰੀਟਨ ਰੂਲਜ਼,ਅਣਪਛਾਤੇ ਵਹੀਕਲ ਨਾਲ ਐਕਸੀਡੈੰਟ ਹੋਣ ਤੇ ਸਲੇਸ਼ੀਅਨ ਫੰਡ ਮੁਆਵਜਾ ਲੈਣ ਸਬੰਧੀ,ਟਰੈਫਿਕ ਨਿਯਮਾਂ ਬਾਰੇ,ਲੇਨ ਡਰਾਇਵਿੰਗ ਬਾਰੇ, ਵਾਹਨਾਂ ਦੇ ਕਾਗਜ਼ਾਤ,ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਬਾਰੇ ਜਾਣਕਾਰੀ ਦਿੱਤੀ।ਵਾਹਨਾਂ ‘ਤੇ ਹਾਈ ਸਿਕਿਓਰਿਟੀ ਨੰਬਰ ਪਲੇਟਾਂ ਲਗਵਾਉਣ, ਦੋ ਪਹੀਆ ਵਾਹਨ ‘ਤੇ ਹੈਲਮਟ ਪਾਉਣ ਬਾਰੇ, ਵਾਹਨਾਂ ਨੂੰ ਸੜਕ ‘ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਇੰਡੀਕੇਟਰ ਦੀ ਵਰਤੋ ਬਾਰੇ, ਟਰੈਫਿਕ ਲਾਇਟਾਂ ਦੀ ਪਾਲਣਾ ਸਬੰਧੀ,ਨਸ਼ਾ ਕਰਕੇ ਵਾਹਨ ਨਾ ਚਲਾਉਣ ਸਬੰਧੀ, ਬੁਲਟ ਮੋਟਰ ਸਾਇਕਲ ਤੇ ਪਟਾਕੇ ਨਾ ਮਾਰਨ ਅਤੇ ਵਾਹਨਾਂ ਦੀ ਅਣ ਅਧਿਕਾਰਤ ਮੌਡਿਫਿਕੇਸ਼ਨ ਸਬੰਧੀ ਜਾਗਰੂਕ ਕੀਤਾ । ਇਸ ਮੌਕੇ ਉਨ੍ਹਾਂ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਤਾਂ ਜੋ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ ।
ਇਸ ਮੌਕੇ ਸਹਾਇਕ ਖੇਤਰੀ ਟਰਾਂਸਪੋਰਟ ਅਫ਼ਸਰ ਸ਼ਹਿਨਾਜ ਪਰਵੀਨ,ਰਵਿੰਦਰ ਸ਼ਰਮਾ,ਭੀਮ ਸਿੰਘ, ਗੁਰਜੰਟ ਸਿੰਘ,ਹਰਿੰਦਰ ਸਿੰਘ,ਰਾਜਵਿੰਦਰ ਸਿੰਘ, ਏ.ਐਸ.ਆਈ.ਗੁਰਮੀਤ ਸਿੰਘ, ਮੁਹੰਮਦ ਤਾਹਿਰ,ਮੁਹੰਮਦ ਇਰਸ਼ਾਦ,ਮੁਹੰਮਦ ਸ਼ਕੀਲ,ਮੁਹੰਮਦ ਹਮਜਾ ਤੋਂ ਇਲਾਵਾ ਸੜਕ ਸੁਰੱਖਿਆ ਫੋਰਸ ਦੀ ਸਮੁੱਚੀ ਟੀਮ ਅਤੇ ਆਰ.ਟੀ.ਏ ਦਫ਼ਤਰ ਦਾ ਸਟਾਫ ਮੌਜੂਦ ਸਨ ।