ਸਵਾ ਲੱਖ ਦੀ ਲੁੱਟ: ਪੁਲਿਸ ਮੁਲਾਜ਼ਮ ਸਮੇਤ ਦਬੋਚੀ ਤਿਕੜੀ
ਅਸ਼ੋਕ ਵਰਮਾ
ਬਠਿੰਡਾ,31ਜਨਵਰੀ2025: ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਪਿੰਡ ਕੋਟਸ਼ਮੀਰ ਲਾਗੇ ਹੋਈ ਸਵਾ ਲੱਖ ਰੁਪਏ ਦੀ ਲੁੱਟ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ 12 ਘੰਟਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਹੈ। ਮੁਲਜਮਾਂ ਵਿੱਚ ਪੁਲਿਸ ਦਾ ਇੱਕ ਸਿਪਾਹੀ ਵੀ ਸ਼ਾਮਲ ਹੈ ਜੋ ਆਪਣੀ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਹੈ। ਲੁੱਟ ਦੀ ਇਸ ਵਾਰਦਾਤ ਨਾਲ ਜੁੜਿਆ ਅਹਿਮ ਪਹਿਲੂ ਇਹ ਵੀ ਹੈ ਕਿ ਜਿਸ ਮੁਲਜਮ ਨੇ ਲੁੱਟਣ ਦੀ ਯੋਜਨਾ ਬਣਾਈ ਉਹ ਪੀੜਤ ਦਾ ਦੋਸ਼ ਅਤੇ ਉਸ ਦੇ ਨਾਲ ਹੀ ਐਕਟਿਵਾ ਤੇ ਬੈਠ ਕੇ ਜਾ ਰਿਹਾ ਸੀ। ਮੁਲਜਮਾਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਗਨੇਸ਼ਾ ਬਸਤੀ, ਲਵਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੂਹਲੀ ਹਾਲ ਅਬਾਦ ਨੈਸ਼ਨਲ ਕਲੋਨੀ ਬਠਿੰਡਾ ਅਤੇ ਸੁਖਚੈਨ ਸਿੰਘ ਪੁੱਤਰ ਗੁਰਤੇਜ ਸਿੰਘ ਉਰਫ ਸੋਨੀ ਵਾਸੀ ਪਿੰਡ ਗਿੱਲ ਪਤੀ ਵਜੋਂ ਕੀਤੀ ਗਈ ਹੈ।
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਕ੍ਰਿਸ਼ਟ ਅਵਤਾਰ ਪੁੱਤਰ ਬੰਸ ਰਾਜ ਵਾਸੀ ਬੱਲਾ ਰਾਮ ਨਗਰ ਬਠਿੰਡਾ ਆਪਣੇ ਦੋਸਤ ਗੁਰਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਗਨੇਸ਼ਾ ਬਸਤੀ ਬਠਿੰਡਾ ਨਾਲ ਆਪਣੀ ਐਕਟਿਵਾ ਤੇ ਮਹਾਂਦੇਵ ਪੈਟਰੋਲ ਪੰਪ ਭਾਗੀਵਾਂਦਰ ਤੋਂ ਆਪਣੇ ਕਰੈਡਿਟ ਕਾਰਡ ਰਾਹੀਂ 1 ਲੱਖ 35 ਹਜ਼ਾਰ ਰੁਪਿਆ ਕਢਵਾਕੇ ਬਠਿੰਡਾ ਵੱਲ ਆ ਰਹੇ ਸਨ। ਉਹਨਾਂ ਦੱਸਿਆ ਕਿ ਪਿੰਡ ਕੋਟਸ਼ਮੀਰ ਲਾਗੇ ਬਿਨਾਂ ਨੰਬਰ ਵਾਲੇ ਸਪਲੈਡਰ ਮੋਟਰਸਾਈਕਲ ਸਵਾਰ ਮੋਨੇ ਨੌਜਵਾਨਾਂ ਨੇ ਕ੍ਰਿਸ਼ਨ ਅਵਤਾਰ ਦੀ ਐਕਟਿਵਾ ਅੱਗੇ ਆਪਣਾ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਐਕਟਿਵਾ ਸਵਾਰ ਗੁਰਜੀਤ ਅਤੇ ਕ੍ਰਿਸ਼ਨ ਅਵਤਾਰ ਸੜਕ ਤੇ ਡਿੱਗ ਪਏ। ਮੋਟਰਸਾਈਕਲ ਸਵਾਰ ਕ੍ਰਿਸ਼ਨ ਅਵਤਾਰ ਕੋਲ ਲਿਫਾਫੇ ’ਚ ਪਾਏ ਪੈਸੇ ਖੋਹਕੇ ਭੱਜਣ ਲੱਗੇ ਤਾਂ ਇਸ ਮੌਕੇ ਹੋਈ ਹੱਥੋਪਾਈ ਦੌਰਾਨ 10 ਹਜਾਰ ਰੁਪਏ ਡਿੱਗ ਪਏ ਜਦੋਂਕਿ ਬਾਕੀ ਸਵਾ ਲੱਖ ਲੈਕੇ ਮੋਟਰਸਾਈਕਲ ਸਵਾਰ ਫਰਾਰ ਹੋ ਗਏ।
ਉਹਨਾਂ ਦੱਸਿਆ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡ ਪੁਲਿਸ ਨੇ ਤੁਰੰਤ ਪੜਤਾਲ ਸ਼ੁਰੂ ਕਰ ਦਿੱਤੀ ਅਤੇ ਮਨੁੱਖੀ ਸਰੋਤਾਂ ਤੋਂ ਇਲਵਾ ਤਕਨੀਕਾਂ ਦੀ ਸਹਾਇਤਾ ਨਾਲ ਗੁਰਜੀਤ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਗਨੇਸ਼ਾ ਬਸਤੀ, ਲਵਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੂਹਲੀ ਹਾਲ ਅਬਾਦ ਨੈਸ਼ਨਲ ਕਲੋਨੀ ਬਠਿੰਡਾ ਅਤੇ ਸੁਖਚੈਨ ਸਿੰਘ ਪੁੱਤਰ ਗੁਰਤੇਜ ਸਿੰਘ ਉਰਫ ਸੋਨੀ ਵਾਸੀ ਪਿੰਡ ਗਿੱਲ ਪੱਤੀ ਨੂੰ ਗਰੋਥ ਸੈਂਟਰ ਦੇ ਨਜ਼ਦੀਕ ਬਿਜਲੀ ਗਰਿੱਡ ਕੋਲੋਂ ਗ੍ਰਿਫਤਾਰ ਕਰ ਲਿਆ।ਉਹਨਾਂ ਦੱਸਿਆ ਕਿ ਜਦੋਂ ਕ੍ਰਿਸ਼ਨ ਅਵਤਾਰ ਤੇ ਗੁਰਜੀਤ ਸਿੰਘ ਕੈਸ਼ ਲੈਕੇ ਚੱਲੇ ਤਾਂ ਗੁਰਜੀਤ ਸਿੰਘ ਨੇ ਲਵਜੀਤ ਸਿੰਘ ਅਤੇ ਸੁਖਚੈਨ ਸਿੰਘ ਨੂੰ ਫੋਨ ਕਰਕੇ ਸੱਦ ਲਿਆ ਅਤੇ ਸਾਜਿਸ਼ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਲੁੱਟੇ ਪੈਸਿਆਂ ਚੋ 1 ਲੱਖ 2 ਹਜ਼ਾਰ 5 ਸੌ ਰੁਪਏ ਬਰਾਮਦ ਕਰ ਲਏ ਜਦੋਂਕਿ ਬਾਕੀ ਪੈਸੇ ਮੁਲਜਮਾਂ ਨੇ ਖਰਚ ਦਿੱਤੇ ਹਨ।
ਉਹਨਾਂ ਦੱਸਿਆ ਕਿ ਪੁਲਿਸ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਪੁੱਛ ਪੜਤਾਲ ਕਰੇਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ। ਇੱਕ ਸਵਾਲ ਦੇ ਜਵਾਬ ’ਚ ਐਸਐਸਪੀ ਨੇ ਦੱਸਿਆ ਕਿ ਮੁਲਜਮ ਸਿਪਾਹੀ ਪਹਿਲਾਂ ਤੋਂ ਹੀ ਗੈਰਹਾਜ਼ਰ ਚੱਲਿਆ ਆ ਰਿਹਾ ਹੈ ਜਿਸ ਖਿਲਾਫ ਹੁਣ ਪੁਲਿਸ ਦੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਏਗੀ। ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਮੁਲਜਮ ਸਿਪਾਹੀ ਤੋਂ ਪੁੱਛਗਿਛ ਦੌਰਾਨ ਹੋਰ ਵੀ ਕਈ ਭੇਦ ਖੁੱਲ੍ਹਣ ਦੀ ਉਮੀਦ ਹੈ। ਉਹਨਾਂ ਦੱਸਿਆ ਕਿ ਮੁਲਜਮ ਸਿਪਾਹੀ ਲਵਜੀਤ ਸਿੰਘ , ਗੁਰਜੀਤ ਸਿੰਘ ਅਤੇ ਸੁਖਚੈਨ ਸਿੰਘ ਖਿਲਾਫ ਪਹਿਲਾਂ ਥਾਣਾ ਕੈਨਾਲ ਕਲੋਨੀ ਵਿਖੇ 21 ਜੁਲਾਈ 2023 ਨੂੰ ਇੱਕ ਮੁਕੱਦਮਾ ਦਰਜ ਹੈ। ਗੁਰਜੀਤ ਸਿੰਘ ਦਵਾਈਆਂ ਦੀ ਕੰਪਨੀ ’ਚ ਕੰਮ ਕਰਦਾ ਹੈ ਜਦੋਂਕਿ ਸੁਖਚੈਨ ਡਿਲਿਵਰੀ ਬੁਆਏ ਹੈ। ਪੁਲਿਸ ਅਨੁਸਾਰ ਮੁਲਜਮਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ।