ਰਿਫਾਈਨਰੀ ਵਿੱਚ ਸੁਰੱਖਿਆ, ਸਿਹਤ ਅਤੇ ਹਾਦਸਿਆਂ ਦੀ ਰੋਕਥਾਮ ਬਾਰੇ ਸਿਖਲਾਈ ਸਮਾਪਤ
ਅਸ਼ੋਕ ਵਰਮਾ
ਬਠਿੰਡਾ,31ਜਨਵਰੀ2024 ਐਚ.ਐੱਮ.ਈ.ਐਲ. ਗੁਰੂ ਗੋਬਿੰਦ ਸਿੰਘ ਰਿਫਾਈਨਰੀ ਵਿਖੇ ਕਰਮਚਾਰੀਆਂ ਵਿੱਚ ਸਰੱਖਿਆ ਸਬੰਧੀ ਜਾਗਰੂਕਤਾ ਲਿਆਉਣ ਲਈ ਕਰਵਾਇਆ ਦੋ ਰੋਜਾ ਸਿਖਲਾਈ ਪ੍ਰੋਗਰਾਮ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਐਚ.ਐੱਮ.ਈ.ਐਲ. ਦੇ ਫੈਕਟਰੀ ਮੈਨੇਜਰ ਅਤੇ ਵੀ.ਪੀ.-ਪੈਟਕੈਮ ਓਪਰੇਸ਼ਨਜ਼ ਅੰਸ਼ੁ ਸ਼ਰਮਾ, ਚਰਨਜੀਤ ਸਿੰਘ (ਡੀ.ਜੀ.ਐੱਮ. ਐਚ.ਐੱਲ.), ਅਤੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਮੋਹਾਲੀ ਦੇ ਐਗਜ਼ਿਕਿਊਟਿਵ ਆਫਿਸਰ ਸੰਜੀਵ ਕੁਮਾਰ ਨੇ ਕੀਤੀ। ਇਸ ਮੌਕੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਸੁਰੱਖਿਆ ਕਿਸੇ ਇੱਕ ਵਿਅਕਤੀ ਦੀ ਨਹੀਂ, ਬਲਕਿ ਸਭ ਦੀ ਜ਼ਿੰਮੇਵਾਰੀ ਹੈ, ਤਾਂ ਜੋ ਹਰ ਇੱਕ ਕਰਮਚਾਰੀ ਆਪਣੀ ਕੰਮ ਦੀ ਥਾਂ ਤੋਂ ਸੁਰੱਖਿਅਤ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਮਿਲ ਸਕੇ। ਉਹਨਾਂ ਕਿਹਾ ਕਿ ਰਿਫਾਇਨਰੀ ਵਿੱਚ ਸੁਰੱਖਿਆ ਸਬੰਧੀ ਮਿਆਰ ਬਹੁਤ ਉੱਚ ਪੱਧਰ ਦੇ ਹਨ ਅਤੇ ਇੱਥੇ ਹਾਦਸੇ ਮੁਕਤ ਕਾਰਜ ਸਥਾਨ ਬਹੁਤ ਸੁਰੱਖਿਆ ਢੰਗ ਨਾਲ ਵਿਕਸਤ ਕੀਤਾ ਗਿਆ ਹੈ।
ਐਚ.ਐੱਮ.ਈ.ਐਲ. ਦੇ ਫੈਕਟਰੀ ਮੈਨੇਜਰ ਅਤੇ ਵੀ.ਪੀ.-ਪੈਟਕੈਮ ਓਪਰੇਸ਼ਨਜ਼, ਅੰਸ਼ੁ ਸ਼ਰਮਾ ਨੇ ਕਿਹਾ ਕਿ ਸੁਰੱਖਿਆ ਸਾਡੇ ਲਈ ਸਿਰਫ਼ ਇੱਕ ਤਰਜੀਹ ਨਹੀਂ, ਬਲਕਿ ਸਾਡੀ ਕਦਰਾਂ ਕੀਮਤਾਂ ਅਧਾਰਤ ਪ੍ਰਣਾਲੀ ਦਾ ਹਿੱਸਾ ਹੈ। ਉਹਨਾਂ ਕਿਹਾ ਕਿ ਹਾਦਸੇ ਮੁਕਤ ਕਾਰਜ ਸਥਾਨ ਦੇ ਪਿੱਛੇ ਮੁੱਖ ਸੋਚ ਇਹ ਹੈ ਕਿ ਹਰ ਵਿਅਕਤੀ ਸੁਰੱਖਿਅਤ ਰਹੇ। ਉਹਨਾਂ ਦੱਸਿਆ ਕਿ ਸੁਰੱਖਿਆ ਦੇ ਮੰਤਵ ਨਾਲ ਵੱਖ ਵੱਖ ਵਿਧੀਆਂ ਅਪਣਾਈਆਂ ਜਾਂਦੀਆਂ ਹਨ ਅਤੇ ਬਕਾਇਦਾ ਜਾਗਰੂਕਤਾ ਮੁਹਿੰਮ ਵੀ ਚੱਲਦੀ ਰਹਿੰਦੀ ਹੈ। ਸਿਖਲਾਈ ਦੇ ਪਹਿਲੇ ਦਿਨ, ਸਿਵਿਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਨਰਿੰਦਰ ਬੱਸੀ ਨੇ ਭਾਗ ਲੈਣ ਵਾਲਿਆਂ ਨੂੰ ਸੁਰੱਖਿਅਤ ਅਤੇ ਤੰਦਰੁਸਤ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ ਅਤੇ ਐਚਆਈਵੀ ਏਡਜ਼ ਬਾਰੇ ਜਾਗਰੂਕ ਕੀਤਾ। ਰੈਡ ਕਰਾਸ ਦੇ ਸੀਨੀਅਰ ਮਾਸਟਰ ਟਰੇਨਰ ਨਰੇਸ਼ ਪਠਾਨੀਆ ਨੇ ਮੁਢਲੀ ਸਹਾਇਤਾ ਸੰਬੰਧੀ ਜ਼ਰੂਰੀ ਜਾਣਕਾਰੀ ਦਿੱਤੀ।
ਉਹਨਾਂ ਪ੍ਰੈਕਟੀਕਲ ਰਾਹੀਂ ਵਰਕਰਾਂ ਨੂੰ ਐਮਰਜੈਂਸੀ ਦੌਰਾਨ ਆਪਣੇ ਤੇ ਆਪਣੇ ਸਾਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਢੰਗ ਤਰੀਕੇ ਵੀ ਦੱਸੇ। ਅਲਟਰਾਟੈਕ ਸਿਮੈਂਟ ਲਿਮਿਟਡ ਦੇ ਸੇਫਟੀ ਅਫਿਸਰ ਦਵਿੰਦਰਪਾਲ ਸਿੰਘ ਨੇ ਉੱਚਾਈ ‘ਤੇ ਕੰਮ ਕਰਨ ਅਤੇ ਲੋਡਿੰਗ-ਅਨਲੋਡਿੰਗ ਦੌਰਾਨ ਲਾਜ਼ਮੀ ਸੁਰੱਖਿਆ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਤਲਵੰਡੀ ਸਾਬੋ ਪਾਵਰ ਪਲਾਂਟ ਦੇ ਅਧਿਕਾਰੀ ਸੌਰਵ ਰਾਵਤ ਨੇ ਇਲੈਕਟ੍ਰਿਕਲ ਸੇਫਟੀ ਬਾਰੇ ਵਰਕਰਾਂ ਨੂੰ ਚੌਕਸ ਰਹਿਣ ਦੀ ਪ੍ਰੇਰਨਾ ਦਿੱਤੀ। ਦੂਜੇ ਦਿਨ ਡਿਪਟੀ ਡਾਇਰੈਕਟਰ ਫੈਕਟਰੀਜ਼, ਸੰਗਰੂਰ ਸਾਹਿਲ ਗੋਇਲ ਨੇ ਕੰਮ ਦੇ ਦੌਰਾਨ ਹੋਣ ਵਾਲੇ ਸੰਭਾਵਿਤ ਖ਼ਤਰੇ ਦੀ ਪਛਾਣ ਕਰਨ ਅਤੇ ਉਨ੍ਹਾਂ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੇਫਟੀ ਅਫਿਸਰ, ਅਨਿਲ ਸ਼ਰਮਾ ਨੇ ਉਦਯੋਗਿਕ ਹਾਦਸਿਆਂ ਦੀਆਂ ਮਿਸਾਲਾਂ ਦੇ ਕੇ ਵਰਕਰਾਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਸਿਖਲਾਈ ਪ੍ਰੋਗਰਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇਕੇ ਸਨਮਾਨਿਤ ਵੀ ਕਤਾ ਗਿਆ।