ਕਿਸਾਨ ਰਿਵਾਇਤੀ ਖੇਤੀ ਦੇ ਨਾਲ-ਨਾਲ ਜੜ੍ਹੀ ਬੂਟੀਆਂ ਦੀ ਖੇਤੀ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ- ਖੁੱਡੀਆਂ
- ਅਸ਼ਵਗੰਧਾ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਰਾਜ ਪੱਧਰੀ ਸਮਾਗਮ ਦਾ ਆਯੋਜਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 22 ਜਨਵਰੀ 2025 - ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਰਿਵਾਇਤੀ ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਅਤੇ ਆਯੂਰਵੈਦ/ਮੈਡੀਕਲ ਵਿੱਚ ਵਰਤੀਆਂ ਜਾਣ ਵਾਲੀਆਂ ਜੜ੍ਹੀ ਬੂਟੀਆਂ ਆਦਿ ਦੀ ਖੇਤੀ ਵੀ ਕਰਨੀ ਚਾਹੀਦੀ ਹੈ । ਇਸ ਨਾਲ ਜਿਥੇ ਸਾਨੂੰ ਇਹ ਉਤਪਾਦ ਪਰਿਵਾਰ ਲਈ ਵਰਤਨ ਵਾਸਤੇ ਉਪਲੱਬਧ ਹੋਣਗੇ ਉਥੇ ਹੀ ਸਾਡੀ ਆਮਦਨ ਵਿੱਚ ਵੀ ਵਾਧਾ ਹੋਵੇਗਾ । ਇਹ ਪ੍ਰਗਟਾਵਾ ਪੰਜਾਬ ਦਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆ ਨੇ ਅਸ਼ਵਗੰਧਾ ਤੇ ਰਾਸ਼ਟਰੀ ਮੁਹਿੰਮ ਤਹਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਮੌਕੇ ਐਮ.ਐਲ.ਏ. ਸ. ਗੁਰਦਿੱਤ ਸਿੰਘ ਸੇਖੋ ਅਤੇ ਵੀ.ਸੀ ਡਾ. ਰਾਜੀਵ ਸੂਦ ਤੇ ਐਸ.ਐਸ.ਪੀ ਡਾ. ਪ੍ਰੱਗਿਆ ਜੈਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਉਨ੍ਹਾਂ ਕਿਹਾ ਕਿ ਭਾਰਤ ਵਿੱਚ ਬਹੁਤ ਸਾਰੀਆਂ ਜੜ੍ਹੀਆਂ ਬੂਟੀਆਂ ਉਪਲਬਧ ਹਨ ਜੋ ਸਾਡੀਆਂ ਕਈ ਬਿਮਾਰੀਆਂ ਨੂੰ ਠੀਕ ਕਰ ਸਕਦੀਆਂ ਹਨ। ਅਜਿਹੀ ਹੀ ਇਕ ਔਸ਼ਧੀ ਹੈ ਅਸ਼ਵਗੰਧਾ, ਜਿਸ ਦੀ ਵਰਤੋਂ ਹਜ਼ਾਰਾਂ ਸਾਲ ਪਹਿਲਾਂ ਸਾਡੇ ਵੱਡ-ਵਡੇਰਿਆਂ ਵੱਲੋਂ ਕੀਤੀ ਜਾਂਦੀ ਸੀ। ਸਾਨੂੰ ਦਵਾਈਆਂ ਲੈਣ ਦੀ ਜ਼ਰੂਰਤ ਨਹੀਂ ਸੀ ਪੈਂਦੀ ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ 20 ਲੱਖ ਰੁਪਏ ਇਸ ਜੜ੍ਹੀ ਬੂਟੀ ਦੀ ਪ੍ਰਮੋਸ਼ਨ, ਇਸ ਦੇ ਪੌਦੇ ਵੰਡਣ ਲਈ ਅਤੇ ਇਸ ਵਿੱਚ ਹੋਰ ਸੁਧਾਰ ਕਰਨ ਲਈ ਦਿੱਤਾ ਗਿਆ ਹੈ । ਉਨ੍ਹਾਂ ਕਿਸਾਨਾਂ ਨੂੰ ਆਯੂਰਵੈਦਿਕ, ਦੇਸੀ ਜੜ੍ਹੀ ਬੂਟੀਆਂ ਦੀ ਖੇਤੀ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਦੇਸੀ ਔਸ਼ਧੀਆਂ ਨੂੰ ਖੁਰਾਕ ਦਾ ਹਿੱਸਾ ਬਣਾਇਆ ਜਾਵੇ ਅਤੇ ਇਸ ਦਾ ਉਤਪਾਦਨ ਵੀ ਖੁਦ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਨੂੰ ਸੁਧਾਰਨ ਦੇ ਲਈ ਜਿਥੇ ਸਰਕਾਰ ਦਾ, ਵਿਗਿਆਨੀਆਂ ਦਾ ਫਰਜ਼ ਬਣਦਾ ਹੈ ਉਥੇ ਹੀ ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਅਸੀਂ ਉਨ੍ਹਾਂ ਰਸਤਿਆਂ ਤੇ ਚੱਲੀਏ ਜਿਸ ਨਾਲ ਸਾਡਾ ਜੀਵਨ ਸੁਖਾਲਾ ਹੋ ਸਕੇ । ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਕਈ ਟਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਜੇਕਰ ਕੋਈ ਗੋਟ ਫਾਰਮ ਬਣਾਉਂਦਾ ਹੈ ਤਾਂ ਉਸ ਦੀ ਆਮਦਨ ਕਾਫੀ ਚੰਗੀ ਹੈ । ਉਨ੍ਹਾਂ ਕਿਹਾ ਕਿ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੈਕਸੀਨੇਸ਼ਨ, ਬੀਮੇ ਅਤੇ ਡੇਅਰੀ ਉਤਪਾਦ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਜਦੋਂ ਕੋਈ ਦਵਾਈ ਬਣ ਕੇ ਆਉਂਦੀ ਹੈ। ਉਸ ਦੀ ਕੀਮਤ ਵੀ ਅਦਾ ਕਰਦੇ ਹਾਂ ਤੇ ਅੱਜ ਕੱਲ 30/35 ਸਾਲ ਤੋਂ ਉਪਰ ਉਮਰ ਵਰਗ ਦਾ ਵਿਅਕਤੀ ਸ਼ੂਗਰ, ਬੀ.ਪੀ ਵਰਗਾਂ ਅਲਾਮਤਾਂ ਤੋਂ ਪ੍ਰੇਸ਼ਾਨ ਹੈ । ਉਨ੍ਹਾਂ ਕਿਹਾ ਕਿ ਘਰ ਵਿੱਚ ਕੀਤੇ ਜਾਣ ਵਾਲੇ ਛੋਟੇ ਛੋਟੇ ਉਪਾਅ ਅਸੀਂ ਭੁੱਲ ਗਏ ਹਾਂ ਤੇ ਦਵਾਈਆਂ ਤੇ ਜੀਅ ਰਹੇ ਹਾਂ। ਇਸ ਲਈ ਸਾਨੂੰ ਕੁਦਰਤ ਦੀਆਂ ਇਨ੍ਹਾਂ ਅਨਮੋਲ ਦਾਤਾਂ ਦੀ ਲੋੜ ਹੈ ।
ਐਮ.ਐਲ.ਏ. ਸ. ਗੁਰਦਿੱਤ ਸਿੰਘ ਨੇ ਕਿਹਾ ਕਿ ਕੁਦਰਤ ਨੇ ਹਜ਼ਾਰਾਂ ਸਾਲ ਪਹਿਲਾਂ ਸਾਨੂੰ ਅਸ਼ਵਗੰਧਾ ਵਰਗੀਆਂ ਜੜੀ ਬੂਟੀਆਂ ਦਿੱਤੀਆਂ ਸਨ। ਪਰ ਅਸੀਂ ਇਨ੍ਹਾਂ ਚੀਜਾਂ ਤੋਂ ਅੱਗੇ ਲੰਘ ਗਏ । ਉਨ੍ਹਾਂ ਕਿਹਾ ਕਿ ਕਰੋਨਾ ਸਮੇਂ ਦੌਰਾਨ ਸਾਨੂੰ ਕੁਦਰਤ ਦੀਆਂ ਇਨ੍ਹਾਂ ਜੜ੍ਹੀਆਂ ਬੂਟੀਆਂ ਦੀ ਸਮਝ ਆਈ ਹੈ । ਯੂਨੀਵਰਸਿਟੀ ਵੱਲੋਂ ਅਸ਼ਵਗੰਧਾ ਨੂੰ ਪ੍ਰਮੋਟ ਕਰਨ ਲਈ ਭਾਰਤ ਸਰਕਾਰ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਹੈ । ਅਸ਼ਵਗੰਧਾ ਇੱਕ ਉਪਜਾਊ ਬੂਟਾ ਹੈ ਤੇ ਸਰੀਰਕ ਤੌਰ ਤੇ ਤੰਦਰੁਸਤ ਕਰਦਾ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਇਸ ਦੀ ਖੇਤੀ ਕਰਾਂਗੇ ਤਾਂ ਆਰਥਿਕ ਤੌਰ ਤੇ ਵੀ ਮਜਬੂਤ ਹੋਵਾਂਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਰਸ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਿਸਾਨਾਂ ਨੂੰ ਦੱਸਿਆ ਜਾਵੇਗਾ ਕਿ ਦਵਾਈਆਂ ਕਿਵੇਂ ਤਿਆਰ ਕਰਨੀਆਂ ਹਨ ।
ਇਸ ਮੌਕੇ ਕੈਬਨਿਟ ਮੰਤਰੀ ਸ. ਖੁੱਡੀਆ, ਵੀ.ਸੀ.ਡਾ. ਰਾਜੀਵ ਸੂਦ, ਐਮ.ਐਲ.ਏ ਸ. ਗੁਰਦਿੱਤ ਸਿੰਘ ਸੇਖੋਂ ਅਤੇ ਦਿੱਲੀ ਦੇ ਆਯੂਸ਼ ਮੰਤਰਾਲੇ ਵੱਲੋਂ ਅਸ਼ਵਗੰਧਾ ਦੀ ਕਾਸ਼ਤ ਅਤੇ ਮਹੱਤਤਾ ਬਾਰੇ ਕਿਤਾਬਚਾ ਵੀ ਰਿਲੀਜ ਕੀਤਾ ਗਿਆ ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਓਜਸਵੀ ਅਲੰਕਾਰ, ਸ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਪਲਾਨਿੰਗ ਬੋਰਡ, ਚੇਅਰਮੈਨ ਮਾਰਕਿਟ ਕਮੇਟੀ ਅਮਨਦੀਪ ਸਿੰਘ ਬਾਬਾ, ਚੇਅਰਮੈਨ ਮਾਰਕੀਟ ਕਮੇਟੀ ਰਮਨਦੀਪ ਸਿੰਘ ਡਾ. ਰੀਵਾ ਸੂਦ, ਡਾ. ਜਤਿੰਦਰ ਕੁਮਾਰ, ਡਾ. ਅਰੁਣ ਚੰਦਨ , ਡਾ. ਰਾਕੇਸ਼, ਡਾ.ਰੋਹਿਤ, ਡਾ. ਨੀਰੂ ਕੱਕੜ, ਡਾ. ਸੰਜੀਵ ਗੋਇਲ, ਸੁਖਬੀਰ ਸਿੰਘ ਜਾਖੜ,ਡਾ. ਰਾਜੀਵ ਜੋਸ਼ੀ, ਸ੍ਰੀ ਰਾਹੁਲ ਯਾਦਵ, ਪ੍ਰੋਫੈਸਰ ਰਜਿੰਦਰਾ ਆਦਿ ਹਾਜ਼ਰ ਸਨ।