Political special ਨਿਗਮ ਚੋਣਾਂ : ਅੰਬਰੋਂ ਵਰ੍ਹਦੀ ਅੱਗ ਦੌਰਾਨ ਠੰਢੀ ਠਾਰ ਸਿਆਸੀ ਬੀਅਰ ਨੇ ਬਰਫ ’ਚ ਲਾਏ ਵੋਟਰ
ਅਸ਼ੋਕ ਵਰਮਾ
ਬਠਿੰਡਾ, 18 ਮਈ 2026 : ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਦੌਰਾਨ ਗਰਮ ਹੋਏ ਮੌਸਮ ਦੌਰਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੇ ਵੋਟਰਾਂ ਨੂੰ ਰਿਝਾਉਣ ਲਈ ਠੰਢੀ ਬੀਅਰ ਦਾ ਸਹਾਰਾ ਤੱਕਿਆ ਹੈ। ਵੱਡੀ ਗੱਲ ਇਹ ਵੀ ਹੈ ਕਿ ਮੌਸਮੀ ਵਰਤਾਰਿਆਂ ਦੇ ਮਿਜਾਜ ਨੂੰ ਦੇਖਦਿਆਂ ਪਿਆਕੜ ਵੀ ਬੀਅਰ ਨੂੰ ਤਰਜੀਹ ਦੇਣ ਲੱਗੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਸ਼ਰਾਬ ਵੰਡਣੀ ਬੰਦ ਹੋ ਗਈ ਹੈ ਬਲਕਿ ਅਰਧ ਸ਼ਹਿਰੀ ਖੇਤਰਾਂ ’ਚ ਰੂੜੀ ਮਾਰਕਾ ਅਤੇ ਠੇਕਿਆਂ ਦੀ ਸ਼ਰਾਬ ਪਰੋਸੀ ਜਾ ਰਹੀ ਹੈ। ਮਾਲਵੇ ਦੇ ਕੲਂੀ ਸ਼ਹਿਰਾਂ ’ਚ ਕਰਵਾਈਆਂ ਜਾ ਰਹੀਆਂ ਤਾਜਾ ਚੋਣਾਂ ਦੇ ਇਹ ਹੈਰਾਨੀਜਨਕ ਤੱਥ ਹਨ ਜਿਨ੍ਹਾਂ ਦੌਰਾਨ ਜਿੱਤ ਹਾਸਲ ਕਰਨ ਦੇ ਮੰਤਵ ਨਾਲ ਸ਼ਰਾਬ ਅਤੇ ਬੀਅਰ ਦੀਆਂ ਬੋਤਲਾਂ ਵੰਡੀਆਂ ਜਾ ਰਹੀਆਂ ਹਨ। ਸਥਾਨਕ ਚੋਣ ਅਧਿਕਾਰੀ ਸਖਤੀ ਨਹੀਂ ਕਰਦੇ ਜਿਸ ਕਰਕੇ ਵੀ ਵੋਟਾਂ ਹਾਸਲ ਕਰਨ ਲਈ ਲਾਲ ਪਰੀ ਦੀ ਤੋਟ ਨਹੀਂ ਆਉਣ ਦਿੱਤੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਦੌਰਾਨ ਜਿਨ੍ਹਾਂ ਇਲਾਕਿਆਂ ’ਚ ਮੁਕਾਬਲੇ ਫਸਵੇਂ ਹਨ ਉਨ੍ਹਾਂ ’ਚ ਤਾਂ ਅੰਗਰੇਜ਼ੀ ਸ਼ਰਾਬ ਪਰੋਸਣ ਤੋਂ ਵੀ ਸੰਕੋਚ ਨਹੀਂ ਕੀਤਾ ਜਾ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਇਸ ਵੰਡ ਵੰਡਾਰੇ ’ਚ ਕਿਸੇ ਇੱਕ ਧਿਰ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਬਲਕਿ ਤਕਰੀਬਨ ਸਾਰੀਆਂ ਹੀ ਪਾਰਟੀਆਂ ਅਤੇ ਕਈ ਅਜਾਦ ਉਮੀਦਵਾਰ ਵੀ ਇਸ ਹਮਾਮ ’ਚ ਨੰਗੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਚੋਣ ਸਭਾਵਾਂ ਦੌਰਾਨ ਇੱਕ ਦੂਸਰੇ ਖਿਲਾਫ ਰੱਜਕੇ ਭੰਡੀ ਪ੍ਰਚਾਰ ਕਰਨ ਵਾਲੇ ਨੇਤਾ ਜੀ ਇਸ ਸਬੰਧ ’ਚ ਸ਼ਿਕਾਇਤ ਦਰਜ ਨਾਂ ਕਰਵਾਉਣ ਦੇ ਮਾਮਲੇ ’ਚ ਆਪਸ ਵਿੱਚ ਘਿਓ ਖਿਚੜੀ ਦਿਖਾਈ ਦਿੰਦੇ ਹਨ। ਬਰਨਾਲਾ ਨਗਰ ਨਿਗਮ ਦੀ ਚੋਣ ਲੜ ਰਹੇ ਇੱਕ ਉਮੀਦਵਾਰ ਦੇ ਸਮਰਥਕ ਨੇ ਦੱਸਿਆ ਕਿ ਬੇਸ਼ੱਕ ਚੋਣਾਂ ਦੌਰਾਨ ਪ੍ਰਚਾਰਕਾਂ ਅਤੇ ਵੋਟਰਾਂ ਤੱਕ ਸ਼ਰਾਬ ਸਪਲਾਈ ਕਰਨੀ ਆਮ ਸੀ ਪਰ ਐਤਕੀਂ ਜਿੱਤ ਪੱਕੀ ਕਰਨ ਲਈ ਸ਼ਰਾਬ ਦੇ ਮਹਿੰਗੇ ਬਰਾਂਡ ਵੀ ਪੇਸ਼ ਕਰਨੇ ਪੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਹ ਵੱਖਰੀ ਗੱਲ ਹੈ ਕਿ ਸ਼ਰਾਬ ਅਤੇ ਬੀਅਰ ਦੇ ਮਹਿੰਗੇ ਬਰਾਂਡ ਸਬੰਧਤ ਵਿਅਕਤੀ ਦੀ ਵੋਟਾਂ ਖਿੱਚ੍ਹਣ ਦੀ ਤਾਕਤ ਜਾਂ ਪ੍ਰਚਾਰ ਦੀ ਸਮਰੱਥਾ ਦੇ ਅਧਾਰ ਨੂੰ ਮੁੱਖ ਰੱਖਦਿਆਂ ਮੁਹੱਈਆ ਕਰਵਾਏ ਜਾਂਦੇ ਹਨ। ਸੂਤਰਾਂ ਅਨੁਸਾਰ ਇੰਨ੍ਹੀਂ ਦਿਨੀਂ ਅੰਗਰੇਜੀ ਸ਼ਰਾਬ ਦੇ ਰਾਇਲ ਸਟੈਗ , ਆਲ ਸੀਜ਼ਨ ਅਤੇ ਬਲੈਂਡਰ ਪ੍ਰਾਈਡ ਤੋਂ ਇਲਾਵਾ ਬੀਅਰ ਦੇ ਕਿੰਗ ਫਿਸ਼ਰ ਅਤੇ ਗੌਡ ਫਾਦਰ ਕਾਫੀ ਪ੍ਰਚੱਲਤ ਹਨ। ਇਸੇ ਤਰਾਂ ਹੀ ਪੰਜਾਬ ’ਚ ਬਣੀ ਮੋਟਾ ਸੰਤਰਾ , ਸੌਂਫੀਆ ਅਤੇ ਖਾਸਾ ਵੀ ਮਸ਼ਹੂਰ ਹਨ ਜਿੰਨ੍ਹਾਂ ਨੂੰ ਲਗਾਤਰ ਵੰਡਿਆ ਜਾ ਰਿਹਾ ਹੈ। ਰਾਮਾ ਮੰਡੀ ਦੇ ਇੱਕ ਨੌਜੁਆਨ ਨੇ ਦੱਸਿਆ ਕਿ ਪੰਜਾਬ ਨਾਲੋਂ ਸਸਤੀ ਹੋਣ ਕਾਰਨ ਤਸਕਰਾਂ ਰਾਹੀਂ ਲਿਆਂਦੀ ਚੋਰੀ ਛੁਪੇ ਢੰਗ ਨਾਲ ਹਰਿਆਣਾ ਦੀ ਜੁਗਨੀ ਅਤੇ ਸ਼ਹਿਨਾਈ ਵੰਡੀ ਜਾ ਰਹੀ ਹੈ ਜਦੋਂਕਿ ਕਈ ਥਾਵਾਂ ’ਤੇ ਤਾਂ 26 ਮਈ ਤੱਕ ਵੋਟਰਾਂ ਨੂੰ ਆਪਣੇ ਨਾਲ ਜੋੜਕੇ ਰੱਖਣ ਲਈ ਸ਼ਰਾਬ ਦੀ ਮੋਬਾਇਲ ਸਪਲਾਈ ਦੀਆਂ ਰਿਪੋਰਟਾਂ ਵੀ ਹਨ।
ਦੂਜੇ ਪਾਸੇ ਭੱਠ ਵਾਂਗ ਤਪ ਰਹੇ ਦਿਨਾਂ ਦੌਰਾਨ ਵਰ੍ਹਦੀ ਅੱਗ ਕਾਰਨ ਜਿੱਥੇ ਨਿੱਤ ਦੇ ਖਰਚਿਆਂ ਨੇ ਜੇਬਾਂ ਹੌਲੀਆਂ ਕਰਵਾਉਣੀਆਂ ਸ਼ੁਰੂ ਕਰ ਕੀਤੀਆਂ ਹੋਈਆਂ ਹਨ ਉੱਥੇ ਹੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਫੂਕ ਕੱਢ ਦਿੱਤੀ ਹੈ । ਉਮੀਦਵਾਰ ਸਵੇਰ ਵਕਤ ਜਾਂ ਫਿਰ ਦੇਰ ਸ਼ਾਮ ਤੱਕ ਚੋਣ ਪ੍ਰਚਾਰ ਕਰਨ ਨੂੰ ਤਰਜੀਹ ਦੇਣ ਲੱਗੇ ਹਨ। ਮੌਸਮ ਵਿਭਾਗ ਨੇ ਸਮੁੱਚੇ ਉੱਤਰੀ ਭਾਰਤ ’ਚ 23 ਮਈ ਤੱਕ ਲੂਅ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਜੋ ਪ੍ਰਚਾਰ ਨੂੰ ਹੋਰ ਵੀ ਬਰੇਕਾਂ ਅਤੇ ਉਮੀਦਵਾਰਾਂ ਦੀਆਂ ਦਿੱਕਤਾਂ ਵਧਾ ਸਕਦੀ ਹੈ। ਬਠਿੰਡਾ ਦੇ ਇੱਕ ਉਮੀਦਵਾਰ ਨੇ ਮੰਨਿਆ ਜਦੋਂ ਮੰਜ਼ਿਲ ਫਤਿਹ ਕਰਨੀ ਹੋਵੇ ਤਾਂ ਗਰਮੀ ਦੇ ਕਹਿਰ ਨੂੰ ਪੈਰਾਂ ਹੇਠ ਲਤਾੜਨਾ ਹੀ ਪੈਂਦਾ ਹੈ। ਹੁਣ ਜਦੋਂ 19 ਮਈ ਨੂੰ ਨਾਮਜ਼ਦਗੀ ਪਰਚੇ ਵਾਪਸ ਲੈਣ ਉਪਰੰਤ ਅਸਲ ਤਸਵੀਰ ਸਾਹਮਣੇ ਆਏਗੀ ਤਾਂ ਉਸ ਤੋਂ ਬਾਅਦ ਹੀ ਹਕੀਕੀ ਰੂਪ ’ਚ ਸਿਆਸੀ ਮਾਹੌਲ ਜੇਠ ਦੀਆਂ ਦੁਪਹਿਰਾਂ ਵਾਂਗ ਭਖਣ ਦੇ ਅਨੁਮਾਨ ਹਨ।
ਸ਼ਰਾਬ ਵੱਟੇ ਵੋਟਾਂ ਚਿੰਤਾਜਨਕ
ਜਮਹੂਰੀ ਅਧਿਕਾਰ ਸਭਾ ਦੇ ਪ੍ਰਚਾਰ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਇਸ ਵਰਤਾਰੇ ਤੋਂ ਜਾਹਰ ਹੈ ਕਿ ਪੰਜਾਬ ਦੀਆਂ ਚੋਣਾਂ ‘ਸ਼ਰਾਬ ਵੱਟੇ ਵੋਟ’ ਤੋਂ ਅਛੂਤੀਆਂ ਨਹੀਂ ਰਹਿ ਗਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਇੱਕ ਪਾਸੇ ਨਸ਼ਿਆਂ ਖਿਲਾਫ ਲੜਾਈ ਲੜਨ ਦੇ ਦਾਅਵੇ ਕਰਦੀਆਂ ਹਨ ਅਤੇ ਇਸ ਤਰਾਂ ਸ਼ਰਾਬ ਦੇ ਦਰਿਆ ਵੀ ਵਗਾਏ ਜਾ ਰਹੇ ਹਨ ਜੋ ਸਮਾਜਿਕ ਪੱਖ ਤੋਂ ਚਿੰਤਾਜਨਕ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਵਿਸ਼ੇਸ਼ ਤੌਰ ’ਤੇ ਔਰਤਾਂ ਨੂੰ ਨਸ਼ਿਆਂ ਦੀ ਵੰਡ ਖਿਲਾਫ ਅੱਗੇ ਆਉਣ ਦਾ ਸੱਦਾ ਵੀ ਦਿੱਤਾ।
ਨਸ਼ਿਆਂ ਵੱਟੇ ਵੋਟ ਨਾਂ ਦੇਣ ਲੋਕ
ਸਮਾਜਿਕ ਆਗੂ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨਸ਼ੇ ਬਦਲੇ ਵੋਟਾਂ ਨਾਂ ਪਾਉਣ ਦਾ ਨਾਅਰਾ ਦਿੰਦੀਆਂ ਹਨ ਜਿਸ ’ਤੇ ਅਮਲ ਨਾਂ ਹੋਣ ਕਾਰਨ ਇਹ ਦਾਅਵੇ ਖੋਖਲੇ ਸਿੱਧ ਹੋਏ ਹਨ । ਉਨ੍ਹਾਂ ਕਿਹਾ ਕਿ ਇਹ ਲਾਅਨਤ ਗਲੋਂ ਲਾਹੁਣ ਲਈ ਲੋਕਾਂ ਨੂੰ ਖੁਦ ਹੀ ਪਹਿਲ ਕਰਨੀ ਹੋਵੇਗੀ ਨਹੀਂ ਤਾਂ ਸ਼ਰਾਬ ਸਹਾਰੇ ਜਿੱਤੀਆਂ ਚੋਣਾਂ ਸ਼ੋਸ਼ਣ ਦਾ ਸਬੱਬ ਬਣਦੀਆਂ ਰਹਿਣਗੀਆਂ। ਉਨ੍ਹਾਂ ਪੰਜਾਬੀਆਂ ਨੂੰ ਸ਼ਰਾਬ ਸਮੇਤ ਕਿਸੇ ਵੀ ਤਰਾਂ ਦੇ ਨਸ਼ੇ ਵੰਡਣ ਵਾਲੇ ਉਮੀਦਵਾਰਾਂ ਨੂੰ ਵੋਟਾਂ ਨਾਂ ਪਾਉਣ ਦੀ ਅਪੀਲ ਵੀ ਕੀਤੀ ਹੈ।
- Download Babushahi App
-
-