ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ ਦਾ ਫਰਿਜ਼ਨੋ ਵਿਖੇ ਨਿੱਘਾ ਸੁਆਗਤ
ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਹਲਕਾ ਨਿਹਾਲ ਸਿੰਘ ਵਾਲਾ ਦੇ ਐਮ ਐਲ ਏ ਸ. ਮਨਜੀਤ ਸਿੰਘ ਬਿਲਾਸਪੁਰ ਇਸ ਸਮੇਂ ਅਮਰੀਕਾ ਦੌਰੇ ‘ਤੇ ਹਨ। ਉਹਨਾਂ ਦੇ ਸਨਮਾਨ ਵਿੱਚ ਫਰਿਜ਼ਨੋ ਦੇ ਪ੍ਰਸਿੱਧ ਟਰਾਂਸਪੋਰਟਰ ਪਰਿਵਾਰ ਜਸਪਾਲ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਬੇਟੇ ਖ਼ੁਸ਼ ਧਾਲੀਵਾਲ ਵੱਲੋਂ ਆਪਣੇ ਗ੍ਰਹਿ ਵਿਖੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ।
ਇਸ ਮੌਕੇ ਫਰਿਜ਼ਨੋ ਇਲਾਕੇ ਦੀਆਂ ਕਈ ਸਿਰਮੌਰ ਸ਼ਖ਼ਸੀਅਤਾਂ ਹਾਜ਼ਰ ਸਨ। ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਾਰੇ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਆਖਦੇ ਹੋਏ ਕੀਤੀ। ਸ਼੍ਰੋਮਣੀ ਕਮੇਟੀ ਮੈਂਬਰ ਅਤੇ ਸਰਪੰਚ ਜੁਗਰਾਜ ਸਿੰਘ ਦੌਧਰ ਨੇ ਆਪਣੇ ਲੰਮੇ ਸਿਆਸੀ ਸਫ਼ਰ ਵਿਚੋਂ ਕੁਝ ਅਹਿਮ ਨੁੱਕਤੇ ਸਾਂਝੇ ਕੀਤੇ। ਸ਼ਾਇਰ ਰਣਜੀਤ ਗਿੱਲ ਨੇ ਆਪਣੇ ਬੋਲਾਂ ਨਾਲ ਹਾਜ਼ਰੀ ਲਵਾਈ।
ਗਾਇਕ ਕਮਲਜੀਤ ਬੈਨੀਪਾਲ ਅਤੇ ਗੁਰਦੀਪ ਧਾਲੀਵਾਲ ਨੇ ਆਪਣੇ ਸੁਰੀਲੇ ਗੀਤਾਂ ਨਾਲ ਮੌਜੂਦ ਹਾਜ਼ਰੀਨ ਦਾ ਮਨੋਰੰਜਨ ਕੀਤਾ। ਇਸ ਤੋਂ ਇਲਾਵਾ ਰਣਜੀਤ ਗਿੱਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਗਤ ਸਿੰਘ ਦੀ ਘੋੜੀ ਕਵਿਸ਼ਰੀ ਰੂਪ ਵਿੱਚ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ।
ਐਮ ਐਲ ਏ ਸ. ਮਨਜੀਤ ਸਿੰਘ ਬਿਲਾਸਪੁਰ ਨੇ ਮਹਿਮਾਨਾਂ ਨੂੰ ਆਪ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਤਰੱਕੀ ਕਾਰਜਾਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਰੁਜ਼ਗਾਰ, ਸਿਹਤ ਸੇਵਾਵਾਂ ਅਤੇ ਸਿੱਖਿਆ ਖੇਤਰ ਵਿੱਚ ਸੁਧਾਰ ਲਈ ਵਚਨਬੱਧ ਹੈ। ਉਹਨਾਂ ਦੱਸਿਆ ਕਿ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚ ਰਿਹਾ ਹੈ, ਟੋਲ ਪਲਾਜੇ ਬੰਦ ਹੋ ਰਹੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਰੂਮ ਤਿਆਰ ਕੀਤੇ ਜਾ ਰਹੇ ਹਨ। ਨਸ਼ਿਆਂ ਖ਼ਿਲਾਫ਼ ਲੜਾਈ ਬਾਰੇ ਉਹਨਾਂ ਕਿਹਾ ਕਿ ਇਹ ਜੰਗ ਉਸ ਵੇਲੇ ਤੱਕ ਜਾਰੀ ਰਹੇਗੀ ਜਦੋਂ ਤੱਕ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ-ਮੁਕਤ ਨਹੀਂ ਕੀਤਾ ਜਾਂਦਾ।
ਸਮਾਗਮ ਦੇ ਅਖੀਰ ਵਿੱਚ ਜਸਪਾਲ ਸਿੰਘ ਧਾਲੀਵਾਲ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਚਰਨਜੀਤ ਸਿੰਘ ਬਾਠ, ਪੰਮਾ ਸੈਦੋਕੇ, ਅਮਰਜੀਤ ਦੌਧਰ,ਜੈਲਾ ਧੂੜਕੋਟ, ਸਾਧੂ ਸਿੰਘ ਬਿਲਾਸਪੁਰ, ਦੇਵ ਬਿਲਾਸਪੁਰ, ਬਲਪ੍ਰੀਤ ਸਿੱਧੂ, ਗੁਰਜਪਾਲ ਦੌਧਰ, ਇੰਡੋ ਯੂ ਐੱਸ ਹੈਰੀਟੇਜ ਦੇ ਮੈਂਬਰਾਂ ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਸ. ਮਨਜੀਤ ਸਿੰਘ ਦੇ ਪੀ ਏ ਰਹੇ ਸੁੱਖੀ ਧਾਲੀਵਾਲ ਵੀ ਆਪਣੇ ਸਾਥੀਆਂ ਸਮੇਤ ਖ਼ਾਸ ਤੌਰ ‘ਤੇ ਸੈਕਰਾਮੈਂਟੋ ਤੋਂ ਪਹੁੰਚੇ ਹੋਏ ਸਨ।
ਰਾਤਰੀ ਦੇ ਸੁਆਦਿਸ਼ਟ ਭੋਜਨ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।