MLA ਕੁਲਜੀਤ ਸਿੰਘ ਰੰਧਾਵਾ ਨੇ ਵੱਖ ਵੱਖ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਕਰਵਾਈ ਸ਼ੁਰੂਆਤ
ਫ਼ਸਲ ਦੀ ਤੁਰੰਤ ਖਰੀਦ ਦਾ ਭਰੋਸਾ
ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ
ਹਰਜਿੰਦਰ ਸਿੰਘ ਭੱਟੀ
ਡੇਰਾਬੱਸੀ(ਐਸ.ਏ.ਐਸ. ਨਗਰ), 08 ਅਪ੍ਰੈਲ, 2025:ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੰਗਲਵਾਰ ਨੂੰ ਡੇਰਾਬੱਸੀ ਸਬ ਡਿਵੀਜ਼ਨ ਦੀਆਂ ਧਨੌਨੀ,ਅਮਲਾਲਾ,ਜੜੌਤ,ਤਸਿੰਬਲੀ ਮੰਡੀਆਂ ਵਿੱਚ ਖਰੀਦ ਕਾਰਜਾਂ ਦੀ ਸ਼ੁਰੂਆਤ ਕਰਵਾਈ। ਕਿਸਾਨਾਂ ਨੂੰ ਕਣਕ ਦੀ ਫਸਲ ਦੀ ਖਰੀਦ ਲਈ ਲੋੜੀਂਦੇ ਸਾਰੇ ਪ੍ਰਬੰਧਾਂ ਦਾ ਭਰੋਸਾ ਦਿਵਾਉਂਦੇ ਹੋਏ ਵਿਧਾਇਕ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ, ਮੰਡੀਆਂ ਵਿੱਚ ਲਿਆਂਦੀਆਂ ਸੁੱਕੀਆਂ ਫਸਲਾਂ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਦੀ ਢੇਰੀ ਦੀ ਪਹਿਲੀ ਆਮਦ ਨਾਲ ਖਰੀਦ ਕਾਰਜ ਦਾ ਰਸਮੀ ਉਦਘਾਟਨ ਕੀਤਾ।
ਕਿਸਾਨਾਂ ਨੂੰ ਮੰਡੀਆਂ ਵਿੱਚ ਸੁੱਕੀ ਫ਼ਸਲ ਲਿਆਉਣ ਦੀ ਅਪੀਲ ਕਰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਸ ਨਾਲ ਖਰੀਦ ਏਜੰਸੀਆਂ ਨੂੰ ਵੀ ਖਰੀਦ ਵਿੱਚ ਤੇਜ਼ੀ ਲਿਆਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਡੇਰਾਬੱਸੀ ਹਲਕੇ ਵਿੱਚ ਕੁੱਲ 07 ਖਰੀਦ ਕੇਂਦਰ ਹਨ ਅਤੇ ਲਾਲੜੂ ਮੰਡੀ ਵਿੱਚ ਉਹ ਪਹਿਲਾ ਹੀ ਖਰੀਦ ਸ਼ੁਰੂ ਕਰਵਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਾਰੀਆਂ ਖਰੀਦ ਏਜੰਸੀਆਂ ਨੂੰ ਕਣਕ ਦੀ ਫਸਲ ਤੁਰੰਤ ਖਰੀਦਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੰਡੀਆਂ ਵਿੱਚ ਆਪਣੀ ਉਪਜ ਵੇਚਣ ਲਈ ਆਉਣ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ।
ਡੇਰਾਬੱਸੀ ਹਲਕੇ ਤੋਂ ਵਿਧਾਇਕ ਨੇ ਅੱਗੇ ਕਿਹਾ ਕਿ ਸਬੰਧਤ ਏਜੰਸੀ ਵੱਲੋਂ ਖਰੀਦੀ ਗਈ ਕਣਕ ਦੀ ਅਦਾਇਗੀ 48 ਘੰਟਿਆਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇਗਾ। ਇਸੇ ਤਰ੍ਹਾਂ, ਖਰੀਦੀ ਗਈ ਕਣਕ ਨੂੰ 72 ਘੰਟਿਆਂ ਦੇ ਅੰਦਰ-ਅੰਦਰ ਚੁੱਕਿਆ ਜਾਵੇਗਾ ਤਾਂ ਜੋ ਮੰਡੀ ਵਿੱਚ ਜਗ੍ਹਾ ਦੀ ਕਮੀ ਨਾ ਹੋਵੇ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਰਹਿੰਦ ਖੂਹੰਦ ਨੂੰ ਅੱਗ ਨਾ ਲਗਾਉਣ ਜੋ ਵਾਤਾਵਰਣ ਅਤੇ ਮਨੁੱਖਤਾ ਦੇ ਹਿੱਤ ਵਿੱਚ ਨਹੀਂ ਹੈ, ਸਗੋਂ ਨੇੜਲੀ ਸੋਸਾਇਟੀ ਜਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤੋਂ ਨਾੜ (ਫਸਲਾਂ ਦੀ ਰਹਿੰਦ-ਖੂੰਹਦ) ਦੇ ਪ੍ਰਬੰਧਨ ਲਈ ਫਸਲਾਂ ਦੀ ਰਹਿੰਦ-ਖੂੰਹਦ ਮਸ਼ੀਨਰੀ ਮੰਗਵਾਉਣ। ਉਨ੍ਹਾਂ ਕਿਸਾਨਾਂ ਅਤੇ ਵਾਢੀ ਕਰਨ ਵਾਲੇ ਕੰਬਾਈਨ ਓਪਰੇਟਰਾਂ ਨੂੰ ਕਣਕ ਦੀ ਫ਼ਸਲ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਹੀ ਕਰਨ ਦੀ ਅਪੀਲ ਕੀਤੀ ਤਾਂ ਜੋ ਫ਼ਸਲ ਵਿੱਚ ਨਮੀ ਦੀ ਵਧੀਕ ਮਾਤਰਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਉਨ੍ਹਾਂ ਦੇ ਨਾਲ ਡੇਰਾਬੱਸੀ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਚੌਧਰੀ , ਡੀ ਐਫ ਐਸ ਸੀ ਮੋਹਾਲੀ ਨਵਰੀਤ ਕੌਰ, ਡੀ ਐਫ ਐਸ ਓ ਮੋਹਾਲੀ, ਸਕੱਤਰ ਮਾਰਕੀਟ ਕਮੇਟੀ ਅਤੇ ਇਲਾਕੇ ਦੇ ਆੜ੍ਹਤੀ, ਕਿਸਾਨ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ, ਸਰਪੰਚ ਸਾਹਿਬਾਨ ਮੌਜੂਦ ਸਨ।