Flood Breaking : ਪਿੰਡ ਸਭਰਾ ਵਿੱਚ ਬੰਨ੍ਹ ਟੁੱਟਣ ਦਾ ਖ਼ਤਰਾ, ਲੋਕਾਂ ਨੇ ਖੁਦ ਸੰਭਾਲਿਆ ਮੋਰਚਾ
ਬਲਜੀਤ ਸਿੰਘ
ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸਭਰਾ ਦੇ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ 10 ਫੁੱਟ ਦੇ ਕਰੀਬ ਖਾਰ ਲੱਗਣ ਤੋਂ ਬਾਅਦ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਖੁਦ ਹੀ ਇਸ ਨੂੰ ਬਚਾਉਣ ਦਾ ਬੀੜਾ ਚੁੱਕਿਆ ਹੈ। ਪਿੰਡ ਵਾਸੀ ਅਤੇ ਕਿਸਾਨ ਖੁਦ ਮਿੱਟੀ ਪਾ ਕੇ ਬੰਨ੍ਹ ਦੀ ਰਾਖੀ ਕਰ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ 'ਤੇ ਨਹੀਂ ਪਹੁੰਚਿਆ।
ਕਿਸਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਦੋਸ਼
ਚੇਤਾਵਨੀ ਨੂੰ ਅਣਗੌਲਿਆ: ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ ਅਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਜ਼ਿਲ੍ਹਾ ਵਿੱਤ ਸਕੱਤਰ ਸਾਹਿਬ ਸਿੰਘ ਸਭਰਾ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਵਾਰ ਸਰਕਾਰ ਨੂੰ ਲਿਖਤੀ ਅਤੇ ਮੀਡੀਆ ਰਾਹੀਂ ਇਸ ਖ਼ਤਰੇ ਤੋਂ ਜਾਣੂ ਕਰਵਾਇਆ ਸੀ, ਪਰ ਕੋਈ ਕਾਰਵਾਈ ਨਹੀਂ ਹੋਈ।
ਪ੍ਰਸ਼ਾਸਨ ਦੀ ਲਾਪਰਵਾਹੀ: ਆਗੂਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਸਭ ਕੁਝ ਜਾਣਦੇ ਹੋਏ ਵੀ ਇਸ ਬੰਨ੍ਹ ਵੱਲ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਮਜਬੂਰ ਹੋ ਕੇ ਲੋਕਾਂ ਨੂੰ ਖੁਦ ਮਿੱਟੀ ਲਿਆ ਕੇ ਬੰਨ੍ਹ ਨੂੰ ਮਜ਼ਬੂਤ ਕਰਨਾ ਪੈ ਰਿਹਾ ਹੈ।
ਕਿਸਾਨ ਆਗੂਆਂ ਨੇ ਇਹ ਵੀ ਇਤਰਾਜ਼ ਜਤਾਇਆ ਕਿ ਬੀਤੇ ਦਿਨ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੰਨ੍ਹ ਦਾ ਜਾਇਜ਼ਾ ਲਿਆ, ਪਰ ਉਨ੍ਹਾਂ ਨੇ ਇਸ ਲਈ ਲੋਕਾਂ ਨੂੰ ਹੀ ਗੁਨ੍ਹਾਗਾਰ ਠਹਿਰਾਇਆ। ਮੰਤਰੀ ਨੇ ਕਥਿਤ ਤੌਰ 'ਤੇ ਕਿਹਾ ਕਿ ਜੇ ਇੱਥੇ ਰੇਤੇ ਦੀ ਖੱਡ ਲੱਗ ਜਾਂਦੀ ਤਾਂ ਉਹ ਇਸ ਬੰਨ੍ਹ ਨੂੰ ਪੱਕਾ ਕਰਵਾ ਦਿੰਦੇ। ਇਸ 'ਤੇ ਹੜ੍ਹ ਪੀੜਤ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੀਆਂ ਜ਼ਮੀਨਾਂ ਵਿੱਚ ਰੇਤੇ ਦੀਆਂ ਖੱਡਾਂ ਨਹੀਂ ਲੱਗਣ ਦੇਣਗੇ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਸਰਕਾਰ ਲੋਕਾਂ ਦੀ ਹਮਦਰਦ ਹੈ, ਤਾਂ ਜਿਵੇਂ ਹੜ੍ਹ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਵਿੱਚ ਰੇਤ ਭਰ ਜਾਂਦੀ ਹੈ, ਉਸੇ ਤਰ੍ਹਾਂ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਵਿੱਚੋਂ ਰੇਤ ਕੱਢ ਕੇ ਵੇਚਣ ਦਾ ਅਧਿਕਾਰ ਦਿੱਤਾ ਜਾਵੇ।