DC ਗੁਰਦਾਸਪੁਰ ਵੱਲੋਂ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੀਤੀ ਗਈ
- ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਰੀਵਿਊ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ, 18 ਫਰਵਰੀ 2025 - ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ-ਵੱਖ ਵਿਭਾਗ ਦੇ ਮੁਖੀਆਂ ਵੱਲੋਂ ਹਿੱਸਾ ਲਿਆ ਗਿਆ।
ਇਸ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਸ੍ਰੀ ਉਮਾ ਸ਼ੰਕਰ ਗੁਪਤਾ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਚੱਲ ਰਹੀਆਂ ਸਕੀਮਾਂ ਦਾ ਰਿਵਿਊ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਸਕੀਮ ਦੀਨ ਦਿਆਲ ਉਪਾਦਿਯਾ ਗਰਾਮੀਣ ਕੌਸ਼ਲ ਯੋਜਨਾ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੋ ਸੈਂਟਰ ਚੱਲ ਰਹੇ ਹਨ, ਜਿਨ੍ਹਾਂ ਵਿੱਚੋਂ ਕੰਪਿਊਟਰ ਆਪਰੇਟਰ ਦਾ ਮੁਫ਼ਤ ਕੋਰਸ ਚਲਾਇਆ ਜਾ ਰਿਹਾ ਹੈ। ਇਹਨਾਂ ਸੈਂਟਰਾਂ ਵਿੱਚੋਂ ਇੱਕ ਸੈਂਟਰ ਰਿਹਾਇਸ਼ੀ ਹੈ ਅਤੇ ਇੱਕ ਸੈਂਟਰ ਬੋਰਡਿੰਗ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਸੈਂਟਰਾਂ ਵਿੱਚ ਸਿਖਲਾਈ ਲੈਣ ਲਈ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ ਅਤੇ ਰਿਹਾਇਸ਼ੀ ਸੈਂਟਰਾਂ ਵਿੱਚ ਰਹਿਣ ਸਹਿਣ ਅਤੇ ਖਾਣ-ਪੀਣ ਦਾ ਪ੍ਰਬੰਧ ਵੀ ਬਿਲਕੁਲ ਮੁਫ਼ਤ ਹੈ।
ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਚਲਾਏ ਜਾ ਰਹੇ ਸੀ.ਐੱਸ.ਆਰ ਪ੍ਰੋਜੈਕਟ ਅਧੀਨ ਮਾਈਕਰੋਸਾਫ਼ਟ, ਆਈ.ਬੀ.ਐੱਮ, ਰੈਣਾ ਫਾਊਂਡੇਸ਼ਨ ਅਤੇ ਨੇਸਕਾਮ ਦੇ ਕੋਰਸਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੋਰਸ ਏ.ਆਈ. ਅਤੇ ਸਾਈਬਰ ਨਾਲ ਸਬੰਧਿਤ ਹਨ ਅਤੇ ਆਨਲਾਈਨ ਕੋਰਸ ਹਨ। ਉਨ੍ਹਾਂ ਦੱਸਿਆ ਕਿ ਇਹ ਕੋਰਸ ਕੋਈ ਵੀ ਦਸਵੀਂ ਪਾਸ ਪ੍ਰਾਰਥੀ ਜਾਂ ਦਸਵੀਂ ਜਮਾਤ ਤੋ ਉੱਪਰ ਜਮਾਤਾਂ ਵਿੱਚ ਪੜ੍ਹ ਰਿਹਾ ਪ੍ਰਾਰਥੀ ਵੀ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹਨਾਂ ਕੋਰਸਾਂ ਸਬੰਧੀ ਵਧੇਰੇ ਜਾਣਕਾਰੀ ਸ੍ਰੀ ਚਾਂਦ ਠਾਕੁਰ ਬੀ.ਐੱਮ.ਐੱਮ ਨੂੰ ਕਿਸੇ ਵੀ ਕੰਮ ਵਾਲੇ ਦਿਨ ਕਮਰਾ ਨੰਬਰ 217 ਬੀ-ਬਲਾਕ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਗੁਰਦਾਸਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ਦੌਰਾਨ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਪਰਸ਼ੋਤਮ ਸਿੰਘ, ਡੀ.ਡੀ.ਪੀ.ਓ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਐੱਲ.ਡੀ.ਐੱਮ. ਸ੍ਰੀ ਕੇਵਲ ਕਲਸੀ, ਬਲਾਕ ਮਿਸ਼ਨ ਮੈਨੇਜਰ ਸ੍ਰੀ ਚਾਂਦ ਠਾਕੁਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।