ਹੜ੍ਹਾਂ ਨਾਲ ਨਜਿੱਠਣ ਲਈ 8 ਥਾਵਾਂ 'ਤੇ ਬਣਾਏ ਕੰਟਰੋਲ ਰੂਮ
ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ
-ਜ਼ਿਲ੍ਹੇ ਵਿੱਚ ਪ੍ਰਬੰਧਕੀ ਕੰਪਲੈਕਸ ਸਮੇਤ 8 ਥਾਵਾਂ 'ਤੇ ਕੰਟਰੋਲ ਰੂਮ ਸਥਾਪਿਤ
ਸੁਖਮਿੰਦਰ ਭੰਗੂ
ਲੁਧਿਆਣਾ, 1 ਜੁਲਾਈ :2025ਮੌਨਸੂਨ ਸੀਜਨ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਅੰਤਮ ਰੂਪ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਸਬੰਧਤ ਵਿਭਾਗਾਂ ਨੂੰ ਹਰ ਪੱਖੋਂ ਲੋੜੀਂਦੇ ਅਤੇ ਪੁਖਤਾ ਇੰਤਜਾਮ ਅਮਲ ਵਿੱਚ ਲਿਆਉਣ ਦੇ ਨਿਰਦੇਸ਼ ਦਿੱਤੇ। ਹੜ੍ਹਾਂ ਦੀ ਸਥਿਤੀ ਪੈਦਾ ਹੋਣ 'ਤੇ ਲੋਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਬੰਧਕੀ ਕੰਪਲੈਕਸ ਸਮੇਤ ਸਬ-ਡਵੀਜ਼ਨਾਂ ਵਿੱਚ 8 ਕੰਟਰੋਲ ਰੂ੍ਮ ਸਥਾਪਤ ਕੀਤੇ ਗਏ ਜਿੱਥੇ 24x7 ਜਾਣਕਾਰੀ ਦਿੱਤੀ ਅਤੇ ਲਈ ਜਾ ਸਕੇਗੀ।
ਇਸ ਸਬੰਧੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੇ ਜ਼ਿਲ੍ਹੇ ਅੰਦਰ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਢੁੱਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਲੋੜ ਪੈਣ 'ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਿਹਤ, ਪਸ਼ੂ ਪਾਲਣ ਵਿਭਾਗ, ਨਗਰ ਨਿਗਮ ਅਤੇ ਨਗਰ ਕੌਂਸਲਾਂ ਵੱਲੋਂ ਲੋੜੀਂਦੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਨਾਲ-ਨਾਲ ਲੋੜੀਂਦੀਆਂ ਦਵਾਈਆਂ ਅਤੇ ਮਸ਼ੀਨਰੀ ਦੀ ਵਿਵਸਥਾ ਵੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੇ ਸਤਲੁਜ ਦਰਿਆ ਦੇ ਬੰਨ੍ਹ ਦੀਆਂ ਨਾਜੁਕ ਥਾਵਾਂ ਦਾ ਅਗਾਉਂ ਦੌਰਾ ਕਰਕੇ ਸਬੰਧਤ ਅਧਿਕਾਰੀ ਜਿਸ ਥਾਂ 'ਤੇ ਲੋੜ ਹੋਵੇ ਤੁਰੰਤ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ। ਉਨ੍ਹਾਂ ਨੇ ਉਪ ਮੰਡਲ ਮੈਜਿਸਟਰੇਟਾਂ, ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰਾਂ ਵਿੱਚ ਪੈਂਦੇ ਸਾਰੇ ਪੁਆਇੰਟਾਂ ਦਾ ਦੌਰਾ ਕਰਨਗੇ ਅਤੇ ਕਾਰਵਾਈ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਦੇਣਗੇ।
ਜ਼ਿਲ੍ਹੇ ਵਿੱਚ ਸਥਾਪਿਤ ਕੰਟਰੋਲ ਰੂਮਾਂ ਬਾਰੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 24x7 ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿਸਦਾ ਨੰਬਰ 161-2433100 ਹੈ। ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਪੱਧਰ 'ਤੇ ਵੀ ਫਲੱਡ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਲੁਧਿਆਣਾ ਪੂਰਬੀ ਲਈ 0161-2922330, ਲੁਧਿਆਣਾ ਪੱਛਮੀ ਲਈ 061-2412555, ਜਗਰਾਉਂ ਵਿਖੇ 01624-223256, ਖੰਨਾ ਵਿਖੇ 01628-226091, ਸਮਰਾਲਾ ਵਿਖੇ 01628-262354, ਪਾਇਲ ਵਿਖੇ 01628-276892 ਅਤੇ ਰਾਏਕੋਟ ਵਿਖੇ ਕੰਟਰੋਲ ਰੂਮ ਦਾ ਨੰਬਰ 01624-264350 ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮਾਂ ਵਿੱਚ ਰੋਸਟਰ ਅਨੁਸਾਰ ਸਟਾਫ ਤਾਇਨਾਤ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਲੋੜੀਂਦੀ ਜਾਣਕਾਰੀ ਸੁਚੱਜੇ ਢੰਗ ਨਾਲ ਉਪਲਬਧ ਕਰਵਾਈ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਪਿੰਡਾਂ ਅਤੇ ਸ਼ਹਿਰਾਂ ਦੀਆਂ ਸੜਕਾਂ 'ਤੇ ਪੁਲੀਆਂ ਬੰਦ ਹਨ, ਉਨ੍ਹਾਂ ਦੀ ਤੁਰੰਤ ਸਫ਼ਾਈ ਕਰਵਾ ਕੇ ਚਾਲੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਅਹਿੇ ਸਥਾਨਾਂ ਦੀ ਸ਼ਨਾਖਤ ਵੀ ਕਰ ਲਈ ਜਾਵੇ ਜਿਨ੍ਹਾਂ ਨੂੰ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਲੋਕਾਂ ਦੇ ਠਹਿਰਾਅ ਲਈ ਵਰਤਿਆ ਜਾ ਸਕੇ।
ਇਸ ਮੌਕੇ ਆਈ.ਏ.ਐਸ (ਅੰਡਰ ਟ੍ਰੇਨਿੰਗ) ਡਾ. ਪ੍ਰਗਤੀ ਰਾਣੀ, ਐਸ.ਡੀ.ਐਮ ਲੁਧਿਆਣਾ ਪੱਛਮੀ ਡਾ. ਪੂਨਮਪ੍ਰੀਤ ਕੌਰ, ਐਸ.ਡੀ.ਐਮ ਖੰਨਾ ਡਾ. ਬਲਜਿੰਦਰ ਸਿੰਘ ਢਿੱਲੋਂ ਅਤੇ ਸਹਾਇਕ ਕਮਿਸ਼ਨਰ ਪਾਇਲ ਗੋਇਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।