Babushahi Special: ਮੈਡਲ ਮਸ਼ੀਨ: ਖੜ੍ਹਕੇ ਦੇਖ ਜੁਆਨਾ ਬਾਬੇ ਮੈਡਲਾਂ ਦੇ ਥੱਬੇ ਭਰ ਭਰ ਲਿਆਉਂਦੇ ਨੇ
ਅਸ਼ੋਕ ਵਰਮਾ
ਸਿਰਸਾ/ ਬਠਿੰਡਾ, 24ਅਪ੍ਰੈਲ 2025: ਜਦੋਂ ਸਿਰੜ ਹੌਂਸਲੇ ਦੀ ਉਡਾਣ ਭਰਦਾ ਹੈ ਤਾਂ ਫਿਰ ਉਮਰ ਦੀ ਹੱਦ ਰਾਹ ਦਾ ਰੋੜਾ ਨਹੀਂ ਬਣਦੀ। ਡੇਰਾ ਸਿਰਸਾ ਪੈਰੋਕਾਰ ਇਲਮ ਚੰਦ ਇੰਸਾਂ ਇਸ ਗੱਲ ਦੀ ਜਿਉਂਦੀ ਜਾਗਦੀ ਮਿਸਾਲ ਹੈ ਜਿਸ ਨੇ ਉਮਰ ਦਾ 90 ਦਾ ਅੰਕੜਾ ਟੱਪਣ ਤੇ ਉਹ ਕਰ ਦਿਖਾਇਆ ਜਿਸ ਨੂੰ ਦੇਖਕੇ ਹਰ ਕੋਈ ਦੰਦਾਂ ਥੱਲੇ ਉਂਗਲੀਆਂ ਦਬਾਉਣ ਨੂੰ ਮਜਬੂਰ ਹੋ ਜਾਂਦਾ ਹੈ। ਇਲਮ ਚੰਦ ਹੁਣ ਤੱਕ ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਦੌਰਾਨ ਆਪਣੇ ਜੋਸ਼ ਅਤੇ ਹੁਨਰ ਦੇ ਜਲਵੇ ਨਾਲ 5 ਸੌ ਤੋਂ ਵੱਧ ਮੈਡਲ ਜਿੱਤ ਚੁੱਕਿਆ ਹੈ। ਉਮਰ ਦੇ 91ਵੇਂ ਸਾਲ ਵਿੱਚ ਵੀ ਉਹ ਆਖਦਾ ਹੈ ਕਿ ਸਫਰਾਂ ਤਾਂ ਅਜੇ ਸ਼ੁਰੂ ਹੋਇਆ ਹੈ ਅਸਲ ਵਿੱਚ ਮੰਜਿਲਾਂ ਫਤਿਹ ਕਰਨੀਆਂ ਬਾਕੀ ਰਹਿੰਦੀਆਂ ਹਨ। ਇਲਮ ਚੰਦ ਹੁਣ ਤੱਕ ਐਨੇ ਮੈਡਲ ਜਿੱਤ ਚੁੱਕਿਆ ਹੈ ਜਿਸ ਦੇ ਚਲਦਿਆਂ ਉਸ ਨੂੰ ਹੁਣ ਮੈਡਲ ਮਸ਼ੀਨ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ।

ਇਲਮ ਚੰਦ ਦੀ ਫਤਿਹ ਦਾ ਤਾਜ਼ਾ ਮਾਮਲਾ 11 ਅਪ੍ਰੈਲ ਤੋਂ 13 ਅਪ੍ਰੈਲ 2025 ਤੱਕ ਖੇਲੋ ਮਾਸਟਰਜ਼ ਫਾਊਂਡੇਸ਼ਨ ਵੱਲੋਂ ਕਾਮਨਵੈਲਥ ਖੇਡ੍ਹ ਗਾਉਂ ਸਟੇਡੀਅਮ ਦਿੱਲੀ ਵਿਖੇ ਕਰਵਾਏ ਚੌਥੇ ਖੇਲੋ ਮਾਸਟਰਜ਼ ਨਾਮੀ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਹਰਿਆਣਾ ਤਰਫੋਂ ਖੇਡਦਿਆਂ 85 ਸਾਲ ਤੋਂ ਜਿਆਦਾ ਉਮਰ ਵਰਗ ਦੀ 5 ਕਿੱਲੋਮੀਟਰ ਦੌੜ ਦੌਰਾਨ ਸੋਨੇ ਦਾ ਤਗਮਾ ਜਿੱਤਿਆ ਹੈ। ਇਸੇ ਤਰਾਂ ‘ਲੰਬੀ ਛਾਲ’ ( ਲੌਗ ਜੰਪ) ਅਤੇ ਤੀਹਰੀ ਛਾਲ ’ਚ ਚਾਂਦੀ ਦਾ ਤਗਮਾ ਜਿੱਤਕੇ ਆਪਣੀ ਸਮਰੱਥਾ ਦਾ ਲੋਹਾ ਮਨਵਾਇਆ ਹੈ। ਇਲਮ ਚੰਦ ਇੰਸਾਂ ਨੇ ਹਿੰਮਤ ਏ ਮਰਦਾਂ ਮੱਦਦੇ ਖੁਦਾ ਕਹਾਵਤ ਤੇ ਖਰਾ ਉੱਤਰ ਕੇ ਦਿਖਾ ਦਿੱਤਾ ਹੈ ਕਿ ਉਮਰ ਕੋਈ ਹੱਦ ਨਹੀਂ ਹੁੰਦੀ ਹੈ। ਦਰਅਸਲ ਅੱਜ ਦਾ ਇਲਮ ਚੰਦ ਇੰਸਾਂ ਇਸ ਤੋਂ ਪਹਿਲਾਂ ਆਮ ਇਨਸਾਨਾਂ ਵਰਗੀ ਜਿੰਦਗੀ ਜਿਉਣ ਵਾਲਾ ਸੀ ਅਤੇ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੀ ਤਹਿਸੀਲ ਬੜੌਤ ਦੇ ਪਿੰਡ ਅਨਛਾੜ ਦਾ ਰਹਿਣ ਵਾਲਾ ਹੈ ।
ਮੈਦਾਨ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਕਈ ਸਕੂਲਾਂ ਵਿੱਚ ਪ੍ਰਿੰਸੀਪਲ ਵਜੋਂ ਸੇਵਾਵਾਂ ਨਿਭਾਈਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਸ਼ੂਗਰ ਸਮੇਤ ਹੋਰ ਕਈ ਭਿਆਨਕ ਬੀਮਾਰੀਆਂ ਨੇ ਪੂਰੀ ਤਰ੍ਹਾਂ ਆਪਣੀ ਜਕੜ ਵਿੱਚ ਲੈ ਲਿਆ ਜੋ ਉਸ ਨੂੰ ਲੱਗਭਗ ਮੌਤ ਦੇ ਮੂੰਹ ਵਿੱਚ ਲੈ ਗਈਆਂ ਸਨ। ਇਲਮ ਚੰਦ ਦੱਸਦੇ ਹਨ ਕਿ ਉਸ ਵਕਤ ਉਹ ਡੇਰਾ ਸੱਚਾ ਸੌਦਾ ਆਇਆ ਅਤੇ ਸੰਤ ਡਾ: ਗੁਰਮੀਤ ਰਾਮ ਰਹੀਮ ਸਿੰਘ ਨੂੰ ਮਿਲਿਆ ਜਿਨ੍ਹਾਂ ਨੇ ਉਸ ਨੂੰ ਅਧਿਆਤਮਿਕ ਗਿਆਨ ਪ੍ਰਦਾਨ ਕਰਨ ਦੇ ਨਾਲ ਨਾਲ ਉਮਰ ਦਾ ਤਕਾਜ਼ਾ ਛੱਡ ਕੇ ਆਤਮਵਿਸ਼ਵਾਸ ਪੈਦਾ ਕਰਨ ਲਈ ਯੋਗ ਅਭਿਆਸ ਨਾਲ ਜੁੜਨ ਦਾ ਮਾਰਗ ਦਿਖਾਇਆ। ਉਨ੍ਹਾਂ ਦੱਸਿਆ ਕਿ ਉਹ ਬਿਨਾਂ ਰੁਕਿਆਂ ਇਸ ਰਸਤੇ ਤੇ ਚੱਲਕੇ ਸਫਲਤਾ ਹਾਸਲ ਕਰ ਰਿਹਾ ਹੈ। ਜ਼ਿੰਦਗੀ ਦੇ ਇਸ ਮੁਕਾਮ ਤੇ ਪੁੱਜੇ ਇਲਮ ਚੰਦ ਨੇ ਹਮਉਮਰਾਂ ਨੂੰ ਹੀ ਨਹੀਂ ਸਗੋਂ ਆਪਣੇ ਪੋਤਰਿਆਂ ਦੀ ਉਮਰ ਵਾਲਿਆਂ ਨੂੰ ਹਰਾਇਆ ਹੈ।
ਪੰਜ ਸੈਂਕੜਿਆਂ ਤੋਂ ਵੱਧ ਜਿੱਤੇ ਤਗਮੇ
ਗੱਭਰੂ ਅਥਲੀਟ ਇਲਮ ਚੰਦ ਪੋਲ ਵਾਲਟ, ,ਉੱਚੀ ਛਾਲ ਅਤੇ ਹਾਫ ਮੈਰਾਥਨ ਦਾ ਵਿਸ਼ਵ ਜੇਤੂ ਹੈ। ਉਹ ਹੁਣ ਤੱਕ 535 ਤੋਂ ਜਿਆਦਾ ਤਗਮੇ ਜਿੱਤ ਚੁੱਕਾ ਜੋ ਝੋਲੀ ਭਰਨ ਲਈ ਕਾਫੀ ਹਨ। ਇੰਨ੍ਹਾਂ ਤਗਮਿਆਂ ਵਿੱਚ 113 ਕੌਮਾਂਤਰੀ ਅਤੇ 244 ਕੌਮੀ ਪੱਧਰ ਤੋਂ ਇਲਾਵਾ ਜਿਲ੍ਹਾ ਅਤੇ ਪਿੰਡ ਪੱਧਰੀ ਤਗਮੇ ਸ਼ਾਮਲ ਹਨ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤਾਂ ਇਲਮ ਚੰਦ ਦੇ ਹੱਥ ਵਿੱਚ ਫੜ੍ਹੇ ਮੈਡਲਾਂ ਦੇ ਥੱਬੇ ਨੂੰ ਦੇਖਕੇ ਦੰਗ ਰਹਿ ਗਏ ਸਨ। ਇਲਮ ਚੰਦ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੇ ਲਾਈਫ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਤਾਂ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਵੈਕਈਆ ਨਾਇਡੂ ਸਮੇਤ ਹੋਰ ਸ਼ਖਸ਼ੀਅਤਾਂ ਸਨਮਾਨ ਕਰ ਚੁੱਕੀਆਂ ਹਨ । ਪਿਛਲੇ ਦਿਨੀਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੀ ਸਨਮਾਨਿਤ ਕੀਤਾ ਹੈ।
ਮਹੱਤਵਪੂਰਨ ਪ੍ਰਾਪਤੀਆਂ ਦੀ ਝੜੀ
ਕੌਮਾਂਤਰੀ ਯੋਗਾ ਖਿਡਾਰੀ ਅਤੇ ਵੈਟਰਨ ਐਥਲੀਟ ਇਲਮ ਚੰਦ ਨੇ ਤਾਊ ਦੇਵੀਲਾਲ ਸਟੇਡੀਅਮ ਵਿੱਚ 25 ਤੋਂ 28 ਮਈ 2023 ਤੱਕ ਕਰਵਾਈ ਪੇਂਡੂ ਭਾਰਤ ਖੇਡ ਵਿਕਾਸ ਪ੍ਰੋਗਰਾਮ ਦੇ ਤਹਿਤ ਓਪਨ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ ਵਿੱਚ 10 ਹਜ਼ਾਰ ਖਿਡਾਰੀਆਂ ਨੇ ਭਾਗ ਲਿਆ ਸੀ । ਇਸ ਮੌਕੇ ਇਲਮ ਚੰਦ ਨੇ 85 ਸਾਲ ਤੋਂ ਵੱਧ ਉਮਰ ਵਰਗ ਵਿੱਚ ਪੋਲ ਵਾਲਟ, ਲੰਬੀ ਛਾਲ ਅਤੇ ਉੱਚੀ ਛਾਲ ਵਿੱਚ 4 ਸੋਨ ਤਗਮੇ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਯੋਗਾ ਮੁਕਾਬਲਿਆਂ ਵਿੱਚ ਵੀ ਉਸ ਨੇ ਸੋਨੇ ਦਾ ਤਗਮਾ ਜਿੱਤਿਆ ਸੀ। ਹੁਣ ਤਾਂ ਸਥਿਤੀ ਇਹ ਹੈ ਕਿ ਉਹ ਹਰ ਖੇਡ ਮੁਕਾਬਲੇ ਚੋਂ ਮੈਡਲ ਜਿੱਤ ਕੇ ਹੀ ਪਰਤਦਾ ਹੈ। ਇਲਮ ਚੰਦ ਹੁਣ ਡੇਰਾ ਸਿਰਸਾ ਦੇ ਸ਼ਾਹ ਸਤਿਨਾਮ ਜੀ ਨਗਰ ਵਿਖੇ ਸਾਦਗੀ ਵਾਲੀ ਜਿੰਦਗੀ ਬਤੀਤ ਕਰ ਰਿਹਾ ਹੈ।
ਡੇਰਾ ਮੁੁਖੀ ਨੂੰ ਸਫ਼ਲਤਾ ਦਾ ਸਿਹਰਾ
ਇਲਮ ਚੰਦ ਇਨਸਾਨ ਨੇ ਆਪਣੀ ਸਫਲਤਾ ਦਾ ਸਿਹਰਾ ਡੇਰਾ ਸਿਰਸਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੂੰ ਦਿੱਤਾ ਹੈ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਉਹ ਇਸ ਮੁਕਾਮ ਤੇ ਪੁੱਜਣ ਵਿੱਚ ਸਫਲ ਹੋਇਆ ਹੈ । ਉਨ੍ਹਾਂ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਐਨੀ ਸਫਲਤਾ ਹਾਸਲ ਹੋਏਗੀ। ਇਲਮ ਚੰਦ ਨੇ ਕਿਹਾ ਕਿ ਜੇਕਰ ਹੌਂਸਲਾ ਬੁਲੰਦ ਹੋਵੇ ਤਾਂ ਉਮਰ ਰਾਹ ਦਾ ਰੋੜਾ ਨਹੀਂ ਬਣ ਸਕਦੀ ਹੈ। ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ ਹੈ।