25 ਵਰਿਆਂ ਦੀ ਉਮਰ ਵਿੱਚ ਬੀਬੀ ਸੁੰਦਰੀ ਨੇ ਇਸ ਜਗ੍ਹਾ ਤੇ ਲੜਦੇ ਪਾਈ ਸ਼ਹਾਦਤ
ਜਸਪਤ ਰਾਏ ਨੂੰ ਮਾਰ ਮੁਕਾਉਣ ਵਾਲੇ ਸਿੰਘਾ ਸਮੇਤ 11 ਹਜਾਰ ਸਿੰਘਾ ਸਿੰਘਣੀਆਂ ਦੀ ਸ਼ਹਾਦਤ ਵੀ ਜੁੜੀ ਹੈ ਇਸ ਪਵਿੱਤਰ ਗੁਰਦੁਆਰਾ ਸਾਹਿਬ ਦੇ ਨਾਲ
ਰੋਹਿਤ ਗੁਪਤਾ
ਗੁਰਦਾਸਪੁਰ , 24 ਦਸੰਬਰ 2024 : ਸਿੱਖ ਇਤਿਹਾਸ ਬਹਾਦਰੀ ਅਤੇ ਸ਼ਹਾਦਤਾਂ ਦੇ ਕਿੱਸਿਆਂ ਨਾਲ ਭਰਿਆ ਪਿਆ ਹੈ। ਜਿੱਥੇ ਨਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਹੱਸਦੇ ਹੱਸਦੇ ਆਪਣਾ ਬਲਿਦਾਨ ਦਿੱਤਾ ਉੱਥੇ ਹੀ ਚਾਰੋਂ ਮਾਸੂਮ ਸਾਹਿਬਜ਼ਾਦਿਆਂ ਨੇ ਮੁਗਲ ਫੌਜਾਂ ਨਾਲ ਬਹਾਦਰੀ ਨਾਲ ਲੜਦੇ ਲੜਦੇ ਸ਼ਹਾਦਤਾਂ ਪਾਈਆਂ। ਸ਼ਹਾਦਤਾਂ ਪਾਉਣ ਵਾਲੇ ਸਿੰਘਾ ਸਿੰਘਣੀਆਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ ਪਰ ਬੀਬੀ ਸੁੰਦਰ ਕੌਰ ਇੱਕ ਅਜਿਹੀ ਸ਼ੇਰਨੀ ਦਾ ਨਾਮ ਹੈ ਜੋ ਸਿਰਫ 25 ਸਾਲ ਦੀ ਉਮਰ ਵਿੱਚ ਸ਼ਹੀਦ ਹੋਏ ਸਨ।
ਖੱਤਰੀ ਸਾਹੂਕਾਰ ਪਰਿਵਾਰ ਵਿੱਚ ਜਨਮ ਲੈਣ ਵਾਲੀ ਬੀਬੀ ਸੁੰਦਰੀ ਆਪਣੇ ਭਰਾ ਬਲਵੰਤ ਰਾਏ ਜੋ ਸਿੰਘ ਸੱਜ ਕੇ ਬਲਵੰਤ ਸਿੰਘ ਬਣ ਗਏ ਸੀ ਦੇ ਨਾਲ ਹੋਰ ਸਿੰਘਾਂ ਦੀ ਸੇਵਾ ਕਰਨ ਲਈ 19 ਸਾਲ ਦੀ ਉਮਰ ਵਿੱਚ ਹੀ ਮਹਿਲਾਂ ਦੀ ਜ਼ਿੰਦਗੀ ਛੱਡ ਕੇ ਵੀਰਾਨੇ ਜੰਗਲ ਵਿੱਚ ਆ ਗਏ ਅਤੇ ਮੁਗਲਾਂ ਦਾ ਸਾਥ ਦੇਣ ਵਾਲੇ ਜਸਪਤ ਰਾਏ ਦਾ ਸਿਰ ਕਲਮ ਕਰਨ ਵਾਲੇ ਸਿੰਘ ਸੂਰਮਿਆ ਅਤੇ ਆਪਣੇ ਭਰਾ ਲਈ ਲੰਗਰ ਪਾਣੀ ਦੀ ਸੇਵਾ ਨਿਭਾਉਂਦੇ ਰਹੇ। ਬਾਅਦ ਵਿੱਚ ਆਪਣੇ ਭਰਾ ਜਸਪਤ ਰਾਏ ਦਾ ਸੋਧਾ ਲਾਉਣ ਵਾਲੇ ਸਿੰਘਾਂ ਨੂੰ ਲੱਭਦੇ ਲੱਭਦੇ ਲਖਪਤ ਰਾਏ ਇੱਥੇ ਪਹੁੰਚ ਗਿਆ ਅਤੇ 30 ਹਜਾਰੀ ਮੁਗਲ ਫੌਜ ਨਾਲ ਜੰਗਲ ਨੂੰ ਅੱਗ ਲਾ ਕੇ ਚਾਰੋਂ ਪਾਸਿਓਂ ਸਿੰਘਾਂ ਨੂੰ ਘੇਰਾ ਪਾ ਲਿਆ ਤਾਂ ਮਾਤਾ ਸੁੰਦਰ ਕੌਰ 25 ਸਾਲ ਦੀ ਉਮਰ ਵਿੱਚ ਲੜਦੇ ਲੜਦੇ ਸ਼ਹਾਦਤ ਪਾ ਗਏ। ਇਤਿਹਾਸ ਕਹਿੰਦਾ ਹੈ ਕਿ 11 ਹਜਾਰ ਸਿੰਘਣੀਆਂ ਵਿੱਚੋਂ ਕੁਝ ਹੀ ਇਥੋਂ ਬਚ ਕੇ ਰਾਜਸਥਾਨ ਵੱਲ ਨਿਕਲ ਪਾਏ ਅਤੇ ਬਾਕੀਆਂ ਦੀ ਇੱਥੇ ਸ਼ਹਾਦਤ ਹੋ ਗਈ ਸੀ। ਬੀਬੀ ਸੁੰਦਰੀ ਦੀ ਸ਼ਹਾਦਤ ਇਸ ਤੱਥ ਦੀ ਵੀ ਮਿਸਾਲ ਹੈ ਕਿ ਸਿੰਘਾਂ ਦੀ ਲੜਾਈ ਮੁਗਲਾਂ ਦੀ ਜਾਲਮ ਮਾਨਸਿਕਤਾ ਖਿਲਾਫ ਸੀ ਮੁਗਲਾਂ ਖਿਲਾਫ ਨਹੀਂ। ਕਿਉਂਕਿ ਬੀਬੀ ਸੁੰਦਰ ਕੌਰ ਦੀ ਸ਼ਹਾਦਤ ਦਾ ਕਾਰਨ ਜੰਗਲ ਵਿੱਚ ਪਿਆ ਇਕ ਅਜਿਹਾ ਜਖਮੀ ਮੁਗਲ ਬਣਿਆ ਜਿਸ ਨੂੰ ਪਾਣੀ ਪਿਲਾਉਣ ਲਈ ਬੀਬੀ ਸੁੰਦਰ ਕੌਰ ਘੋੜੇ ਤੋਂ ਉਤਰੀ ਸੀ ਅਤੇ ਜਦੋਂ ਉਸ ਮੁਗਲ ਨੂੰ ਪਤਾ ਲੱਗਿਆ ਕਿ ਇਹ ਬੀਬੀ ਸੁੰਦਰੀ ਇੱਕ ਹਿੰਦੂ ਹੈ ਤਾਂ ਉਸ ਜਖਮੀ ਮੁਗਲ ਨੇ ਉਨਾਂ ਤੇ ਤਲਵਾਰ ਨਾਲ ਵਾਰ ਕਰ ਦਿੱਤਾ।