ਹੋਲੀ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਉੱਪਰ ਪੁਲਿਸ ਨੇ ਵਿਖਾਈ ਸਖ਼ਤੀ
ਐਸ ਐਸ ਪੀ ਵੱਲੋਂ ਖੁਦ ਨਾਕਾਬੰਦੀ ਕਰਕੇ ਜਾਂਚੇ ਸੁਰੱਖਿਆ ਪ੍ਰਬੰਧ
ਦੀਪਕ ਜੈਨ
ਜਗਰਾਉਂ , 14 ਮਾਰਚ 2025 :
ਹੋਲੀ ਮੌਕੇ ਪੁਲਸ ਜਿਲਾ ਲੁਧਿਆਣਾ ਦਿਹਾਤੀ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਅਫਸਰ ਸਾਹਿਬਾਨ ਵੱਲੋਂ ਸ਼ਹਿਰ ਦੇ ਮੁੱਖ ਚੌਂਕਾਂ ਵਿੱਚ ਨਾਕਾਬੰਦੀ ਕਰਕੇ ਦੋ ਪਹੀਆ ਵਾਹਨਾ ਉੱਪਰ ਰੰਗ ਨਾਲ ਲਿਬੜੇ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਿੱਤੀ ਗਈ ਅਤੇ ਕਈ ਦੋ ਪਹੀਆ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਇਸ ਮੌਕੇ ਲੁਧਿਆਣਾ ਦਿਹਾਤੀ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਵੱਲੋਂ ਝਾਂਸੀ ਰਾਣੀ ਚੌਂਕ ਵਿੱਚ ਆਪ ਖੜੇ ਹੋ ਕੇ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕੀਤੀ। ਜਗਰਾਉਂ ਸਬ ਡਿਵੀਜ਼ਨ ਦੇ ਡੀਐਸਪੀ ਜਸਜਿਓਤ ਸਿੰਘ ਵੱਲੋਂ ਵੀ ਥਾਣਾ ਸਿਟੀ ਮੁਖੀ ਇੰਸਪੈਕਟਰ ਵਰਿੰਦਰ ਪਾਲ ਸਿੰਘ ਦੇ ਨਾਲ ਬਾਈਕ ਉੱਪਰ ਬੈਠ ਕੇ ਇਲਾਕੇ ਦੀ ਗਸ਼ਤ ਕੀਤੀ ਗਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿੱਤਾ ਗਿਆ। ਹੁੱਲੜਬਾਜਾਂ ਤੋਂ ਇਲਾਵਾ ਪੁਲਿਸ ਵੱਲੋਂ ਮੋਡੀਫਾਈ ਕੀਤੇ ਬੁਲਟ ਮੋਟਰਸਾਈਕਲ ਜਿਸ ਨਾਲ ਨੌਜਵਾਨ ਪਟਾਕੇ ਬਜਾ ਕੇ ਮਾਹੌਲ ਖਰਾਬ ਕਰਦੇ ਹਨ ਕਈ ਬੁਲਟ ਮੋਟਰ ਸਾਈਕਲਾਂ ਦੀ ਜਾਂਚ ਪੜਤਾਲ ਕੀਤੀ ਗਈ ਅਤੇ ਕਈਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਕਿ ਉਹ ਆਪਣੇ ਆਪਣੇ ਬਾਈਕ ਕੰਪਨੀ ਹਾਲਤ ਵਿੱਚ ਸਹੀ ਕਰਾ ਲੈਣ। ਜੇਕਰ ਕਿਸੇ ਵੱਲੋਂ ਮੋਟਰਸਾਈਕਲ ਉੱਪਰ ਸਲੈਂਸਰ ਬਦਲ ਕੇ ਲਗਵਾਇਆ ਗਿਆ ਤਾਂ ਉਸ ਦਾ ਬਾਈਕ ਜਬਤ ਕਰ ਲਿਤਾ ਜਾਵੇਗਾ.
ਪੁਲਿਸ ਵੱਲੋਂ ਭਾਵੇਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਹੀ ਗਸ਼ਤ ਕੀਤੀ ਗਈ ਸੀ ਪਰ ਹੁੱਲੜਬਾਜਾਂ ਵੱਲੋਂ ਵੀ ਸ਼ਹਿਰ ਦੇ ਅੰਦਰੂਨੀ ਇਲਾਕੇ ਨਲਕਿਆਂ ਵਾਲਾ ਚੌਂਕ,ਆਤੂ ਵਾਲਾ ਚੌਂਕ, ਚਰਖੜੀਆਂ ਵਾਲਾ ਚੌਂਕ ਅਤੇ ਤੰਗ ਬਾਜ਼ਾਰਾਂ ਅੰਦਰ ਆਪਣੇ ਆਪਣੇ ਦੋ ਪਹੀਆ ਵਾਹਾਨਾਂ ਉੱਪਰ ਤਿੰਨ ਤਿੰਨ ਚਾਰ ਚਾਰ ਦੀ ਗਿਣਤੀ ਵਿੱਚ ਸਵਾਰ ਹੋ ਕੇ ਹੋਲੀ ਦੇ ਮੌਕੇ ਖੁੱਲ ਕੇ ਹੁੱਲੜਬਾਜ਼ੀ ਵੀ ਕੀਤੀ ਗਈ। ਇਸ ਤੋਂ ਇਲਾਵਾ ਢੋਲ ਢਮੱਕਾ ਅਤੇ ਉੱਚੀ ਆਵਾਜ਼ ਵਿੱਚ ਸਪੀਕਰ ਲਾ ਕੇ ਵੀ ਮਾਹੌਲ ਨੂੰ ਗੰਧਲਾ ਕੀਤਾ ਗਿਆ। ਸ਼ਹਿਰ ਦੇ ਕਈ ਮੰਦਰਾਂ ਅੰਦਰ ਵੀ ਹੋਲੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਪਰਚੀਨ ਹਨੁਮਾਨ ਮੰਦਰ, ਘਾਹ ਮੰਡੀ ਅਤੇ ਸੁਥਰੇ ਸ਼ਾਹ ਮੰਦਰ ਵਿਖੇ ਫੁੱਲਾਂ ਦੀ ਹੋਲੀ ਮਨਾਈ ਗਈ ਅਤੇ ਭਗਵਾਨ ਕ੍ਰਿਸ਼ਨ ਦੇ ਭਜਨ ਗਾ ਕੇ ਸ਼ਰਧਾਲੂਆਂ ਨੇ ਅਨੰਦ ਮਾਣਿਆ।