ਹਾਲੇ ਵੀ ਮੁੱਖ ਮਾਰਗ ਤੇ ਹਾਦਸਿਆਂ ਦਾ ਕਾਰਣ ਬਣ ਰਹੇ ਨੇ ਗਊਆ ਦੇ ਵੱਗ
- ਗਊ ਸੈੱਸ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੀ ਸੰਭਾਲ ਨਹੀ
ਸੁਖਮਿੰਦਰ ਭੰਗੂ
ਲੁਧਿਆਣਾ 15 ਮਾਰਚ 2025 - ਲਾਵਾਰਿਸ ਗਊਆਂ ਦੇ ਵੱਗ ਹੁਣ ਅੱਜ ਕੱਲ ਮੁੱਖ ਮਾਰਗ ਉੱਪਰ ਆਮ ਦੇਖਣ ਨੂੰ ਮਿਲਦੇ ਹਨ। ਇਨਾ ਨੂੰ ਹਰ ਵੇਲੇ ਮੁਖ ਸੜਕਾਂ ਤੇ ਆਵਾਜਾਈ ਵਿੱਚ ਵਿਘਨ ਪਾਉਣ ਤੇ ਹਾਦਸਿਆਂ ਕਾਰਣ ਬਣਦੇ ਵੇਖਿਆ ਜਾ ਸਕਦਾ ਹੈ । ਪੰਜਾਬ ਸਰਕਾਰ ਵੱਲੋ ਅਵਾਰਾ ਪਸ਼ੂਆ ਤੋ ਛੁੱਟਕਾਰਾ ਦਿਵਾਉਣ ਲਈ ਗਊ ਸੈੱਸ ਤਾਂ ਲਗਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਵੀ ਅਵਾਰਾ ਪਸ਼ੂਆਂ ਦੇ ਡੇਰੇ ਸ਼ਹਿਰ ਵਿੱਚ ਤੇ ਮੁੱਖ ਸੜਕ ਤੇ ਅਜੇ ਵੀ ਵੇਖਣ ਨੂੰ ਮਿਲਣਗੇ। ਸੂਬਾ ਸਰਕਾਰ ਵੱਲੋ ਹਰ ਜਿਲੇ ਵਿੱਚ ਗਊਸ਼ਾਲਾ ਬਣਾਈਆ ਗਈਆ ਹਨ । ਇਸ ਤੋ ਇਲਾਵਾ ਦਾਨੀ ਸੱਜਣਾ ਤੇ ਹੋਰ ਸਮਾਜ ਸੇਵੀ ਸੰਗਠਨਾ ਦੇ ਸਹਿਯੋਗ ਸਦਕਾ ਹਰ ਇੱਕ ਸ਼ਹਿਰ ਵਿੱਚ ਗਊਸ਼ਾਲਾ ਖੋਲੀਆ ਹੋਈਆ ਹਨ ।ਪਰ ਇਸ ਸਭ ਕੁੱਝ ਦੇ ਬਾਵਜੂਦ ਬੇ- ਲਗਾਮ ਪਸ਼ੂਆਂ ਦੀ ਗਿਣਤੀ ਜਿਉ ਦੀ ਤਿਉ ਹੀ ਹੈ ।
ਸੜਕਾਂ ਤੇ ਘੁੰਮਦੀਆਂ ਇਹ ਅਵਾਰਾ ਗਾਵਾਂ ਨਾਲ ਜਿੱਥੇ ਰੋਜਾਨਾ ਸੜਕ ਹਾਦਸੇ ਵਾਪਰਦੇ ਹਨ ਤੇ ਕੀਮਤੀ ਜਾਨਾਂ ਜਾਂਦੀਆਂ ਹਨ ਉੱਥੇ ਹੀ ਇਹ ਪਸ਼ੂ ਕਿਸਾਨਾ ਦੀਆਂ ਫਸਲਾਂ ਵੀ ਉਜਾੜਨ ਵਿੱਚ ਪਿੱਛੇ ਨਹੀ ਰਹਿੰਦੇ। ਇਸ ਕਰਕੇ ਕਿਸਾਨਾ ਨੂੰ ਰਾਤ ਸਮੇ ਫਸਲਾਂ ਦੀ ਰਾਖੀ ਰੱਖਣੀ ਪੈਂਦੀ ਹੈ । ਕਈ ਵਾਰ ਰਾਤ ਸਮੇ ਕਈ ਗਊਆਂ ਹਨੇਰੇ ਕਰਕੇ ਦਿਖਾਈ ਨਹੀ ਦਿੰਦੀਆਂ ਅਤੇ ਅਚਾਨਕ ਆਵਾਜਾਈ ਦੇ ਅੱਗੇ ਆ ਕੇ ਹਾਦਸਿਆਂ ਦਾ ਕਾਰਨ ਬਣਦੀਆਂ ਹਨ। ਇਹ ਅਵਾਰਾ ਪਸ਼ੂਆਂ ਦੇ ਵੱਗ ਜੀ ਟੀ ਰੋਡ ਫਿਰੋਜ਼ਪੁਰ ਉੱਪਰ ਮੈਰਿਜ ਪੈਲੇਸਾਂ ਦੇ ਆਲ਼ੇ ਦੁਆਲੇ ਦੇਖਣ ਨੂੰ ਮਿਲ ਜਾਂਦਾ ਹੈ। ਜੀ ਰੋਡ ਉੱਪਰ ਟ੍ਰੈਫਿਕ ਵੀ ਜਿਆਦਾ ਹੁੰਦੀ ਹੈ। ਜਿਲ੍ਹਾ ਪ੍ਰਸ਼ਾਸ਼ਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਅੱਗੇ ਆਉਣ ਨਾਲ ਇਹ ਹਾਦਸੇ ਰੋਕੇ ਜਾ ਸਕਦੇ ਹਨ ।