ਹਰਸਿਮਰਤ ਕੌਰ ਬਾਦਲ ਵੱਲੋਂ ਪਹਿਲਗਾਮ ਅੱਤਵਾਦੀ ਹਮਲੇ ਖਿਲਾਫ ਕੈਂਡਲ ਮਾਰਚ ਵਿਚ ਕੀਤੀ ਸ਼ਮੂਲੀਅਤ
ਅਸ਼ੋਕ ਵਰਮਾ
ਬਠਿੰਡਾ, 24 ਅਪ੍ਰੈਲ 2025: ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪਾਕਿਸਤਾਨ ਦੀ ਆਈ ਐਸ ਆਈ ਵੱਲੋਂ ਪਹਿਲਗਾਮ ਵਿਚ ਕਰਵਾਏ ਅਤਿਵਾਦੀ ਹਮਲੇ ਦੇ ਖਿਲਾਫ ਰੋਸ ਮਾਰਚ ਵਿਚ ਸ਼ਮੂਲੀਅਤ ਕੀਤੀ ਅਤੇ ਮੰਗ ਕੀਤੀ ਕਿ ਭਾਰਤ ਵਿਚ ਅਤਿਵਾਦ ਨੂੰ ਉਤਸ਼ਾਹਿਤ ਕਰਨ ਖਿਲਾਫ ਪਾਕਿਸਤਾਨ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ।ਮੈਂਬਰ ਪਾਰਲੀਮੈਂਟ, ਜਿਹਨਾਂ ਨੇ ਮੌਕੇ ’ਤੇ ਲੋਕਾਂ ਨਾਲ ਗੱਲਬਾਤ ਕੀਤੀ, ਨੇ ਅਤਿਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹਨਾਂ ਮੌਤਾਂ ਦਾ ਬਦਲਾ ਲਿਆ ਜਾਵੇਗਾ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਇਸ ਮਾਮਲੇ ਵਿਚ ਖੁਫੀਆ ਅਸਫਲਤਾ ਦੇ ਨਾਲ-ਨਾਲ ਪ੍ਰਮੁੱਖ ਸੈਲਾਨੀ ਅਸਥਾਨਾਂ ਜਿਥੇ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਜਾਂਦੇ ਹਨ, ’ਤੇ ਪੁਲਿਸ ਜਾਂ ਫੌਜ ਤਾਇਨਾਤ ਨਾ ਹੋਣ ਦੇ ਮਾਮਲੇ ਦੀ ਜਾਂਚ ਵੀ ਮੰਗੀ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਸ ਹਮਲੇ ਮਗਰੋਂ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਹੈ ਪਰ ਨਾਲ ਹੀ ਗੁਜਰਾਤ ਅਤੇ ਮਹਾਰਾਸ਼ਟਰ ਵਰਗੇ ਬੰਦਰਗਾਹਾਂ ਤੋਂ ਵੀ ਵਪਾਰ ਬੰਦ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਗੁਜਰਾਤ ਬੰਦਰਗਾਹ ’ਤੇ ਨਸ਼ੇ ਦੀ ਵੱਡੀ ਖੇਪ ਬਰਾਮਦ ਹੋਈ ਸੀ ਜਿਸ ਤੋਂ ਸਪਸ਼ਟ ਹੈ ਕਿ ਨਸ਼ਿਆਂ ਦਾ ਇਹ ਪੈਸਾ ਭਾਰਤ ਵਿਚ ਨਾਰਕੋ ਅਤਿਵਾਦ ਫੈਲਾਉਣ ਵਾਸਤੇ ਵਰਤਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਾਕਿਸਤਾਨ ਨਾਲ ਵਪਾਰ ਦੇ ਇਹ ਰਸਤੇ ਤੁਰੰਤ ਬੰਦ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਨਸ਼ਿਆਂ ਦੇ ਤਸਕਰਾਂ ਵਾਸਤੇ ਰਾਹ ਬੰਦ ਹੋਣ।ਮੈਂਬਰ ਪਾਰਲੀਮੈਂਟ ਨੇ ਸੈਲਾਨੀਆਂ ਦੀ ਜਾਨ ਬਚਾਉਣ ਵਾਸਤੇ ਆਪਣੀ ਜਾਨ ਵਾਰਨ ਵਾਲੇ ਘੁੜਸਵਾਰ ਆਦਿਲ ਹਸਨ ਦੀ ਵੀ ਸ਼ਲਾਘਾ ਕੀਤੀ ਜਿਸਨੇ ਆਪਣੀ ਜਾਨ ਵਾਰ ਕੇ ਅਦੁੱਤੀ ਮਿਸਾਲ ਪੇਸ਼ ਕੀਤੀ।